ਫ਼ਿਰੋਜ਼ਪੁਰ ’ਚ ਬੱਚਿਆਂ ਨੇ ਮੁੱਖ ਮੰਤਰੀ ਨੂੰ ਲਿਖੀ ਖ਼ੂਨ ਨਾਲ ਚਿੱਠੀ, ਜਾਣੋ ਕੀ ਹੈ ਪੂਰਾ ਮਾਮਲਾ
Thursday, May 20, 2021 - 06:09 PM (IST)
ਫਿਰੋਜ਼ਪੁਰ (ਕੁਮਾਰ): ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਕਰਮਚਾਰੀਆਂ ਦੇ ਬੱਚਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਖੂਨ ਨਾਲ ਇੱਕ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਦੇ ਮਾਤਾ ਪਿਤਾ ਨੂੰ ਪਿਛਲੇ 7 ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ, ਜਿਸ ਕਾਰਨ ਉਹ ਉਦਾਸ ਰਹਿੰਦੇ ਹਨ ਅਤੇ ਨਾ ਤਾਂ ਘਰ ਦਾ ਰਾਸ਼ਨ ਖ਼ਰੀਦ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਦੀਆਂ ਸਕੂਲ ਕਾਲਜਾਂ ਦੀਆਂ ਫ਼ੀਸਾਂ ਦੇ ਪਾ ਰਹੇ ਹਨ। ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਪਿਤਾ ਆਪਣੀ ਤਨਖਾਹ ਲੈਣ ਦੇ ਲਈ ਪੰਜਾਬ ਦੇ ਕਈ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ, ਪਰ ਉਨ੍ਹਾਂ ਨੂੰ ਝੂਠੇ ਭਰੋਸੇ ਦੇ ਇਲਾਵਾ ਕੁਝ ਨਹੀਂ ਮਿਲਿਆ। ਬੱਚਿਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਮਾਤਾ ਪਿਤਾ ਨੂੰ ਤਨਖ਼ਾਹ ਨਹੀਂ ਮਿਲੀ ਤਾਂ ਉਨ੍ਹਾਂ ਦਾ ਭਵਿੱਖ ਖ਼ਰਾਬ ਹੋ ਜਾਵੇਗਾ ਅਤੇ ਉਹ ਅੱਗੇ ਦੀ ਪੜ੍ਹਾਈ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ: ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ, ਕੋਰੋਨਾ ਪਾਜ਼ੇਟਿਵ ਆਸ਼ਾ ਵਰਕਰਾਂ ਨੂੰ ਹੀ ਭੇਜਿਆ ‘ਫਤਿਹ ਕਿੱਟਾਂ’ ਵੰਡਣ
ਡਾਇਰੈਕਟਰ ਦਾ ਪੱਖ : ਇਸ ਸਬੰਧੀ ਡਾ.ਟੀ.ਐਸ. ਸਿੱਧੂ ਡਾਇਰੈਕਟਰ ਨੇ ਆਪਣਾ ਪੱਖ ਦਿੰਦੇ ਹੋਏ ਕਿਹਾ ਕਿ ਕਰੀਬ 15 ਕਰੋੜ ਰੁਪਏ ਸਟਾਫ਼ ਦੀ ਤਨਖਾਹ ਦੇਣੀ ਬਕਾਇਆ ਹੈ, ਜਿਸ ਸੰਬੰਧੀ ਉਹ ਪੰਜਾਬ ਸਰਕਾਰ ਨੂੰ ਜਾਣਕਾਰੀ ਦੇ ਚੁੱਕੇ ਹਨ ਅਤੇ ਗਰਾਂਟ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਪੰਜਾਬ ਸਰਕਾਰ ਨੇ ਕਾਲਜ ਨੂੰ ਯੂਨੀਵਰਸਿਟੀ ਤਾਂ ਬਣਾ ਦਿੱਤਾ ਪਰ ਤਨਖਾਹ ਦੇਣਾ ਭੁੱਲ ਗਈ। ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਚ ਕੰਮ ਕਰਦੇ ਸਟਾਫ਼ ਦੇ ਬੱਚਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਨੂੰ ਯੂਨੀਵਰਸਿਟੀ ਤਾਂ ਬਣਾ ਦਿੱਤਾ ਗਿਆ ਹੈ, ਪਰ ਕਾਲਜ ਦੇ ਪ੍ਰੋਫੈਸਰਾਂ, ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਨੂੰ ਤਨਖਾਹ ਦੇਣ ਦੇ ਲਈ ਗਰਾਂਟ ਹੁਣ ਤੱਕ ਜਾਰੀ ਨਹੀਂ ਕੀਤੀ ਗਈ, ਜਦ ਕਿ ਸਰਕਾਰ ਵੱਲੋਂ ਯੂਨੀਵਰਸਿਟੀ ਬਣਾਉਂਦੇ ਸਮੇਂ ਇਹ ਦਾਅਵਾ ਕੀਤਾ ਗਿਆ ਸੀ ਕਿ ਤਨਖ਼ਾਹ ਦੇਣ ਦੇ ਲਈ 15 ਕਰੋੜ ਦੀ ਗਰਾਂਟ ਤੁਰੰਤ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਸਾਵਧਾਨ! ਕੋਰੋਨਾ ਦੇ ਨਾਲ-ਨਾਲ ਪੰਜਾਬ 'ਤੇ ਮੰਡਰਾਉਣ ਲੱਗਾ ਬਲੈਕ ਫੰਗਸ ਦਾ ਖ਼ਤਰਾ
ਗੁਰਪ੍ਰੀਤ ਸਿੰਘ ਪ੍ਰਧਾਨ ਸਟਾਫ਼ ਵੈਲਫੇਅਰ ਐਸੋਸੀਏਸ਼ਨ ਨੇ ਇਸ ਮੌਕੇ ਤੇ ਪੱਤਰਕਾਰਾਂ ਨੂੰ ਦੱਸਿਆ ਕਿ ਕੋਰੋਨਾ ਸੰਕਟ ਦੇ ਇਸ ਚੱਲ ਰਹੇ ਦੌਰ ਵਿਚ ਯੂਨੀਵਰਸਿਟੀ ਦਾ ਸਟਾਫ਼ ਆਨਲਾਈਨ ਕਲਾਸਾਂ ਅਤੇ ਦਫ਼ਤਰੀ ਕੰਮ ਪੂਰਾ ਕਰ ਰਿਹਾ ਹੈ, ਪਰ ਸਟਾਫ ਨੂੰ ਤਨਖਾਹ ਨਾ ਮਿਲਣਾ ਉਨ੍ਹਾਂ ਦੇ ਲਈ ਮਾਨਸਿਕ ਅਤੇ ਆਰਥਿਕ ਪ੍ਰੇਸ਼ਾਨੀ ਦਾ ਇਕ ਕਾਰਨ ਬਣਿਆ ਹੋਇਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਸਟਾਫ਼ ਨੂੰ ਤਨਖਾਹਾਂ ਦੇਣ ਦੇ ਲਈ ਯੂਨੀਵਰਸਿਟੀ ਨੂੰ 15 ਕਰੋੜ ਦੀ ਗਰਾਂਟ ਭੇਜੀ ਜਾਵੇ।
ਇਹ ਵੀ ਪੜ੍ਹੋ: ਪਤਨੀ ਨੇ ਗੁਆਂਢਣ ਨਾਲ ਹੋਟਲ 'ਚ ਰੰਗੇ ਹੱਥੀਂ ਫੜ੍ਹਿਆ ਪਤੀ, ਦੋਵਾਂ ਦੀ ਖ਼ੂਬ ਕੀਤੀ ਛਿੱਤਰ-ਪਰੇਡ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?