ਅਮਰੀਕਾ ''ਚ ਸਿੱਖ ਨੌਜਵਾਨ ਦੀ ਅਚਨਚੇਤ ਮੌਤ

11/21/2017 7:37:55 AM

ਮਾਛੀਵਾੜਾ ਸਾਹਿਬ  (ਟੱਕਰ) - ਪਿੰਡ ਅਕਾਲਗੜ੍ਹ ਦੇ ਰਹਿਣ ਵਾਲੇ ਸਿੱਖ ਨੌਜਵਾਨ ਜਗਜੀਤ ਸਿੰਘ (27) ਦਾ ਅਮਰੀਕਾ ਦੇ ਸ਼ਹਿਰ ਨਿਊਯਾਰਕ 'ਚ ਅਚਨਚੇਤ ਦਿਹਾਂਤ ਹੋ ਗਿਆ ਅਤੇ ਉਸਦੇ ਮਾਪਿਆਂ ਨੇ ਆਪਣੇ ਇਕਲੌਤੇ ਪੁੱਤਰ ਦੀ ਮ੍ਰਿਤਕ ਦੇਹ ਜਲਦ ਭਾਰਤ ਲਿਆਉਣ ਲਈ ਸਰਕਾਰਾਂ ਅੱਗੇ ਗੁਹਾਰ ਲਗਾਈ ਹੈ। ਪਿੰਡ ਅਕਾਲਗੜ੍ਹ ਦੇ ਸਿੱਖ ਨੌਜਵਾਨ ਜਗਜੀਤ ਸਿੰਘ ਦੀ ਅਮਰੀਕਾ 'ਚ ਮੌਤ ਹੋਣ ਨਾਲ ਪਿੰਡ 'ਚ ਸੋਗ ਵਾਲਾ ਮਾਹੌਲ ਬਣਿਆ ਹੋਇਆ ਹੈ। ਮ੍ਰਿਤਕ ਜਗਜੀਤ ਸਿੰਘ ਦੇ ਪਿਤਾ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਛੋਟਾ ਕਿਸਾਨ ਹੈ ਅਤੇ ਆਪਣੇ ਇਕਲੌਤੇ ਪੁੱਤਰ ਨੂੰ ਉਸਨੇ ਕਰੀਬ 4 ਸਾਲ ਪਹਿਲਾਂ 20 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਅਮਰੀਕਾ 'ਚ ਰੁਜ਼ਗਾਰ ਲਈ ਭੇਜਿਆ ਸੀ। ਪਰਿਵਾਰ ਵਲੋਂ ਹੁਣ ਉਸਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਕਿ ਜਲਦ ਉਹ ਭਾਰਤ ਆਵੇ ਤੇ ਉਸਦਾ ਵਿਆਹ ਕਰ ਦਿੱਤਾ ਜਾਵੇ ਪਰ ਕੱਲ ਸਵੇਰੇ ਅਚਾਨਕ ਉਸਦੇ ਦੋਸਤ ਦਾ ਫੋਨ ਆਇਆ ਕਿ ਜਗਜੀਤ ਸਿੰਘ ਦੀ ਅਚਨਚੇਤ ਮੌਤ ਹੋ ਗਈ ਹੈ।
ਪਿਤਾ ਜਸਵੀਰ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਨਿਊਯਾਰਕ 'ਚ ਟਰਾਲਾ ਚਲਾਉਂਦਾ ਸੀ ਅਤੇ ਕੱਲ ਗੁਰਦੁਆਰਾ ਸਾਹਿਬ ਵਿਖੇ ਆਪਣੇ ਦੋਸਤ ਨਾਲ ਮੱਥਾ ਟੇਕਣ ਜਾਣ ਲੱਗਿਆਂ ਜਦੋਂ ਉਹ ਕਾਰ 'ਚ ਬੈਠਣ ਲੱਗਾ ਤਾਂ ਉਸ ਨੂੰ ਅਚਾਨਕ ਛਾਤੀ 'ਚ ਤੇਜ਼ ਦਰਦ ਹੋਣ ਲਗ ਪਿਆ। ਉਸਦਾ ਸਾਥੀ ਉਸ ਨੂੰ ਹਸਪਤਾਲ ਵਿਖੇ ਲੈ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰਾਂ ਅਨੁਸਾਰ ਬੇਸ਼ੱਕ ਨਿਊਯਾਰਕ ਵਿਖੇ ਉਸਦੇ ਦੋਸਤਾਂ ਵਲੋਂ ਜਗਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਜਲਦ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਆਪਣੇ ਇਕਲੌਤੇ ਪੁੱਤਰ ਨੂੰ ਗੁਆ ਚੁੱਕੇ ਪਿਤਾ ਜਸਵੀਰ ਸਿੰਘ ਤੇ ਮਾਤਾ ਸਰਬਜੀਤ ਕੌਰ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅੱਗੇ ਫਰਿਆਦ ਕੀਤੀ ਕਿ ਉਸਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਸਰਕਾਰਾਂ ਜਲਦ ਭਾਰਤ ਲਿਆਉਣ ਲਈ ਪ੍ਰਬੰਧ ਕਰਨ।


Related News