ਨਾ ਹੋਏ ਆਪ੍ਰੇਸ਼ਨ, ਨਾ ਖੁੱਲ੍ਹੀ ਓ. ਪੀ. ਡੀ.

Friday, Feb 09, 2018 - 04:01 AM (IST)

ਨਾ ਹੋਏ ਆਪ੍ਰੇਸ਼ਨ, ਨਾ ਖੁੱਲ੍ਹੀ ਓ. ਪੀ. ਡੀ.

ਅੰਮ੍ਰਿਤਸਰ,   (ਦਲਜੀਤ)-  ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਮਰੀਜ਼ ਦਰਦ ਨਾਲ ਤੜਫ ਉਠੇ। ਗੰਭੀਰ ਹਾਲਤ ਵਾਲੇ ਮਰੀਜ਼ਾਂ ਦਾ ਇਲਾਜ ਕਰਵਾਉਣ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਧਰ-ਉਧਰ ਭਟਕਦੇ ਰਹੇ ਪਰ ਕਿਸੇ ਵੀ ਡਾਕਟਰ ਨੂੰ ਮਰੀਜ਼ਾਂ ਦੀ ਹਾਲਤ 'ਤੇ ਤਰਸ ਨਹੀਂ ਆਇਆ। ਅੱਜ ਨਾ ਤਾਂ ਡਾਕਟਰਾਂ ਨੇ ਹੋਣ ਵਾਲੇ ਮਹੱਤਵਪੂਰਨ ਆਪ੍ਰੇਸ਼ਨ ਕੀਤੇ ਤੇ ਨਾ ਹੀ ਓ. ਪੀ. ਡੀ. ਵਿਚ ਮਰੀਜ਼ਾਂ ਨੂੰ ਡਾਕਟਰੀ ਸਹਾਇਤਾ ਮਿਲੀ। 10 ਹਜ਼ਾਰ ਦੇ ਕਰੀਬ ਮਰੀਜ਼ਾਂ ਨੂੰ ਹੜਤਾਲ ਕਾਰਨ ਸਿਹਤ ਸੁਵਿਧਾਵਾਂ ਨਹੀਂ ਮਿਲ ਸਕੀਆਂ।
ਜਾਣਕਾਰੀ ਅਨੁਸਾਰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਹਸਪਤਾਲ 'ਚ ਕੀਤੀ ਜਾ ਰਹੀ ਛਾਪੇਮਾਰੀ ਦੇ ਵਿਰੋਧ ਵਿਚ ਪੰਜਾਬ ਸਟੇਟ ਮੈਡੀਕਲ ਅਤੇ ਡੈਂਟਲ ਟੀਚਰ ਐਸੋ. ਦੇ ਸੱਦੇ 'ਤੇ ਗੁਰੂ ਨਾਨਕ ਦੇਵ ਹਸਪਤਾਲ, ਸਰਕਾਰੀ ਟੀ. ਬੀ. ਹਸਪਤਾਲ, ਈ. ਐੱਨ. ਟੀ. ਹਸਪਤਾਲ ਅਤੇ ਡੈਂਟਲ ਹਸਪਤਾਲ ਦੇ ਸਮੂਹ ਡਾਕਟਰ ਹੜਤਾਲ 'ਤੇ ਸਨ। ਡਾਕਟਰਾਂ ਨੇ ਪਹਿਲਾਂ ਗੁਰੂ ਨਾਨਕ ਦੇਵ ਹਸਪਤਾਲ ਦੀ ਐਮਰਜੈਂਸੀ ਦੇ ਬਾਹਰ ਇਕੱਠ ਕੀਤਾ ਅਤੇ ਬਾਅਦ ਵਿਚ ਹਸਪਤਾਲ ਦੀ ਓ. ਪੀ. ਡੀ. ਦੇ ਬਾਹਰ ਆ ਕੇ ਔਜਲਾ ਖਿਲਾਫ ਰੋਸ ਮੁਜ਼ਾਹਰਾ ਕੀਤਾ। ਡਾਕਟਰਾਂ ਦੀ ਹੜਤਾਲ ਕਾਰਨ ਸਿਹਤ ਸਹੂਲਤਾਂ ਦੀ ਗੱਡੀ ਲੀਹ ਤੋਂ ਉਤਰ ਗਈ। ਉਕਤ ਚਾਰੇ ਹਸਪਤਾਲਾਂ ਵਿਚ ਹੜਤਾਲ ਕਾਰਨ 10 ਹਜ਼ਾਰ ਦੇ ਕਰੀਬ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਮਿਲ ਸਕੀਆਂ।


Related News