ਟਰੱਕ ਡਰਾਈਵਰਾਂ ਤੋਂ ਲੁੱਟ-ਖੋਹ ਕਰਨ ਵਾਲੇ ਖ਼ਤਰਨਾਕ ਮਾਮਾ-ਭਾਣਜਾ ਗ੍ਰਿਫਤਾਰ
Wednesday, May 19, 2021 - 07:21 PM (IST)
ਲੁਧਿਆਣਾ (ਜ.ਬ) : ਸਲੇਮ ਟਾਬਰੀ ਦੀ ਪੁਲਸ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਟਰੱਕ ਡਰਾਈਵਰਾਂ ਤੋਂ ਲੁੱਟ-ਖੋਹ ਕਰਨ ਵਾਲੇ ਮਾਮੇ-ਭਾਣਜੇ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 5 ਮੋਬਾਇਲ, ਚੋਰੀ ਦੇ 2 ਮੋਟਰਸਾਈਕਲ, 2500 ਰੁਪਏ ਦੀ ਨਕਦੀ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜ਼ਿਲਾ ਜਲੰਧਰ ਦੀ ਤਹਿਸੀਲ ਫਿਲੌਰ ਦੇ ਪਿੰਡ ਗੰਨਾ ਦੇ 30 ਸਾਲਾ ਰਣਧੀਰ ਕੁਮਾਰ ਉਰਫ ਧੀਰਾ ਅਤੇ ਮੁਹੱਲਾ ਸੰਤੋਖਪੁਰਾ ਦੇ 21 ਸਾਲਾ ਪਾਰਸ ਵਜੋਂ ਹੋਈ ਹੈ। ਇਸ ਕਾਮਯਾਬੀ ਤੋਂ ਖੁਸ਼ ਉੱਤਰੀ ਇਲਾਕੇ ਦੇ ਅਸਿਸਟੈਂਟ ਕਮਸ਼ਿਨਰ ਆਫ ਪੁਲਸ ਗੁਰਬਿੰਦਰ ਸਿੰਘ ਨੇ ਇੰਸਪੈਕਟਰ ਗੋਪਾਲ ਕ੍ਰਿਸ਼ਨ, ਏ. ਐੱਸ. ਆਈ. ਜਿੰਦਰ ਲਾਲ ਸਿੱਧੂ, ਏ. ਐੱਸ. ਆਈ. ਜਨਕ ਰਾਜ ਦੀ ਪਿੱਠ ਥਾਪੜਦਿਆਂ ਕਿਹਾ ਕਿ ਦੋਵਾਂ ਬਦਮਾਸ਼ਾਂ ਨੂੰ ਸੂਚਨਾ ਦੇ ਆਧਾਰ ’ਤੇ ਪਿੰਡ ਕੁਤਬੇਵਾਲ ਕੋਲੋਂ ਕਾਬੂ ਕੀਤਾ ਗਿਆ। ਮੁੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁੱਛਗਿੱਛ ਲਈ 2 ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ।
ਇਹ ਵੀ ਪੜ੍ਹੋ : ਔਰਤ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਆਤਮ-ਹੱਤਿਆ
ਉਡਾ ਦਿੱਤੀ ਸੀ ਪੁਲਸ ਦੀ ਨੀਂਦ
ਗੁਰਬਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਇੰਨੇ ਸ਼ਾਤਰ ਹਨ ਕਿ ਉਨ੍ਹਾਂ ਨੇ 15-16 ਮਈ ਦੀ ਰਾਤ ਨੂੰ ਟਰੱਕ ਡਰਾਈਵਰਾਂ ਨਾਲ ਇਕੱਠਿਆਂ ਲੁੱਟ-ਖੋਹ ਦੀਆਂ 3 ਵਾਰਦਾਤਾਂ ਕਰ ਕੇ ਪੁਲਸ ਦੀ ਨੀਂਦ ਉਡਾ ਦਿੱਤੀ ਸੀ। ਇਹ ਹਾਈਵੇ ’ਤੇ ਖੜ੍ਹੇ ਟਰੱਕ ਦੇ ਡਰਾਈਵਰਾਂ ਅਤੇ ਉਨ੍ਹਾਂ ਦੇ ਕਲੀਨਰਾਂ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਨਿਸ਼ਾਨਾ ਬਣਾਉਂਦੇ ਸਨ। ਧੀਰਾ ਦਾ ਚੰਗਾ ਖਾਸਾ ਨਿੱਗਰ ਸਰੀਰ ਹੈ, ਜਿਸ ਕਾਰਨ ਸਾਹਮਣੇ ਵਾਲਾ ਡਰ ਜਾਂਦਾ ਸੀ। ਮੁਲਜ਼ਮਾਂ ਨੇ ਲੁੱਟ-ਖੋਹ ਦੀਆਂ 2 ਦਰਜਨ ਤੋਂ ਜ਼ਿਆਦਾ ਵਰਦਾਤਾਂ ’ਚ ਸ਼ਮੂਲੀਅਤ ਕਬੂਲੀ ਹੈ।
ਧੀਰੇ ’ਤੇ ਦਰਜਨ ਤੋਂ ਜ਼ਿਆਦਾ ਕੇਸ ਦਰਜ
ਇੰਸ. ਗੋਪਾਲ ਕ੍ਰਿਸ਼ਨ ਮੁਤਾਬਿਕ ਧੀਰੇ ’ਤੇ ਲੁੱਟ-ਖੋਹ, ਨਸ਼ਾ ਸਮੱਗਲਿੰਗ, ਕੁੱਟ ਮਾਰ ਸਮੇਤ ਜਲੰਧਰ, ਕਪੂਰਥਲਾ, ਲੁਧਿਆਣਾ ਸਮੇਤ ਕਈ ਸ਼ਹਿਰਾਂ ਵਿਚ ਇਕ ਦਰਜਨ ਤੋਂ ਜ਼ਿਆਦਾ ਪਰਚੇ ਦਰਜ ਹਨ। ਜਦੋਂ ਕਿ ਉਸ ਦੇ ਭਾਣਜੇ ’ਤੇ ਲੁੱਟ-ਖੋਹ ਅਤੇ ਚੋਰੀ ਦੇ ਜਲੰਧਰ ਅਤੇ ਲੁਧਿਆਣਾ ’ਚ 3 ਕੇਸ ਦਰਜ ਹਨ।
ਇਹ ਵੀ ਪੜ੍ਹੋ : ਇਕ ਮਹੀਨੇ ’ਚ ਹੀ ਕਾਫੀ ਖਤਰਨਾਕ ਹੋ ਚੁੱਕਾ ਹੈ ਕੋਰੋਨਾ ਵਾਇਰਸ
ਧੀਰਾ ਮਾਰਚ ਅਤੇ ਪਾਰਸ ਜਨਵਰੀ ’ਚ ਜੇਲ ਤੋਂ ਆਇਆ ਬਾਹਰ
ਗੋਪਾਲ ਨੇ ਦੱਸਿਆ ਕਿ ਪਾਰਸ ਇਸੇ ਸਾਲ ਦੇ ਜਨਵਰੀ ਮਹੀਨੇ ਵਿਚ ਅਤੇ ਧੀਰਾ ਮਾਰਚ ਮਹੀਨੇ ’ਚ ਜੇਲ ਤੋਂ ਜ਼ਮਾਨਤ ’ਤੇ ਬਾਹਰ ਆਇਆ ਸੀ ਅਤੇ ਆਉਂਦੇ ਹੀ ਮੁਲਜ਼ਮ ਫਿਰ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਲੱਗੇ। ਦੋਵੇਂ ਮਾਮਾ-ਭਾਣਜਾ ਨਸ਼ੇ ਦੇ ਆਦੀ ਹਨ ਅਤੇ ਨਸ਼ੇ ਲਈ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦੇ ਸਨ।
ਚੋਰੀ ਦੇ ਮੋਟਰਸਾਈਕਲਾਂ ’ਤੇ ਕਰਦੇ ਸਨ ਵਾਰਦਾਤ
ਗੁਰਬਿੰਦਰ ਨੇ ਦੱਸਿਆ ਕਿ ਮੁਲਜ਼ਮ ਚੋਰੀ ਦੇ ਮੋਟਰਸਾਈਕਲਾਂ ’ਤੇ ਵਾਰਦਾਤਾਂ ਕਰਦੇ ਸਨ। ਉਨ੍ਹਾਂ ਤੋਂ ਬਰਾਮਦ ਮੋਟਰਸਾਈਕਲ ਉਨ੍ਹਾਂ ਨੇ ਜਲੰਧਰ ਅਤੇ ਫਿਲੌਰ ਤੋਂ ਚੋਰੀ ਕੀਤੇ ਸਨ. ਜਿਨ੍ਹਾਂ ਦੇ ਮਾਲਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕੋਰੋਨਾ ਮਰੀਜ਼ਾਂ ਦਾ ਇਲਾਜ ਕਰਵਾਉਣ ਲਈ ਬੈਂਸ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ