ਪੰਜਾਬ : ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਹੁਣ ''ਵੱਖਰੀ ਟੌਹਰ''

Thursday, Jan 04, 2018 - 10:47 AM (IST)

ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਦਹਾਕਿਆਂ ਤੋਂ ਵਰਦੀ ਦੇ ਰੂਪ 'ਚ 'ਖਾਕੀ ਪੈਂਟ ਅਤੇ ਸਫੈਦ ਕਮੀਜ਼' ਪਾਉਣ ਵਾਲੇ ਬੱਚਿਆਂ ਦੀ ਵੱਖਰੀ ਹੀ ਟੌਹਰ ਬਣਨ ਵਾਲੀ ਹੈ ਕਿਉਂਕਿ ਸਿੱਖਿਆ ਵਿਭਾਗ ਨੇ ਇਸ ਪੁਰਾਣੀ ਵਰਦੀ ਨੂੰ ਬਾਏ-ਬਾਏ ਕਰਨ ਦਾ ਫੈਸਲਾ ਕੀਤਾ ਹੈ। ਇਹ ਕ੍ਰਾਂਤੀਕਾਰੀ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਸਮੇਂ ਦੇ ਨਾਲ 'ਖਾਕੀ ਪੈਂਟ ਅਤੇ ਸਫੈਦ ਕਮੀਜ਼' ਨਾਲ ਆਈ ਹੀਣ ਭਾਵਨਾ ਤੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਜਾ ਸਕੇ। ਹੁਣ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਹੀ ਸਰਕਾਰੀ ਸਕੂਲ ਪ੍ਰਬੰਧਨ ਆਪਣੀ ਵਰਦੀ ਦੇ ਰੰਗ ਦੀ ਚੋਣ ਕਰ ਸਕਦਾ ਹੈ। ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਇਹ ਕਦਮ ਚੁੱਕਿਆ ਗਿਆ ਹੈ। ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸਿੱਖਿਆ ਵਿਭਾਗ ਦੇ ਸਕੱਤਰ ਕਿਸ਼ਨ ਕੁਮਾਰ ਦਾ ਕਹਿਣਾ ਹੈ ਕਿ 'ਪ੍ਰਾਈਵੇਟ ਸਕੂਲਾਂ ਨਾਲ ਮੁਕਾਬਲਾ ਕਰਨਾ ਹੈ ਤਾਂ ਸਕੂਲਾਂ ਅਤੇ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਵੀ ਬਦਲਣਾ ਪਵੇਗਾ।' ਵਰਦੀ ਦਾ ਰੰਗ ਯਕੀਨੀ ਤੌਰ 'ਤੇ ਵਿਦਿਆਰਥੀਆਂ ਦੇ ਦਿਮਾਗ 'ਤੇ ਬੜਾ ਅਸਰ ਪਾਉਂਦਾ ਹੈ। ਸਿੱਖਿਆ ਵਿਭਾਗ 'ਚ ਲੰਬੇ ਸਮੇਂ ਤੋਂ ਵਰਦੀ ਦਾ ਰੰਗ 'ਖਾਕੀ ਪੈਂਟ ਅਤੇ ਸਫੈਦ ਕਮੀਜ਼' ਰਿਹਾ ਹੈ।
2 ਦਹਾਕੇ ਪਹਿਲਾਂ ਤੱਕ ਕਿਉਂਕਿ ਸਰਕਾਰੀ ਸਕੂਲਾਂ ਦਾ ਬੋਲਬਾਲਾ ਸੀ, ਉਸ ਸਮੇਂ 'ਖਾਕੀ ਪੈਂਟ ਅਤੇ ਸਫੈਦ ਕਮੀਜ਼' ਦੀ ਆਪਣੀ ਹੀ ਸ਼ਾਨ ਸੀ ਪਰ ਪਿਛਲੇ 2 ਦਹਾਕਿਆਂ ਤੋਂ ਪ੍ਰਾਈਵਟ ਸਕੂਲਾਂ ਦਾ ਵਿਸਥਾਰ ਹੋਇਆ ਹੈ। ਵੱਡੇ-ਵੱਡੇ ਸਕੂਲਾਂ ਤੋਂ ਇਲਾਵਾ ਰੰਗ-ਬਿਰੰਗੀ ਵਰਦੀ ਨਾਲ ਸਜੇ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਨੂੰ ਦੇਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ 'ਚ ਹੀਣ ਭਾਵਨਾ ਘਰ ਕਰ ਗਈ ਹੈ। ਸਿੱਖਿਆ ਵਿਭਾਗ ਨੇ ਵੀ ਇਸ ਗੱਲ ਨੂੰ ਸਮਝਦੇ ਹੋਏ ਵਰਦੀ ਦੇ ਰੰਗ ਨੂੰ ਪਸੰਦ ਕਰਨ ਦੇ ਅਧਿਕਾਰ ਸਕੂਲਾਂ ਨੂੰ ਦੇ ਦਿੱਤੇ ਹਨ। ਕਿਸ਼ਨ ਕੁਮਾਰ ਦੱਸਦੇ ਹਨ ਕਿ ਲੰਬੇ ਸਮੇਂ ਤੋਂ ਵਰਦੀ ਦਾ ਰੰਗ ਬਦਲਣ ਦੀ ਮੰਗ ਕੀਤੀ ਜਾ ਰਹੀ ਸੀ। ਮਕਸਦ ਵੀ ਇਹੀ ਹੈ ਕਿ ਸਕੂਲਾਂ ਦਾ ਮਾਹੌਲ ਬਦਲੇ, ਵਿਦਿਆਰਥੀਆਂ 'ਚ ਆਤਮ ਵਿਸ਼ਵਾਸ ਪੈਦਾ ਹੋਵੇ। ਜੇਕਰ ਵਰਦੀ ਦੇ ਰੰਗ ਬਦਲਣ ਨਾਲ ਅਜਿਹਾ ਹੁੰਦਾ ਹੈ ਤਾਂ ਇਸ 'ਚ ਕੋਈ ਹਰਜ਼ ਨਹੀਂ ਹੈ। ਜਾਣਕਾਰੀ ਮੁਤਾਬਕ ਸਕੂਲ ਪ੍ਰਬੰਧਨ ਸਭ ਤੋਂ ਜ਼ਿਆਦਾ ਚੈੱਕ ਵਾਲੇ ਕੱਪੜੇ ਪਸੰਦ ਕਰ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਵਰਦੀ ਦਾ ਰੰਗ ਬਦਲਣ ਨਾਲ ਸਰਕਾਰੀ ਸਿੱਖਿਆ ਵਿਵਸਥਾ 'ਤੇ ਕਿੰਨਾ ਅਸਰ ਪੈਂਦਾ ਹੈ।


Related News