ਬੇਰੁਜ਼ਗਾਰ ਅਧਿਆਪਕਾਂ ਦਾ ਪ੍ਰਦਰਸ਼ਨ ਵੇਖ ਸਿੱਖਿਆ ਮੰਤਰੀ ਹੋਏ ਆਪੇ ਤੋਂ ਬਾਹਰ (ਵੀਡੀਓ)

Saturday, Dec 07, 2019 - 09:11 PM (IST)

ਬਰਨਾਲਾ ( ਵਿਵੇਕ ਸਿੰਧਵਾਨੀ, ਰਵੀ, ਪੁਨੀਤ ਮਾਨ)- ਰੋਜ਼ਾਨਾ ਬੋਲਚਾਲ ਦੀ ਭਾਸ਼ਾ 'ਚ ਅੰਗਰੇਜ਼ੀ ਦੀ ਵਰਤੋਂ ਕਰਕੇ ਆਪਣੀ ਉੱਚੇਰੀ ਸਿੱਖਿਆ ਅਤੇ ਪੰਜਾਬ ਦੇ ਪੜ੍ਹੇ-ਲਿਖੇ ਸਿੱਖਿਆ ਮੰਤਰੀ ਹੋਣ ਦਾ ਸਬੂਤ ਪੇਸ਼ ਕਰਨ ਵਾਲੇ ਵਿਜੇ ਇੰਦਰ ਸਿੰਗਲਾ ਸ਼ਨੀਵਾਰ ਨੂੰ ਕੁਝ ਅਜਿਹਾ ਕਰ ਗਏ, ਜਿਸ ਨੂੰ ਵੇਖ ਅਤੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਬਰਨਾਲਾ 'ਚ ਨਿੱਜੀ ਸਕੂਲ ਦੇ ਸਮਾਗਮ 'ਚ ਹਿੱਸਾ ਲੈਣ ਗਏ ਸਿੱਖਿਆ ਮੰਤਰੀ ਆਪਣੇ ਰਾਹ 'ਚ ਬੇਰੁਜ਼ਗਾਰ ਅਧਿਆਪਕਾਂ ਦਾ ਪ੍ਰਦਰਸ਼ਨ ਵੇਖ ਅੱਗ ਬਬੂਲਾ ਹੋ ਗਏ।

ਉਨ੍ਹਾਂ ਦੇ ਆਉਣ ਦੀ ਭਿਣਕ ਬੇਰੋਜ਼ਗਾਰ ਅਧਿਆਪਕਾਂ ਨੂੰ ਲੱਗ ਗਈ ਅਤੇ ਉਹ ਪ੍ਰੋਗਰਾਮ ਤੋਂ 3 ਘੰਟੇ ਪਹਿਲਾਂ ਹੀ ਸਮਾਗਮ ਵਾਲੀ  ਥਾਂ ’ਤੇ ਪਹੁੰਚ ਗਏ। ਲਗਭਗ ਡੇਢ ਦਰਜਨ ਦੇ ਕਰੀਬ ਬੇਰੋਜ਼ਗਾਰ ਅਧਿਆਪਕ ਉਥੇ ਪੁੱਜੇ ਹੋਏ ਸਨ। ਜਦੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਸਮਾਗਮ ਵਾਲੀ ਜਗ੍ਹਾ  'ਤੇ ਪਹੁੰਚਣ ਲੱਗੇ ਤਾਂ ਉਹਨਾਂ ਨੇ ਬੈਨਰ ਕੱਢਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਅਧਿਆਪਕਾਂ ਵਲੋਂ ਨਾਅਰੇਬਾਜ਼ੀ ਸ਼ੁਰੂ ਕਰਨ 'ਤੇ ਸਿੱਖਿਆ ਮੰਤਰੀ 100 ਗਜ ਦੂਰੀ 'ਤੇ ਪਿੱਛੇ ਹੀ ਰੁਕ ਗਏ। ਲਗਭਗ 15 ਮਿੰਟ ਉਹ ਉਥੇ ਹੀ ਰੁਕੇ ਰਹੇ। ਮੌਕੇ 'ਤੇ ਡਿਊਟੀ ਕਰ ਰਹੇ ਐਸ.ਐਚ.ਓ. ਅਤੇ ਡੀ.ਐਸ.ਪੀ. ਨੂੰ ਬੁਲਾਇਆ ਗਿਆ। ਫਿਰ ਪੁਲਸ ਨੇ ਘੇਰਾਬੰਦੀ ਕਰਕੇ ਅਧਿਆਪਕਾਂ ਨੂੰ ਇਕ ਸਾਈਡ 'ਤੇ ਕਰ ਦਿੱਤਾ ਅਤੇ ਫਿਰ ਜਾ ਕੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਸਮਾਗਮ ਵਾਲੀ ਥਾਂ 'ਤੇ ਪੁੱਜੇ। 

ਕੁਝ ਸਮੇਂ ਸੜਕ 'ਚ ਖੜ੍ਹਾ ਰਹਿਣ 'ਤੇ ਮੰਤਰੀ ਜੀ ਇੰਨਾ ਕੁ ਗੁੱਸਾ ਕਰ ਗਏ ਕਿ ਉਨ੍ਹਾਂ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਕੇ ਪ੍ਰਦਰਸ਼ਨਕਾਰੀਆਂ ਖਿਲਾਫ ਸਖ਼ਤੀ ਕਰਨ ਦੇ ਹੁਕਮ ਦੇ ਦਿੱਤੇ। ਮੌਕੇ 'ਤੇ ਮੌਜੂਦ ਡੀ.ਐੱਸ.ਪੀ ਬਰਨਾਲਾ ਰਾਜੇਸ਼ ਛਿੱਬਰ ਮੰਤਰੀ ਜੀ ਦਾ ਹੁਕਮ ਸੁਣ ਹੱਕੇ-ਬੱਕੇ ਰਹਿ ਗਏ। ਲਾਠੀਚਾਰਜ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਬੇਰੁਜ਼ਗਾਰ ਅਧਿਆਪਕ ਹੁਣ ਪੁਲਸ ਨੂੰ ਮੰਤਰੀ ਖਿਲਾਫ ਸਖ਼ਤ ਕਾਰਵਾਈ ਲਈ ਤਾਂ ਕਹਿਣ ਤੋਂ ਰਹੇ ਪਰ ਉਨ੍ਹਾਂ ਨਾਅਰੇ ਲਗਾ ਕੇ ਆਪਣੀ ਭੜਾਸ ਕੱਢੀ।

ਦੂਜੇ ਪਾਸੇ ਗੱਲਬਾਤ ਕਰਦਿਆਂ ਬੇਰੋਜ਼ਗਾਰ ਅਧਿਆਪਕ ਸੁਖਦੇਵ ਸਿੰਘ ਅਤੇ ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਲਗਭਗ 25000 ਪੋਸਟਾਂ ਖਾਲੀ ਪਈਆਂ ਹਨ,  ਜਦੋਂ ਕਿ ਅਸੀਂ ਬੇਰੋਜ਼ਗਾਰ ਹੋ ਕੇ ਸਡ਼ਕਾਂ ’ਤੇ ਘੁੰਮ ਰਹੇ ਹਾਂ। ਪੰਜਾਬ ਸਰਕਾਰ ਖਾਲੀ  ਪਈਆਂ ਪੋਸਟਾਂ ਨੂੰ ਫੌਰੀ ਤੌਰ 'ਤੇ ਭਰਤੀ ਕਰੇ। ਹੁਣ ਸਰਕਾਰ ਨਵੀਂ ਸ਼ਰਤ ਲਗਾ ਰਹੀ ਹੈ ਕਿ ਟੈਟ ਪਾਸ ਜੋ ਵਿਦਿਆਰਥੀ ਹਨ ਉਹ 55 ਫੀਸਦੀ ਅੰਕ ਹਾਸਲ ਕਰਨ ਵਾਲੇ  ਵਿਦਿਆਰਥੀ ਮਾਸਟਰ ਡਿਗਰੀ ਲਈ ਪੇਪਰ ਦੇ ਸਕਦੇ ਹਨ, ਜੋ ਕਿ ਸਰਾਸਰ ਧੱਕਾ ਹੈ, ਜਦੋਂ ਕਿ ਇਹ ਪਹਿਲਾਂ 45 ਫੀਸਦੀ ਸੀ। ਇਸਨੂੰ 45 ਫੀਸਦੀ ਹੀ ਰੱਖਿਆ ਜਾਵੇ। ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ। ਜੇਕਰ ਅਸੀਂ ਆਪਣੀ ਗੱਲ ਰੱਖਦੇ ਹਾਂ ਤਾਂ ਸਾਨੂੰ ਡਾਂਗਾਂ ਨਾਲ ਕੁੱਟਿਆ ਜਾਂਦਾ ਹੈ ਜੋ ਸਰਾਸਰ ਧੱਕਾ ਹੈ।


author

Sunny Mehra

Content Editor

Related News