ਚਾਚਾ ਵੰਡ ਰਿਹਾ ਸੀ ਆਟਾ, ਭਤੀਜਿਆਂ ਨੇ ਪੁਲਸ ਨੂੰ ਕੀਤੀ ਸ਼ਿਕਾਇਤ

Sunday, Dec 17, 2017 - 08:11 AM (IST)

ਜਲੰਧਰ,  (ਮਹੇਸ਼)- ਰਾਮਾ ਮੰਡੀ ਦੇ ਵਾਰਡ ਨੰਬਰ 13 ਵਿਖੇ ਸ਼ਨੀਵਾਰ ਦੇਰ ਰਾਤ ਨੂੰ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਇਸ ਵਾਰਡ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੀ ਬਿਮਲਾ ਰਾਣੀ ਦੇ ਪਤੀ ਵਿਜੇ ਕੁਮਾਰ ਦਕੋਹਾ 'ਤੇ ਅਕਾਲੀ-ਭਾਜਪਾ ਉਮੀਦਵਾਰ ਵੰਦਨਾ ਤੁਲਸੀ ਦੇ ਪਤੀ ਵਿੱਕੀ ਤੁਲਸੀ ਨੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਰਿਸ਼ਤੇ ਵਿਚ ਉਸ ਦਾ ਚਾਚਾ ਲੱਗਦਾ ਵਿਜੇ ਦਕੋਹਾ ਵੋਟਰਾਂ ਨੂੰ ਆਪਣੇ ਵੱਲ ਭਰਮਾਉਣ ਲਈ ਆਟਾ-ਚੌਲ ਅਤੇ ਹੋਰ ਰਾਸ਼ਨ ਵੰਡ ਰਿਹਾ ਹੈ। ਜ਼ਿਕਰਯੋਗ ਹੈ ਕਿ ਉਕਤ ਵਾਰਡ ਵਿਚ ਚੋਣ ਲੜ ਰਹੀਆਂ ਦੋਵੇਂ ਉਮੀਦਵਾਰਾਂ ਰਿਸ਼ਤੇ 'ਚ ਚਾਚੀ ਸੱਸ ਅਤੇ ਨੂੰਹ ਭਤੀਜੀ ਲੱਗਦੀਆਂ ਹਨ। ਅਕਾਲੀ-ਭਾਜਪਾ ਸਮਰਥਕ ਭਤੀਜਿਆਂ ਵਿੱਕੀ ਤੁਲਸੀ, ਦੀਪੂ ਤੁਲਸੀ ਅਤੇ ਗੋਲਡੀ ਤੁਲਸੀ ਨੂੰ ਜਿਵੇਂ ਹੀ ਆਪਣੇ ਚਾਚੇ ਵਲੋਂ ਵੋਟਰਾਂ ਨੂੰ ਰਾਸ਼ਨ ਵੰਡਣ ਸਬੰਧੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ 'ਤੇ ਜਾ ਕੇ ਰਾਸ਼ਨ ਲੈ ਕੇ ਆ ਰਹੇ ਲੋਕਾਂ ਨੂੰ ਰੰਗੇ ਹੱਥੀਂ ਫੜ ਲਿਆ, ਜਿਨ੍ਹਾਂ ਨੇ ਦੱਸਿਆ ਕਿ ਇਹ ਰਾਸ਼ਨ ਉਹ ਵਿਜੇ ਦਕੋਹਾ ਦੇ ਸਮਰਥਕਾਂ ਤੋਂ ਲੈ ਕੇ ਆ ਰਹੇ ਹਨ। 
ਇਕ ਔਰਤ ਨੇ ਕਿਹਾ ਕਿ ਉਹ ਬੁਖਾਰ ਦੇ ਕਾਰਨ ਘਰ ਵਿਚ ਸੁੱਤੀ ਹੋਈ ਸੀ, ਉਸ ਨੂੰ ਜ਼ਬਰਦਸਤੀ ਰਾਸ਼ਨ ਲੈ ਜਾਣ ਲਈ ਕਿਹਾ ਗਿਆ, ਜਿਸ ਤੋਂ ਬਾਅਦ ਉਸ ਨੂੰ ਮਜਬੂਰ ਹੋ ਕੇ ਇਥੇ ਆਉਣਾ ਪਿਆ। ਵਿੱਕੀ ਤੁਲਸੀ ਨੇ ਚਾਚੇ ਵਲੋਂ ਰਾਸ਼ਨ ਵੰਡਣ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਮੌਕੇ 'ਤੇ ਏ. ਸੀ. ਪੀ. ਸੈਂਟਰਲ ਸਤਿੰਦਰ ਕੁਮਾਰ ਚੱਢਾ ਅਤੇ ਐੱਸ. ਐੱਚ. ਓ. ਰਾਮਾ ਮੰਡੀ ਰਾਜੇਸ਼ ਠਾਕੁਰ ਪਹੁੰਚ ਗਏ। 
ਵਿਜੇ ਦਕੋਹਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਭਤੀਜੇ ਉਸ 'ਤੇ ਝੂਠਾ ਦੋਸ਼ ਲਾ ਰਹੇ ਹਨ। ਉਸ ਨੇ ਕਿਸੇ ਨੂੰ ਕੋਈ ਰਾਸ਼ਨ ਨਹੀਂ ਵੰਡਿਆ ਹੈ। ਵਿਜੇ ਦਕੋਹਾ ਨੇ ਕਿਹਾ ਕਿ ਉਸ ਦੀ ਜਿੱਤ ਨਜ਼ਰ ਆਉਂਦੀ ਦੇਖ ਕੇ ਉਸ ਦੇ ਭਤੀਜੇ ਬੌਖਲਾ ਗਏ ਹਨ। ਏ. ਸੀ. ਪੀ. ਚੱਢਾ ਮੌਕੇ ਤੋਂ ਬਰਾਮਦ ਰਾਸ਼ਨ ਥਾਣੇ ਲੈ ਗਏ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। 


Related News