ਅਨੋਖਾ ਪ੍ਰਦਰਸ਼ਨ: ਨੌਜਵਾਨ ਨੇ ਬਣਾਈ ਦੇਸੀ ਕਿਸ਼ਤੀ, ਫੇਸਬੁੱਕ ''ਤੇ ਲਾਈਵ ਹੋ ਕੇ ਪ੍ਰਸ਼ਾਸਨ ਦੀ ਪੋਲ ਖੋਲ੍ਹੀ

Thursday, Jul 23, 2020 - 11:30 PM (IST)

ਅਨੋਖਾ ਪ੍ਰਦਰਸ਼ਨ: ਨੌਜਵਾਨ ਨੇ ਬਣਾਈ ਦੇਸੀ ਕਿਸ਼ਤੀ, ਫੇਸਬੁੱਕ ''ਤੇ ਲਾਈਵ ਹੋ ਕੇ ਪ੍ਰਸ਼ਾਸਨ ਦੀ ਪੋਲ ਖੋਲ੍ਹੀ

ਫਰੀਦਕੋਟ (ਜਗਤਾਰ)— ਫਰੀਦਕੋਟ ਜ਼ਿਲ੍ਹੇ ਦੇ ਸ਼ਹਿਰ ਜੈਤੋ ਦੇ ਲੋਕ ਇਨ੍ਹੀਂ ਦਿਨੀਂ  ਡਾਅਢੇ ਦੁਖੀ ਦਿਖਾਈ ਦੇ ਰਹੇ ਹਨ। ਲਗਾਤਾਰ 2 ਦਿਨ ਪਏ ਮੀਂਹ ਨੇ ਸ਼ਹਿਰ ਵਾਸੀਆਂ ਦੇ ਨੱਕ 'ਚ ਦਮ ਕਰ ਦਿੱਤਾ ਹੈ ਅਤੇ ਲੋਕ ਘਰਾਂ ਤੋਂ ਬਾਹਰ ਨਿਕਲਣੇ ਔਖੇ ਹੋ ਗਏ ਹਨ। ਸ਼ਹਿਰ ਦੀ ਹਰ ਗਲੀ-ਮੁਹੱਲਾ ਮੀਂਹ ਅਤੇ ਸੀਵਰੇਜ ਦੇ ਪਾਣੀ ਨਾਲ ਭਰਨ ਕਰਕੇ ਲੋਕਾਂ ਨੂੰ ਆਵਾਜਾਈ 'ਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਫੇਸਬੁੱਕ 'ਤੇ ਲਾਈਵ ਹੋ ਕੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ
ਜੈਤੋ ਦੇ ਇਕ ਨੌਜਵਾਨ ਸੰਦੀਪ ਲੂੰਬਾ ਵੱਲੋਂ ਆਪਣੀ ਫੇਸਬੁੱਕ 'ਤੇ ਲਾਈਵ ਹੋ ਪ੍ਰਸ਼ਾਸਨ ਦੇ ਦਾਅਵਿਆਂ ਦੀ ਹਵਾ ਕੱਢਦਿਆਂ ਅਨੋਖਾ ਪ੍ਰਦਸ਼ਨ ਕੀਤਾ ਗਿਆ। ਇਸ ਅਨੋਖੇ ਪ੍ਰਦਰਸ਼ਨ ਦੀ ਵੀਡੀਓ ਵੀ ਕਾਫ਼ੀ ਵਾਇਰਲ ਹੋ ਰਹੀ ਹੈ। ਇਥੇ ਦੱਸਣਯੋਗ ਹੈ ਕਿ ਉਕਤ ਨੌਜਵਾਨ ਨੇ ਦੇਸੀ ਤਰੀਕੇ ਨਾਲ ਇਕ ਕਿਸ਼ਤੀ ਤਿਆਰ ਕੀਤੀ। ਉਕਤ ਨੌਜਵਾਨ ਟਰੱਕ ਦੇ ਟਾਇਰ ਦੀਆਂ ਟਿਊਬਾਂ 'ਚ ਹਵਾ ਭਰ ਉਸ 'ਤੇ ਮੰਜਾ ਬੰਨ੍ਹ ਕੇ ਕਿਸ਼ਤੀ ਤਿਆਰ ਕਰਨ ਤੋਂ ਆਪਣੇ ਖਾਣ ਦੇ ਟਿਫ਼ਿਨ ਉਸ 'ਤੇ ਰੱਖ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਨਿਕਲ ਪਿਆ ਅਤੇ ਨਾਲ ਹੀ ਨਾਲ ਉਸ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਪ੍ਰਸ਼ਾਸਨ ਦੀ ਪੋਲ ਵੀ ਖੋਲ੍ਹੀ।
ਇਹ ਵੀ ਪੜ੍ਹੋ: ਸੰਜੇ ਕਰਾਟੇ ਦੇ ਮਾਲਕ ਖ਼ਿਲਾਫ਼ ਇਕ ਹੋਰ ਮਾਮਲਾ ਦਰਜ, ਸ਼ਿਲਪਾ ਸ਼ੈੱਟੀ ਦਾ ਜਾਣਕਾਰ ਦੱਸ ਮਾਰੀ ਕਰੋੜਾਂ ਦੀ ਠੱਗੀ

PunjabKesari

ਇਸ ਸਬੰਧੀ ਜਦੋਂ ਸੰਦੀਪ ਲੂੰਬਾ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਬਠਿੰਡਾ 'ਚ ਢਾਬਾ ਚਲਾਉਂਦਾ ਸੀ ਪਰ ਤਾਲਾਬੰਦੀ ਦੇ ਚਲਦੇ ਉਸ ਦਾ ਕੰਮ ਬਿਲਕੁਲ ਠਪ ਹੋ ਗਿਆ ਅਤੇ ਇਸ ਦੇ ਬਾਅਦ ਉਸ ਨੇ ਆਪਣੀ ਪਤਨੀ ਦੇ ਨਾਲ ਮਿਲ ਕਰ ਘਰ 'ਚ ਹੀ ਖਾਣਾ ਤਿਆਰ ਕਰਕੇ ਰੋਟੀ ਦੇ ਡੱਬੇ ਘਰ-ਘਰ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਪਰ ਥੋੜ੍ਹੇ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੀ ਬਾਰਿਸ਼ ਦੇ ਚਲਦੇ ਜੈਤੋ ਦੀਆਂ ਗਲੀਆਂ ਬਾਜ਼ਾਰਾਂ 'ਚ ਪਾਣੀ ਪੂਰੀ ਤਰ੍ਹਾਂ ਭਰ ਗਿਆ। ਪਾਣੀ ਭਰਨ ਕਰਕੇ ਉਸ ਨੂੰ ਟਿਫ਼ਿਨ ਸਪਲਾਈ ਕਰਨ 'ਚ ਵੀ ਕਾਫ਼ੀ ਦਿੱਕਤਾਂ ਆਈਆਂ ਕਿਉਂਕਿ ਪਾਣੀ ਦੇ ਚਲਦੇ ਮੋਟਰਸਾਈਕਲ ਵੀ ਨਹੀਂ ਚੱਲ ਸਕੀ। ਉਸ ਨੇ ਰੇਹੜੀ ਵੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਨਹੀਂ ਚੱਲ ਸਕੀ।

ਉਸ ਨੇ ਦੱਸਿਆ ਕਿ ਅਖੀਰ 'ਚ ਉਸ ਨੇ ਇਕ ਦੇਸੀ ਕਿਸ਼ਤੀ ਤਿਆਰ ਕੀਤੀ ਕਿਉਂਕਿ ਅਸਲੀ ਕਿਸ਼ਤੀ ਖਰੀਦਣ ਲਈ ਉਸ ਦੇ ਕੋਲ ਪੈਸੇ ਨਹੀਂ ਸਨ। ਇਸ ਲਈ ਦੇਸੀ ਕਿਸ਼ਤੀ ਤਿਆਰ ਕਰਕੇ ਪਾਣੀ 'ਚ ਠੇਹਲ ਦਿੱਤੀ ਅਤੇ ਆਪਣਾ ਧੰਦਾ ਸ਼ੁਰੂ ਕਰ ਦਿੱਤਾ। ਉਸ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਪ੍ਰਸ਼ਾਸਨ ਸ਼ਹਿਰ ਵੱਲ ਧਿਆਨ ਦੇਵੇ ਅਤੇ ਦੇ ਲੋਕਾਂ ਦਾ ਵਪਾਰ ਚੱਲ ਸਕੇ ਕਿਉਂਕਿ ਅਜਿਹੀ ਹਾਲਤ 'ਚ 95 ਫ਼ੀਸਦੀ ਬਾਜ਼ਾਰ ਬੰਦ ਹੋ ਜਾਂਦਾ ਹੈ, ਜਿਸ ਦੇ ਨਾਲ ਲੋਕਾਂ ਨੂੰ ਆਪਣਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ ਲਈ ਚੰਗੀ ਖਬਰ, 344 ਲੋਕਾਂ ਦੀ ਰਿਪੋਰਟ ਆਈ ਕੋਰੋਨਾ ਨੈਗੇਟਿਵ

PunjabKesari

ਕੀ ਕਹਿਣਾ ਹੈ ਸ਼ਹਿਰ ਵਾਸੀਆਂ ਦਾ

ਸ਼ਹਿਰ ਵਾਸੀਆ ਨੇ ਕਿਹਾ ਕਿ 2 ਦਿਨ ਲਗਾਤਾਰ ਹੋਈ ਬਾਰਿਸ਼ ਨਾਲ ਪੂਰੇ ਸ਼ਹਿਰ 'ਚ ਪਾਣੀ ਭਰ ਗਿਆ ਹੈ ਅਤੇ ਸੀਵਰੇਜ ਦੇ ਪਾਣੀ ਦਾ ਸਹੀ ਨਿਕਾਸ ਨਾਂ ਹੋਣ ਕਾਰਨ ਹੁਣ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ। ਇਸ ਮੌਕੇ ਸ਼ਹਿਰ ਦੇ ਕਾਂਗਰਸੀ ਆਗੂ ਕਾਲਾ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਭਾਵੇਂ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਹੈ ਪਰ ਸਰਕਾਰ ਨੇ ਜੈਤੋ ਦੇ ਵਿਕਾਸ ਲਈ ਕੁਝ ਨਹੀਂ ਕੀਤਾ ਅਤੇ ਸ਼ਹਿਰ ਦੇ ਲੋਕ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ।

ਉਨ੍ਹਾਂ ਹਲਕੇ ਦੇ ਕਾਂਗਰਸੀ ਆਗੂ ਅਤੇ ਮੌਜੂਦਾ ਸੰਸਦ ਮੈਂਬਰ ਮੁਹੰਮਦ ਸਦੀਕ 'ਤੇ ਦੋਸ਼ ਲਗਾਏ ਕਿ ਉਹ ਸ਼ਹਿਰ ਦੇ ਕੰਮ ਕਾਰ ਨੂੰ ਕਰਵਾਉਣ 'ਚ ਪੂਰੀ ਤਰਾਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਵੱਖ-ਵੱਖ ਵਿਕਾਸ ਕਾਰਜਾਂ ਦੇ ਸਿਰਫ ਨੀਂਹ ਪੱਥਰ ਹੀ ਲਗਾ ਰਹੇ ਹਨ ਪਰ ਜ਼ਮੀਨੀ ਪੱਧਰ 'ਤੇ ਇਕ ਵੀ ਕੰਮ ਉਨ੍ਹਾਂ ਨੇ ਸ਼ਹਿਰ ਦਾ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਜੈਤੋ ਦੇ ਬੱਸ ਸਟੈਂਡ ਤੋਂ ਸ੍ਰੀ ਮੁਕਤਸਰ ਸਾਹਿਬ ਰੋਡ ਬੁਰੀ ਤਰ੍ਹਾਂ ਟੁਟਿਆ ਹੋਇਆ ਹੈ। ਥਾਂ-ਥਾਂ ਟੋਏ ਪਏ ਹੋਏ ਹਨ। ਇਸ ਰੋਡ ਤੋਂ ਸਾਰੇ ਮੁੱਖ ਅਫ਼ਸਰਾਂ ਦੇ ਦਫ਼ਤਰ ਵੀ ਹਨ ਅਤੇ ਉਹ ਰੋਜ ਇਥੋਂ ਲੰਘਦੇ ਹਨ ਪਰ ਫਿਰ ਵੀ ਉਹ ਇਸ ਰੋਡ ਦੀ ਉਸਾਰੀ ਕਰਵਾਉਣ ਵੱਲ ਕੋਈ ਧਿਆਨ ਨਹੀਂ ਦੇ ਰਹੇ।
ਇਹ ਵੀ ਪੜ੍ਹੋ:  ਹੁਸ਼ਿਆਰਪੁਰ ਜ਼ਿਲ੍ਹੇ 'ਚ 14 ਨਵੇਂ ਕੋਰੋਨਾ ਦੇ ਮਾਮਲੇ ਮਿਲਣ ਨਾਲ ਅੰਕੜਾ 392 ਤੱਕ ਪੁੱਜਾ

PunjabKesari

ਇਸ ਪੂਰੇ ਮਾਮਲੇ ਬਾਰੇ ਜਦੋਂ ਨਾਇਬ ਤਹਿਸੀਲਦਾਰ ਜੈਤੋ ਮੈਡਮ ਹੀਰਾ ਵੰਤੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਮੁਕੰਮਲ ਸੀਵਰੇਜ ਸਿਸਟਮ ਪਾਉਣ ਦਾ ਕੰਮ ਹਾਲੇ ਚੱਲ ਰਿਹਾ ਹੈ ਅਤੇ ਜੋ ਪੁਰਾਣਾ ਸੀਵਰੇਜ ਸਿਸਟਮ ਹੈ ਉਹ ਚੱਲ ਰਿਹਾ। ਸੀਵਰੇਜ ਦਾ ਪਾਣੀ ਅੱਗੇ ਡਰੇਨ 'ਚ ਸੁੱਟਣ ਵਾਲੀ ਮੋਟਰ ਕਿਸੇ ਕਾਰਨਾਂ ਕਰ ਕੇ ਬੰਦ ਸੀ, ਜਿਸ ਨੂੰ ਚਲਾ ਦਿੱਤਾ ਗਿਆ ਹੈ ਅਤੇ ਜਲਦ ਹੀ ਪੂਰੇ ਸ਼ਹਿਰ 'ਚੋਂ ਪਾਣੀ ਕੱਢ ਦਿੱਤਾ ਜਾਵੇਗਾ। ਸੜਕਾਂ ਦੀ ਉਸਾਰੀ ਸਬੰਧੀ ਉਨ੍ਹਾਂ ਕਿਹਾ ਕਿ ਬੱਸ ਸਟੈਂਡ ਤੋਂ ਸ੍ਰੀ ਮੁਕਤਸਰ ਸਾਹਿਬ ਰੋਡ ਦੀ ਉਸਾਰੀ ਚੱਲ ਰਹੀ ਹੈ ਅਤੇ ਜਲਦ ਹੀ ਸ਼ਹਿਰ ਦੇ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲੇਗੀ।


author

shivani attri

Content Editor

Related News