ਪਰਚਾ ਰੱਦ ਕਰਨ ਦੀ ਮੰਗ ਕਰਦਿਅਾਂ ਦਿਨ ਭਰ ਚੱਲਿਅਾ ਹਾਈ-ਵੋਲਟੇਜ ਡਰਾਮਾ
Monday, Jul 30, 2018 - 02:48 AM (IST)

ਹੁਸ਼ਿਅਾਰਪੁਰ, (ਜ. ਬ.)– ਬੀਤੇ ਮੰਗਲਵਾਰ ਪੁਰਾਣੇ ਕਮੇਟੀ ਦਫਤਰ ’ਚ ਟਿਊਬਵੈੱਲ ਅਾਪ੍ਰੇਟਰ ਰਿਸ਼ੀ ਕੁਮਰਾ ਨਾਲ ਕੁੱਟ-ਮਾਰ ਕਰ ਕੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਅਾ ’ਤੇ ਪਾਉਣ ਅਤੇ ਅਾਤਮਹੱਤਿਅਾ ਲਈ ਉਕਸਾਉਣ ਦੇ ਦੋਸ਼ ’ਚ ਕੱਲ ਥਾਣਾ ਸਿਟੀ ਪੁਲਸ ਨੇ 5 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਸੀ।
ਸਿਟੀ ਪੁਲਸ ਨੇ ਮੁਲਜ਼ਮਾਂ ਕਮਲ ਭੱਟੀ, ਵਿਕਾਸ ਹੰਸ, ਰਣਜੀਤ ਬਬਲੂ, ਗੌਰਵ ਤੇ ਲੱਕੀ ਰਾਜਾ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਇਸ ਦੇ ਖਿਲਾਫ ਅੈਤਵਾਰ ਨੂੰ ਬਸਪਾ ਦੇ ਦੋਅਾਬਾ ਜੋਨ ਪ੍ਰਧਾਨ ਭਗਵਾਨ ਦਾਸ ਨਾਲ ਵੱਖ-ਵੱਖ ਦਲਿਤ ਜਥੇਬੰਦੀਅਾਂ ਵੱਲੋਂ ਅੈੱਸ. ਅੈੱਸ. ਪੀ. ਏਲੀਚੇਲਿਅਨ ਨੂੰ ਮਿਲ ਕੇ ਮਾਮਲਾ ਰੱਦ ਕਰਨ ਦੀ ਮੰਗ ਕੀਤੀ ਗਈ।
ਬਸਪਾ ਨੇਤਾਵਾਂ ਨੇ ਦੱਸਿਅਾ ਕਿ ਐੱਸ. ਐੱਸ. ਪੀ. ਵੱਲੋਂ ਉਨ੍ਹਾਂ ਨੂੰ ਸੋਮਵਾਰ ਸਵੇਰੇ 11 ਮਿਲਣ ਦਾ ਸਮਾਂ ਦਿੱਤਾ ਗਿਅਾ ਹੈ। ਜੇਕਰ ਇਹ ਕੇਸ ਰੱਦ ਨਾ ਕੀਤਾ ਗਿਅਾ ਤਾਂ ਉਹ ਥਾਣਾ ਸਿਟੀ ਦਾ ਘੇਰਾਓ ਕਰ ਕੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਜਾਣਗੇ।
ਥਾਣਾ ਸਿਟੀ ਪੁਲਸ ਨੂੰ ਲਿਖਵਾਈ ਸ਼ਿਕਾਇਤ ’ਚ ਟਿਊਬਵੈੱਲ ਅਾਪ੍ਰੇਟਰ ਰਿਸ਼ੀ ਕੁਮਰਾ ਨੇ ਦੱਸਿਅਾ ਕਿ 24 ਜੁਲਾਈ ਨੂੰ ਉਸ ਨੂੰ ਇਕ ਨਿਗਮ ਅਧਿਕਾਰੀ ਦਾ ਫੋਨ ਅਾਇਅਾ, ਜਿਸ ਨੇ ਉਸ ਨੂੰ ਪੁਰਾਣੇ ਕਮੇਟੀ ਦਫਤਰ ਬੁਲਾਇਅਾ। ਜਦੋਂ ਉਹ ਉਥੇ ਪੁੱਜਾ ਤਾਂ ਉਥੇ ਕਮਲ ਭੱਟੀ, ਵਿਕਾਸ ਹੰਸ ਤੇ ਕੁਝ ਲਡ਼ਕੇ ਮੌਜੂਦ ਸਨ। ਉਨ੍ਹਾਂ ਨੇ ਉਸ ਨੂੰ ਕਿਹਾ ਕਿ ਵਟਸਅੈਪ ਗਰੁੱਪ ’ਚ ਤੁਸੀਂ ਅੈੱਸ. ਸੀ. ਖਿਲਾਫ ਗਲਤ ਸ਼ਬਦਾਵਲੀ ਵਰਤੀ ਹੈ। ਉਹ ਅਧਿਕਾਰੀ ਸਾਹਮਣੇ ਅਾਪਣੀ ਗੱਲ ਰੱਖ ਰਿਹਾ ਸੀ ਕਿ ਉਸ ਨੇ ਅਜਿਹਾ ਕੁਝ ਨਹੀਂ ਕੀਤਾ ਕਿ ਇਸ ਦੌਰਾਨ ਕਮਲ ਭੱਟੀ ਨੇ ਉਸ ਨੂੰ ਥੱਪਡ਼ ਮਾਰ ਦਿੱਤਾ। ਇਸ ਤੋਂ ਬਾਅਦ ਉਥੇ ਮੌਜੂਦ ਵਿਕਾਸ ਹੰਸ, ਰਣਜੀਤ ਬਬਲੂ, ਗੌਰਵ, ਲੱਕੀ ਰਾਜਾ ਤੇ ਹੋਰ ਨੌਜਵਾਨਾਂ ਨੇ ਨਾ ਕੇਵਲ ਉਸ ਨਾਲ ਕੁੱਟ-ਮਾਰ ਕੀਤੀ, ਬਲਕਿ ਉਸਦੀ ਕੁੱਟ-ਮਾਰ ਹੋਣ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਅਾ ’ਤੇ ਵੀ ਅਪਲੋਡ ਕਰ ਦਿੱਤੀ।
ਅਗਲੇ ਦਿਨ ਉਸ ਨੂੰ ਬੁਲਾ ਕੇ ਉਸ ਦਾ ਧੱਕੇਸ਼ਾਹੀ ਨਾਲ ਰਾਜ਼ੀਨਾਮਾ ਕਰਵਾ ਦਿੱਤਾ ਗਿਅਾ। ਉਸੇ ਸ਼ਾਮ ਕਮਲ ਭੱਟੀ ਉਸ ਨੂੰ ਫਿਰ ਮਿਲ ਪਿਅਾ ਤੇ ਧਮਕੀਅਾਂ ਦੇਣ ਲੱਗਾ ਕਿ ਸਵੇਰੇ ਰਾਜ਼ੀਨਾਮੇ ਦੌਰਾਨ ਜੋ 10 ਹਜ਼ਾਰ ਰੁਪਏ ਦਿੱਤੇ ਸਨ, ਉਸ ਨੂੰ ਵਾਪਸ ਕਰ ਦੇਵੇ ਨਹੀਂ ਤਾਂ ਉਸ ਦੀ ਦੂਜੀ ਵੀਡੀਓ ਵੀ ਵਾਇਰਲ ਕਰ ਦਿੱਤੀ ਜਾਵੇਗੀ। ਇਸ ਦੌਰਾਨ ਵੀ ਉਸ ਨੇ ਉਸ ਨਾਲ ਕੁੱਟ-ਮਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਉਥੋਂ ਦੌਡ਼ ਗਿਅਾ। ਇਸੇ ਡਰ ਦੇ ਮਾਰੇ ਉਸ ਨੇ ਘਰ ਅਾ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਅਾ। ਉਸਦੀ ਤਬੀਅਤ ਖਰਾਬ ਹੋਣ ’ਤੇ ਉਸਦੇ ਘਰ ਵਾਲਿਅਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਹੁਸ਼ਿਅਾਰਪੁਰ ਵਿਖੇ ਦਾਖਲ ਕਰਵਾਇਅਾ, ਜਿਥੋਂ ਉਸ ਦੀ ਗੰਭੀਰ ਹਾਲਤ ਦੇਖਦੇ ਹੋਏ ਇਕ ਨਿੱਜੀ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਅਾ।
ਜਦੋਂ ਹੋ ਗਿਅਾ ਸਮਝੌਤਾ ਤਾਂ ਮਾਮਲਾ ਦਰਜ ਕਿਉਂ?
ਬਸਪਾ ਨੇਤਾਵਾਂ ਪੁਰਸ਼ੋਤਮ ਲਾਲ ਅਹੀਰ ਤੇ ਭਗਵਾਨ ਦਾਸ ਨੇ ਦੋਸ਼ ਲਾਇਅਾ ਕਿ ਜਦੋਂ ਦੋਵਾਂ ਧਿਰਾਂ ਵਿਚਾਲੇ ਅਾਪਸੀ ਰਜ਼ਾਮੰਦੀ ਨਾਲ ਸਮਝੌਤਾ ਹੋ ਗਿਅਾ ਤਾਂ ਰਿਸ਼ੀ ਕੁਮਰਾ ਨੇ ਕਿਸ ਦੇ ਬਹਿਕਾਵੇ ’ਚ ਅਾ ਕੇ ਸ਼ਿਕਾਇਤ ਦਰਜ ਕਰਵਾਈ ਹੈ। ਰਾਜ਼ੀਨਾਮੇ ਦੀ ਵੀਡੀਓ ਅਸੀਂ ਪੁਲਸ ਅਧਿਕਾਰੀਅਾਂ ਨੂੰ ਸੌਂਪ ਦਿੱਤੀ ਹੈ। ਪੁਲਸ ਨੇ ਕਿਸ ਦੇ ਇਸ਼ਾਰੇ ’ਤੇ ਝੂਠਾ ਕੇਸ ਦਰਜ ਕੀਤਾ ਹੈ, ਪੁਲਸ ਇਸ ਦੀ ਵੀ ਜਾਂਚ ਕਰ ਕੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕਰੇ।