ਬੇਰੋਜ਼ਗਾਰ ਅਧਿਆਪਕ ਰੋਜ਼ਗਾਰ ਦੀ ਲੋਹੜੀ ਮੰਗਣ ਪੁੱਜੇ ਸਿੱਖਿਆ ਮੰਤਰੀ ਦੀ ਕੋਠੀ, ਕੀਤਾ ਘਿਰਾਓ
Sunday, Jan 12, 2020 - 09:19 PM (IST)

ਸੰਗਰੂਰ, (ਸਿੰਗਲਾ)- ਪਿਛਲੇ ਚਾਰ ਮਹੀਨਿਆਂ ਤੋਂ ਇਥੇ ਪੱਕਾ-ਮੋਰਚਾ ਲਾ ਕੇ ਬੈਠੇ ਟੈੱਟ ਪਾਸ ਬੇਰੋਜ਼ਗਾਰ ਈ.ਟੀ.ਟੀ. ਅਤੇ ਬੀ.ਐੱਡ ਅਧਿਆਪਕਾਂ ਵੱਲੋਂ ਵੱਡੀ ਗਿਣਤੀ 'ਚ ਮੰਤਰੀ ਦੀ ਕੋਠੀ ਅੱਗੇ ਵੱਡਾ ਇਕੱਠ ਕਰ ਕੇ 'ਰੋਜ਼ਗਾਰ ਦੀ ਲੋਹੜੀ' ਮੰਗੀ ਗਈ। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਡਟਵਾਂ ਰੋਸ-ਮੁਜ਼ਾਹਰਾ ਕੀਤਾ ਗਿਆ। ਬੇਸ਼ੱਕ ਭਾਰੀ ਪੁਲਸ ਬਲ ਤਾਇਨਾਤ ਸੀ ਪਰ ਬੇਰੋਜ਼ਗਾਰ ਅਧਿਆਪਕਾਂ 'ਚ ਮੰਤਰੀ ਪ੍ਰਤੀ ਗੁੱਸਾ ਹੋਣ ਨਾਲ ਕਾਫ਼ੀ ਸਮਾਂ ਤਣਾਅ ਦੀ ਹਾਲਤ ਬਣੀ ਰਹੀ।
ਕਰੀਬ 2 ਘੰਟੇ ਮੰਤਰੀ ਦੀ ਕੋਠੀ ਅੱਗੇ ਮੁਜ਼ਾਹਰਾ ਕਰਨ ਤੋਂ ਬਾਅਦ 2 ਘੰਟੇ ਲਈ ਸੰਗਰੂਰ-ਲੁਧਿਆਣਾ ਮੁੱਖ-ਮਾਰਗ ਜਾਮ ਕਰ ਦਿੱਤਾ ਗਿਆ, ਜਿਸ ਉਪਰੰਤ ਐੱਸ. ਡੀ. ਐੱਮ. ਸੰਗਰੂਰ ਬਬਨਜੀਤ ਸਿੰਘ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਹੋਈ ਗੱਲਬਾਤ ਕਰ ਕੇ ਐਲਾਨ ਕੀਤਾ ਕਿ 14 ਜਨਵਰੀ ਦੀ ਕੈਬਨਿਟ ਮੀਟਿੰਗ 'ਚ ਅਧਿਆਪਕ ਭਰਤੀ ਦਾ ਏਜੰਡਾ ਆਵੇਗਾ ਅਤੇ ਸਿੱਖਿਆ ਮੰਤਰੀ ਨਾਲ 18 ਜਨਵਰੀ ਨੂੰ ਪੈਨਲ ਮੀਟਿੰਗ ਤੈਅ ਕਰਵਾਈ ਗਈ। ਬੇਰੋਜ਼ਗਾਰ ਅਧਿਆਪਕਾਂ ਨੇ ਐਲਾਨ ਕੀਤਾ ਕਿ ਜੇਕਰ 14 ਜਨਵਰੀ ਨੂੰ ਕੈਬਨਿਟ ਮੀਟਿੰਗ ਦੌਰਾਨ ਯੂਨੀਅਨ ਦੀਆਂ ਮੰਗਾਂ ਅਨੁਸਾਰ ਨਵੀਂ ਭਰਤੀ ਦਾ ਏਜੰਡਾ ਨਾ ਪਾਸ ਕੀਤਾ ਗਿਆ ਤਾਂ 26 ਜਨਵਰੀ ਨੂੰ 'ਗੁਪਤ ਐਕਸ਼ਨ' ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਮਾਨਸਾ ਵਿਖੇ 28 ਜਨਵਰੀ ਨੂੰ ਦੌਰੇ 'ਤੇ ਘੇਰਿਆ ਜਾਵੇਗਾ। ਟੈੱਟ ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨਾਂ ਦੇ ਆਗੂਆਂ ਦੀਪਕ ਕੰਬੋਜ, ਸੁਖਵਿੰਦਰ ਢਿੱਲਵਾਂ, ਸੰਦੀਪ ਸ਼ਾਮਾ, ਗੁਰਜੀਤ ਕੌਰ ਖੇੜੀ, ਦੀਪ ਬਨਾਰਸੀ, ਨਿੱਕਾ ਸਮਾਓਂ ਅਤੇ ਰਣਦੀਪ ਸੰਗਤਪੁਰਾ ਨੇ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ।
ਇਹ ਹਨ ਮੰਗਾਂ
*ਪੰਜਾਬ ਭਰ 'ਚ ਖ਼ਾਲੀ ਕਰੀਬ 30 ਹਜ਼ਾਰ ਅਸਾਮੀਆਂ ਭਰੀਆਂ ਜਾਣ ਕਿਉਂਕਿ ਕਰੀਬ 65 ਹਜ਼ਾਰ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਉਮੀਦਵਾਰ ਬੇਰੋਜ਼ਗਾਰ ਹਨ।
*ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੋਜ਼ਗਾਰ ਈ. ਟੀ. ਟੀ. ਅਤੇ ਬੀ.ਐੱਡ ਉਮੀਦਵਾਰਾਂ ਨੂੰ ਭਰਤੀ ਕਰਨ ਲਈ ਘੱਟੋ-ਘੱਟ 12 ਹਜ਼ਾਰ ਈ. ਟੀ. ਟੀ. ਅਤੇ 15 ਹਜ਼ਾਰ ਬੀ. ਐੱਡ ਅਸਾਮੀਆਂ ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ।
* ਟੈਸਟ ਪਾਸ ਕਰਨ ਦੇ ਬਾਵਜੂਦ ਓਵਰਏਜ ਹੋ ਰਹੇ ਉਮੀਦਵਾਰਾਂ ਲਈ ਉਮਰ ਸ਼ਰਤ 37 ਤੋਂ 42 ਸਾਲ ਕੀਤੀ ਜਾਵੇ ।
*ਬੈਕਲਾਗ ਦੀਆਂ 161 ਈ. ਟੀ. ਟੀ. ਅਤੇ ਬੈਕਲਾਗ ਐੱਸ. ਸੀ 595 ਦਾ ਹੱਲ ਅਤੇ ਬੀ. ਐੱਡ ਦੀਆਂ 90 ਅਸਾਮੀਆਂ ਸਬੰਧੀ ਵੀ ਭਰਤੀ ਨਿਯਮਾਂ 'ਚ ਸੋਧ ਕਰ ਕੇ ਨਿਯੁਕਤੀ ਹੋਵੇ।
*ਅਧਿਆਪਕ ਭਰਤੀ ਲਈ ਗ੍ਰੈਜੂਏਸ਼ਨ 'ਚੋਂ ਪਹਿਲਾਂ ਲਾਜ਼ਮੀ ਕੀਤੇ 55 ਫੀਸਦੀ ਅੰਕਾਂ ਦੀ ਸ਼ਰਤ ਤੋਂ ਪੀੜਤ ਹੋ ਕੇ ਖ਼ੁਦਕੁਸ਼ੀ ਲਈ ਮਜਬੂਰ ਹੋਏ ਜਗਸੀਰ ਸਿੰਘ ਚੱਕ ਭਾਈਕਾ ਦੇ ਪਰਿਵਾਰ ਨੂੰ ਇਕ ਨੌਕਰੀ ਅਤੇ ਦਸ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।
*58 ਤੋਂ 60 ਦੋ ਸਾਲ ਦੀ ਐਕਸਟੈਨਸ਼ਨ 'ਤੇ ਚਲਦੇ ਮੁਲ਼ਾਜ਼ਮਾਂ ਨੂੰ ਤੁਰੰਤ ਸੇਵਾ-ਮੁਕਤ ਕਰ ਕੇ ਅਸਾਮੀਆਂ ਖਾਲੀ ਕੀਤੀਆਂ ਜਾਣ, ਸਰਕਾਰੀ ਸਕੂਲਾਂ 'ਚ ਖਾਲੀ ਪਈਆਂ ਸਾਰੀਆਂ ਅਧਿਆਪਕ ਅਸਾਮੀਆਂ ਰੈਗੂਲਰ ਆਧਾਰ 'ਤੇ ਭਰਤੀ ਹੋਵੇ, ਭਰਤੀ ਪ੍ਰਕਿਰਿਆਵਾਂ ਨੂੰ ਨਿਰਧਾਰਤ ਦਿਨਾਂ 'ਚ ਪੂਰਾ ਕੀਤਾ ਜਾਵੇ।
*ਇਕ ਅਧਿਆਪਕ ਤੋਂ ਸਿਰਫ ਉਸ ਦੇ ਸਬੰਧਤ ਵਿਸ਼ੇ ਦਾ ਹੀ ਕੰਮ ਲਿਆ ਜਾਵੇ, 50 ਤੋਂ ਘੱਟ ਗਿਣਤੀ ਵਾਲੇ ਪ੍ਰਾਇਮਰੀ ਸਕੂਲਾਂ 'ਚ ਵੀ ਹੈੱਡਮਾਸਟਰ ਦੀ ਅਸਾਮੀ ਬਰਕਰਾਰ ਰੱਖੀ ਜਾਵੇ। ।
* ਸੈਕੰਡਰੀ ਪੱਧਰ ਤੱਕ ਅਧਿਆਪਕ-ਵਿਦਿਆਰਥੀ ਅਨੁਪਾਤ 30 :1 ਕਰਨ, ਪ੍ਰਾਇਮਰੀ ਅਧਿਆਪਕ ਵਿਦਿਆਰਥੀਆਂ ਅਨੁਪਾਤ 20:1 ਕਰਨ।
*ਜਦੋਂ ਤੱਕ ਉਮੀਦਵਾਰਾਂ ਦੀ ਨਿਯੁਕਤੀ ਨਹੀਂ ਹੁੰਦੀ ਚੋਣਾਂ ਸਮੇਂ ਕੀਤੇ ਵਾਅਦੇ ਮੁਤਾਬਕ 2500 ਰੁਪਏ ਬੇਰੋਜ਼ਗਾਰੀ ਭੱਤਾ ਦਿੱਤਾ ਜਾਵੇ।
ਯੂਨੀਅਨ ਆਗੂਆ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਮੰਗਾਂ ਦਾ ਹੱਲ ਹੋਣ ਉਪਰੰਤ ਹੀ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਲਾਇਆ ਪੱਕਾ-ਮੋਰਚਾ ਚੁੱਕਿਆ ਜਾਵੇਗਾ।
ਰੋਸ-ਮੁਜ਼ਾਹਰੇ ਨੂੰ ਭਾਰਤੀ ਕਿਸਾਨ ਯੂਨੀਅਨ-ਉਗਰਾਹਾਂ ਦੇ ਗੁਰਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ-ਡਕੌਂਦਾ ਦੇ ਤਾਰਾ ਚੰਦ ਬਰੇਟਾ, ਪੰਜਾਬ ਕਿਸਾਨ ਯੂਨੀਅਨ ਦੇ ਊਧਮ ਸਿੰਘ ਸੰਤੋਖਪੁਰਾ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਕੁਲਦੀਪ ਸਿੰਘ, ਡੀ. ਟੀ. ਐੱਫ. ਦੇ ਦਾਤਾ ਸਿੰਘ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਿੱਕਰ ਹਥੋਆ, ਜਮਹੂਰੀ ਅਧਿਕਾਰ ਸਭਾ ਦੇ ਮਨਧੀਰ ਸਿੰਘ, ਸਵਰਨਜੀਤ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਧਰਮਪਾਲ, ਐੱਸ. ਐੱਸ. ਏ. ਰਮਸਾ ਅਧਿਆਪਕ ਯੂਨੀਅਨ ਦੇ ਹਰਦੀਪ ਟੋਡਰਪੁਰ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸਤਨਾਮ, 6060 ਅਧਿਆਪਕ ਯੂਨੀਅਨ ਦੇ ਰਘਵੀਰ ਭਵਾਨੀਗੜ੍ਹ, ਪੰਜਾਬ ਸਟੂਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਕੁਲਵਿੰਦਰ ਨਦਾਮਪੁਰ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਦਸੌਂਧਾ ਸਿੰਘ ਸਮੇਤ ਦਰਜਨਾਂ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਚੱਲ ਰਹੇ ਸੰਘਰਸ਼ ਪ੍ਰਤੀ ਇਕਜੁੱਟਤਾ ਪ੍ਰਗਟਾਈ।