ਯੂਨੀਵਰਸਿਟੀ ਦੇ ਇੰਜੀਨੀਅਰਿੰਗ ਕਾਲਜ ਦੇ ਭਵਿੱਖ ''ਤੇ ਲਟਕੀ ਤਲਵਾਰ

Wednesday, Dec 20, 2017 - 12:27 PM (IST)

ਯੂਨੀਵਰਸਿਟੀ ਦੇ ਇੰਜੀਨੀਅਰਿੰਗ ਕਾਲਜ ਦੇ ਭਵਿੱਖ ''ਤੇ ਲਟਕੀ ਤਲਵਾਰ


ਪਟਿਆਲਾ (ਪ੍ਰਤਿਭਾ) - ਪੰਜਾਬੀ ਯੂਨੀਵਰਸਿਟੀ ਦੇ ਬੇਹੱਦ ਅਹਿਮ ਮੁੱਦਿਆਂ ਨੂੰ ਲੈ ਕੇ ਵਿੱਤ ਕਮੇਟੀ ਦੀ ਮੀਟਿੰਗ ਭਲਕੇ 20 ਦਸੰਬਰ ਨੂੰ ਹੋਣ ਜਾ ਰਹੀ ਹੈ। 400 ਤੋਂ ਵੱਧ ਵੱਖ-ਵੱਖ ਮਾਮਲਿਆਂ 'ਤੇ ਇਸ ਕਮੇਟੀ ਨੇ ਵਿਚਾਰ-ਚਰਚਾ ਕਰਨੀ ਹੈ। ਇਸ ਨੂੰ ਲੈ ਕੇ ਇਕ ਪਹਿਲੀ ਮੀਟਿੰਗ ਅੱਜ ਸਬੰਧਤ ਅਫਸਰਾਂ, ਸਟਾਫ ਤੇ ਵਾਈਸ ਚਾਂਸਲਰ ਵਿਚਕਾਰ ਦੇਰ ਸ਼ਾਮ ਤੱਕ ਚੱਲੀ। ਇਨ੍ਹਾਂ ਸਾਰੇ ਮਾਮਲਿਆਂ ਵਿਚ ਸਭ ਤੋਂ ਵੱਡਾ ਫੈਸਲਾ ਪੰਜਾਬੀ ਯੂਨੀਵਰਸਿਟੀ ਇੰਜੀਨੀਅਰਿੰਗ ਕਾਲਜ ਦਾ ਹੋਵੇਗਾ। ਪਿਛਲੇ ਕੁੱਝ ਸਾਲਾਂ ਤੋਂ ਆਮਦਨ ਘੱਟ ਅਤੇ ਖਰਚੇ ਜ਼ਿਆਦਾ ਹੋਣ ਕਾਰਨ ਇਸ ਕਾਲਜ ਦੇ ਵਿਸ਼ੇ 'ਤੇ ਤਲਵਾਰ ਲਟਕ ਰਹੀ ਹੈ। ਸੂਤਰਾਂ ਅਨੁਸਾਰ ਕਾਲਜ ਵਿਚ ਵਿਦਿਆਰਥੀਆਂ ਦੀ ਕਮੀ ਤੇ ਵਧਦੇ ਖਰਚਿਆਂ ਕਾਰਨ ਪਹਿਲਾਂ ਯੂਨੀਵਰਸਿਟੀ ਮੈਨੇਜਮੈਂਟ ਇਸ ਨੂੰ ਬੰਦ ਕਰਨਾ ਚਾਹੁੰਦੀ ਸੀ। ਵੱਡਾ ਮੁੱਦਾ ਬਣਨ ਕਾਰਨ ਬੰਦ ਕਰਨ ਦੇ ਫੈਸਲੇ ਨੂੰ ਛੱਡ ਕੇ ਜਿਹੜੇ ਕੋਰਸਾਂ ਵਿਚ ਘੱਟ ਵਿਦਿਆਰਥੀ ਹਨ, ਉਨ੍ਹਾਂ ਨੂੰ ਬੰਦ ਕਰਨ ਜਾਂ ਕੁੱਝ ਕੋਰਸਾਂ ਨੂੰ ਇੱਥੋਂ ਸ਼ਿਫਟ ਕਰਨ 'ਤੇ ਮੋਹਰ ਲੱਗ ਸਕਦੀ ਹੈ ਕਿਉਂਕਿ 23 ਦਸੰਬਰ ਨੂੰ ਸਿੰਡੀਕੇਟ ਦੀ ਮੀਟਿੰਗ ਹੈ। ਇਹ ਮੀਟਿੰਗ ਇੰਜੀਨੀਅਰਿੰਗ ਕਾਲਜ ਦਾ ਭਵਿੱਖ ਤੈਅ ਕਰੇਗੀ। ਇੰਜੀਨੀਅਰਿੰਗ ਵਿਚ ਵਿਦਿਆਰਥੀਆਂ ਦਾ ਰੁਝਾਨ ਘੱਟ ਹੋਣ ਦਾ ਸਭ ਤੋਂ ਵੱਡਾ ਨੁਕਸਾਨ ਇਸ ਕਾਲਜ ਨੂੰ ਹੀ ਹੋਇਆ ਹੈ। ਪਿਛਲੇ 4 ਸਾਲਾਂ ਵਿਚ ਕਾਲਜ ਵਿਚ ਵਿਦਿਆਰਥੀਆਂ ਦੀ ਐਡਮਿਸ਼ਨ ਘੱਟ ਹੋ ਗਈ ਹੈ। ਹੁਣ ਕੱਲ ਦੀ ਮੀਟਿੰਗ ਵਿਚ ਦੇਖਿਆ ਜਾਵੇਗਾ ਕਿ ਇੰਜੀਨੀਅਰਿੰਗ ਕਾਲਜ ਰਹੇਗਾ ਜਾਂ ਨਹੀਂ?

ਕਈ ਵਿਭਾਗਾਂ ਤੋਂ ਯੂਨੀਵਰਸਿਟੀ  ਨੂੰ ਰਿਹੈ ਆਰਥਿਕ ਘਾਟਾ
ਜ਼ਿਕਰਯੋਗ ਹੈ ਕਿ ਵਾਈਸ ਚਾਂਸਲਰ ਨੂੰ ਯੂਨੀਵਰਸਿਟੀ ਵਿਚ ਆਇਆਂ 4 ਮਹੀਨੇ ਹੋ ਚੁੱਕੇ ਹਨ। ਉਨ੍ਹਾਂ ਨੇ ਅਲੱਗ-ਅਲੱਗ ਪਹਿਲੂਆਂ 'ਤੇ ਕਾਫੀ ਰਿਸਰਚ ਕੀਤੀ। ਇਸੇ ਤਹਿਤ ਇੰਜੀਨੀਅਰਿੰਗ ਕਾਲਜ ਇਕ ਹੈ। ਕਾਫੀ ਚਰਚਾ ਤੇ ਵਿਚਾਰ ਤੋਂ ਬਾਅਦ ਅਥਾਰਟੀ ਇਸ ਫੈਸਲੇ 'ਤੇ ਪਹੁੰਚੀ ਹੈ ਕਿ ਜੇਕਰ ਕਾਲਜ ਦਾ ਇਹੀ ਹਾਲ ਰਿਹਾ ਤਾਂ ਇਸ ਨੂੰ ਬੰਦ ਵੀ ਕੀਤਾ ਜਾ ਸਕਦਾ ਹੈ। ਇਸ ਮਾਮਲੇ ਵਿਚ ਆਖਰੀ ਫੈਸਲਾ ਸਿੰਡੀਕੇਟ ਮੀਟਿੰਗ ਦੀ ਵਿਚ ਹੀ ਹੋਵੇਗਾ।


Related News