ਕੇਂਦਰੀ ਮੰਤਰੀ ਸੰਜੇ ਸੇਠ ਫਿਰੋਜ਼ਪੁਰ ਦੌਰੇ ''ਤੇ, ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਲਿਆ ਜਾਇਜ਼ਾ
Sunday, Oct 05, 2025 - 11:45 AM (IST)

ਫਿਰੋਜ਼ਪੁਰ (ਸੰਨੀ ਚੋਪੜਾ) : ਕੇਂਦਰੀ ਰਾਜ ਮੰਤਰੀ ਸੰਜੇ ਸੇਠ ਅੱਜ ਦੋ ਦਿਨਾਂ ਦੌਰੇ 'ਤੇ ਫਿਰੋਜ਼ਪੁਰ ਪਹੁੰਚੇ। ਇੱਥੇ ਉਨ੍ਹਾਂ ਨੇ ਗੋਲਡਨ ਐਰੋ ਡਵੀਜ਼ਨ ਦਾ ਦੌਰਾ ਕੀਤਾ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਚੱਲ ਰਹੇ ਰਾਹਤ ਅਤੇ ਪੁਨਰਵਾਸ ਕਾਰਜਾਂ ਦਾ ਜਾਇਜ਼ਾ ਲਿਆ। ਮੰਤਰੀ ਨੇ ਪ੍ਰਭਾਵਿਤ ਪਰਿਵਾਰਾਂ ਅਤੇ ਸਥਾਨਕ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਭਾਰਤੀ ਫ਼ੌਜ ਦੀ ਤੁਰੰਤ ਕਾਰਵਾਈ ਅਤੇ ਨਿਰੰਤਰ ਸੇਵਾ ਦੀ ਸ਼ਲਾਘਾ ਕੀਤੀ, ਜਿਸਨੇ ਫਸੇ ਲੋਕਾਂ ਨੂੰ ਬਚਾਉਣ ਅਤੇ ਰਾਹਤ ਕੈਂਪ ਸਥਾਪਿਤ ਕਰਨ ਲਈ ਚੁਣੌਤੀ ਪੂਰਨ ਹਾਲਾਤ 'ਚ ਕੰਮ ਕੀਤਾ।
ਉਨ੍ਹਾਂ ਨੇ ਗੋਲਡਨ ਐਰੋ ਡਵੀਜ਼ਨ ਦੇ ਸੈਨਿਕਾਂ ਦੇ ਸਮਰਪਣ ਅਤੇ ਨਿਰਸਵਾਰਥ ਸੇਵਾ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਫ਼ੌਜ ਨੇ ਹਮੇਸ਼ਾ ਦੇਸ਼ ਵਾਸੀਆਂ ਦੀ ਸੁਰੱਖਿਆ ਅਤੇ ਭਲਾਈ ਨੂੰ ਪਹਿਲ ਦਿੱਤੀ ਹੈ। ਇਸ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਨੇ ਬਰਕੀ ਜੰਗੀ ਯਾਦਗਾਰ ਦਾ ਦੌਰਾ ਕੀਤਾ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੰਤਰੀ ਨੇ ਇਤਿਹਾਸਕ ਫਿਰੋਜ਼ਪੁਰ ਕਿਲ੍ਹੇ ਦਾ ਵੀ ਦੌਰਾ ਕੀਤਾ ਅਤੇ ਬਾਅਦ ਵਿੱਚ ਹੁਸੈਨੀਵਾਲਾ ਸ਼ਹੀਦਾਂ ਦੇ ਸਮਾਰਕ 'ਤੇ ਮੱਥਾ ਟੇਕਿਆ।