ਕੇਂਦਰੀ ਮੰਤਰੀ ਮੁਰਲੀਧਰ ਮੋਹਲ ਵਲੋਂ ਮੋਗਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ, ਜਾਣੋ ਕੀ ਬੋਲੇ

Sunday, Sep 21, 2025 - 12:51 PM (IST)

ਕੇਂਦਰੀ ਮੰਤਰੀ ਮੁਰਲੀਧਰ ਮੋਹਲ ਵਲੋਂ ਮੋਗਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ, ਜਾਣੋ ਕੀ ਬੋਲੇ

ਮੋਗਾ (ਕਸ਼ਿਸ਼) : ਪੰਜਾਬ 'ਚ ਆਏ ਹੜ੍ਹਾਂ ਕਾਰਨ 2300 ਤੋਂ ਜ਼ਿਆਦਾ ਪਿੰਡਾਂ 'ਚ ਤਬਾਹੀ ਮਚ ਗਈ ਅਤੇ ਕਰੀਬ 57 ਜਾਨਾਂ ਗਈਆਂ ਸਨ। ਜਿੱਥੇ ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਨੂੰ ਰਾਹਤ ਮੁਹੱਈਆ ਕਰਵਾਉਣ 'ਚ ਕੋਈ ਕਸਰ ਨਹੀਂ ਛੱਡੀ, ਉੱਥੇ ਹੀ ਪੰਜਾਬ ਦੇ ਗਾਇਕ, ਸਮਾਜਿਕ ਅਤੇ ਧਾਰਮਿਕ ਸੰਗਠਨ ਵੀ ਪਿੱਛੇ ਨਹੀਂ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ, ਹੜ੍ਹ ਪੀੜਤਾਂ ਦੀ ਸਹਾਇਤਾ ਲਈ 1600 ਕਰੋੜ ਰੁਪਏ ਭੇਜੇ ਅਤੇ ਪੰਜਾਬ ਭਰ 'ਚ ਜ਼ਮੀਨੀ ਰਿਪੋਰਟਾਂ ਕਰਨ ਲਈ ਕੇਂਦਰੀ ਰਾਜ ਮੰਤਰੀਆਂ ਨੂੰ ਵੀ ਨਿਯੁਕਤ ਕੀਤਾ। ਹਾਲਾਂਕਿ ਮੋਗਾ ਜ਼ਿਲ੍ਹੇ ਦੇ ਸਿਰਫ਼ ਚਾਰ ਪਿੰਡ ਪ੍ਰਭਾਵਿਤ ਹੋਏ ਸਨ। ਇਨ੍ਹਾਂ ਪਿੰਡਾਂ ਦਾ ਸਿੱਧਾ ਲੇਖਾ-ਜੋਖਾ ਲੈਣ ਲਈ, ਐੱਸ. ਪੀ. ਸਿੰਘ ਭੰਗੇਲ 2 ਦਿਨਾਂ ਦੇ ਦੌਰੇ ਲਈ ਮੋਗਾ ਪਹੁੰਚੇ।

ਹੁਣ ਕੇਂਦਰੀ ਮੰਤਰੀ ਮੁਰਲੀਧਰ ਮੋਹਲ ਵਲੋਂ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ, ਨਿਹਾਲ ਸਿੰਘ ਵਾਲਾ ਹਲਕੇ ਦੇ ਇੰਚਾਰਜ ਐੱਸ. ਪੀ. ਮੁਖਤਿਆਰ ਸਿੰਘ ਸੰਧੂ ਅਤੇ ਹੋਰ ਭਾਜਪਾ ਵਰਕਰ ਵੀ ਸਨ। ਕੇਂਦਰੀ ਮੰਤਰੀ ਮੁਰਲੀਧਰ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਘਰਾਂ ਦਾ ਦੌਰਾ ਕੀਤਾ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਇੱਕ ਰਿਪੋਰਟ ਤਿਆਰ ਕੀਤੀ, ਜੋ ਉਹ ਕੇਂਦਰ ਸਰਕਾਰ ਨੂੰ ਸੌਂਪਣਗੇ।

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਇਸ ਨੁਕਸਾਨ ਦੀ ਪੂਰੀ ਭਰਪਾਈ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਹੀ 12,000 ਕਰੋੜ ਰੁਪਏ ਅਤੇ ਹੁਣ 1600 ਕਰੋੜ ਰੁਪਏ ਭੇਜ ਚੁੱਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡ ਵਾਸੀ ਕਈ ਪਿੰਡਾਂ ਨੂੰ ਬਚਾਉਣ ਲਈ ਕੈਰੋ ਡੈਮ ਦੀ ਉਸਾਰੀ ਦੀ ਮੰਗ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਵਾਸੀਆਂ ਦੀਆਂ ਮੰਗਾਂ ਕੇਂਦਰ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂ। ਮੋਗਾ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਮੋਗਾ ਨੇੜੇ ਹਲਵਾਰਾ ਹਵਾਈ ਅੱਡੇ ਨੂੰ ਮੁੜ ਸ਼ੁਰੂ ਕਰਨ ਦੀ ਬੇਨਤੀ ਕਰਦੇ ਹੋਏ ਮੰਤਰੀ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਮੰਗ ਨੂੰ ਵੀ ਪੂਰਾ ਕੀਤਾ ਜਾਵੇਗਾ।


 


author

Babita

Content Editor

Related News