ਜਲੰਧਰ ਦੇ ਲੋਕਾਂ ਲਈ ਅਲਟੀਮੇਟਮ! 5 ਦਿਨ ਦੇ ਅੰਦਰ-ਅੰਦਰ ਹਰ ਕਿਸੇ ਨੂੰ ਕਰਨਾ ਪਵੇਗਾ ਇਹ ਕੰਮ

Saturday, Jul 20, 2024 - 10:31 AM (IST)

ਜਲੰਧਰ ਦੇ ਲੋਕਾਂ ਲਈ ਅਲਟੀਮੇਟਮ! 5 ਦਿਨ ਦੇ ਅੰਦਰ-ਅੰਦਰ ਹਰ ਕਿਸੇ ਨੂੰ ਕਰਨਾ ਪਵੇਗਾ ਇਹ ਕੰਮ

ਜਲੰਧਰ (ਖੁਰਾਣਾ)– ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਦੇ ਮਾਮਲੇ ਵਿਚ ਜਲੰਧਰ ਨਗਰ ਨਿਗਮ ਨੂੰ ਜੋ ਅਲਟੀਮੇਟਮ ਦਿੱਤਾ ਹੈ, ਉਸ ਤੋਂ ਬਾਅਦ ਜਲੰਧਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਨੇ ਬਹੁਤ ਸਖ਼ਤ ਹੁਕਮ ਕੱਢੇ ਹਨ, ਜਿਸ ਤਹਿਤ ਸ਼ਹਿਰ ਦੇ ਹਰ ਘਰ ਨੂੰ 25 ਜੁਲਾਈ ਤਕ ਆਪਣਾ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰ ਕੇ ਦੇਣਾ ਹੋਵੇਗਾ, ਨਹੀਂ ਤਾਂ ਨਗਰ ਨਿਗਮ ਦੀ ਟੀਮ ਚਲਾਨ ਕੱਟੇਗੀ। ਜ਼ਿਕਰਯੋਗ ਹੈ ਕਿ ਐੱਨ. ਜੀ. ਟੀ. ਨੇ ਇਨ੍ਹਾਂ ਹੁਕਮਾਂ ’ਤੇ ਅਮਲ ਲਈ ਨਿਗਮ ਨੂੰ ਕੁਝ ਦਿਨਾਂ ਦਾ ਹੀ ਸਮਾਂ ਦਿੱਤਾ ਹੈ, ਜਿਸ ਦੇ ਆਧਾਰ ’ਤੇ ਨਿਗਮ ਕਮਿਸ਼ਨਰ ਨੇ ਨਿਗਮ ਦੇ ਲੱਗਭਗ ਸਾਰੇ ਅਧਿਕਾਰੀਆਂ ਦੀ ਡਿਊਟੀ ਤੈਅ ਕਰ ਦਿੱਤੀ ਹੈ ਅਤੇ ਟਾਈਮ ਲਾਈਨ ਵੀ ਫਿਕਸ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਫ਼ੌਜ ਦੇ ਟਰੱਕ ਨਾਲ ਜਲੰਧਰ 'ਚ ਵਾਪਰਿਆ ਭਿਆਨਕ ਹਾਦਸਾ, ਟਰੱਕ ਦੀ ਟੱਕਰ ਨਾਲ ਲੱਗੀਆਂ 5 ਪਲਟੀਆਂ

ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਮਿਸ਼ਨਰ ਗੌਤਮ ਜੈਨ ਨੇ ਕਿਹਾ ਕਿ ਜਿਹੜੀਆਂ ਕਮਰਸ਼ੀਅਲ ਸੰਸਥਾਵਾਂ ਵਿਚੋਂ 50 ਕਿੱਲੋ ਤੋਂ ਵੱਧ ਕੂੜਾ ਰੋਜ਼ਾਨਾ ਨਿਕਲਦਾ ਹੈ, ਉਨ੍ਹਾਂ ਨੂੰ ਇਹ ਕੂੜਾ ਆਪਣੇ ਕੰਪਲੈਕਸ ਵਿਚ ਹੀ ਮੈਨੇਜ ਕਰਨਾ ਹੋਵੇਗਾ, ਨਹੀਂ ਤਾਂ ਨਿਗਮ ਦੀ ਟੀਮ ਇਹ ਕੂੜਾ ਨਹੀਂ ਚੁੱਕੇਗੀ। ਅਜਿਹਾ ਨਾ ਕਰਨ ਦੀ ਸੂਰਤ ਵਿਚ ਇਨ੍ਹਾਂ ਸੰਸਥਾਵਾਂ ਨੂੰ 5 ਤੋਂ ਲੈ ਕੇ 25 ਹਜ਼ਾਰ ਰੁਪਏ ਤਕ ਜੁਰਮਾਨਾ ਕੀਤਾ ਜਾਵੇਗਾ। ਨਿਗਮ ਕਮਿਸ਼ਨਰ ਨੇ ਦੱਸਿਆ ਕਿ ਇਸ ਕੂੜੇ ਨੂੰ ਮੈਨੇਜ ਕਰਨ ਲਈ ਫੋਲੜੀਵਾਲ, ਦਕੋਹਾ, ਬੜਿੰਗ, ਬਸਤੀ ਸ਼ੇਖ ਆਦਿ ਡੰਪ ਸਥਾਨਾਂ ’ਤੇ ਪ੍ਰੋਸੈਸਿੰਗ ਮਸ਼ੀਨਾਂ ਲਾਈਆਂ ਜਾ ਰਹੀਆਂ ਹਨ ਅਤੇ ਡੰਪ ਸਥਾਨਾਂ ’ਤੇ ਹੋਰ ਵੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਐਡੀਸ਼ਨਲ ਕਮਿਸ਼ਨਰ ਅਮਰਜੀਤ ਬੈਂਸ, ਜੁਆਇੰਟ ਕਮਿਸ਼ਨਰ ਪੁਨੀਤ ਸ਼ਰਮਾ, ਅਸਿਸਟੈਂਟ ਕਮਿਸ਼ਨਰ ਰਾਜੇਸ਼ ਖੋਖਰ ਅਤੇ ਨਿਗਮ ਯੂਨੀਅਨ ਦੇ ਆਗੂ ਬੰਟੂ ਸੱਭਰਵਾਲ ਵੀ ਮੌਜੂਦ ਸਨ।

ਰੈਗ ਪਿਕਰਸ ਦਾ ਸਿਸਟਮ ਬਣਾਏਗਾ ਨਿਗਮ, ਸਾਧਨ ਵੀ ਮੁਹੱਈਆ ਕਰਵਾਏ ਜਾਣਗੇ

ਨਿਗਮ ਕਮਿਸ਼ਨਰ ਨੇ ਦੱਸਿਆ ਕਿ ਘਰਾਂ ਵਿਚੋਂ ਕੂੜਾ ਇਕੱਤਰ ਕਰਨ ਵਾਲੇ ਰੈਗ ਪਿਕਰਸ ਦਾ ਡਾਟਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਇਸ ਸਿਸਟਮ ਦਾ ਹਿੱਸਾ ਬਣਾਇਆ ਜਾਵੇਗਾ। ਯਕੀਨੀ ਬਣਾਇਆ ਕਿ ਹਰ ਰੈਗ ਪਿਕਰ ਗਿੱਲਾ-ਸੁੱਕਾ ਕੂੜਾ ਵੱਖ-ਵੱਖ ਕਰ ਕੇ ਹੀ ਲਿਆਵੇ। ਇਸਦੇ ਲਈ ਰੇਹੜੀਆਂ ਆਦਿ ਦੀ ਖਰੀਦ ਵੀ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਸੱਚਖੰਡ ਸ੍ਰੀ ਦਰਬਾਰ ਸਾਹਿਬ ਨੇੜੇ ਹੋਈ ਬੇਅਦਬੀ!

ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਦੇ ਮੇਨ ਡੰਪ ਸਥਾਨਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਇੰਸਟਾਲ ਕੀਤੇ ਜਾਣਗੇ ਤਾਂ ਕਿ ਲੋਕ ਉਥੇ ਸਿੱਧਾ ਕੂੜਾ ਨਾ ਸੁੱਟ ਸਕਣ। ਉਨ੍ਹਾਂ ਕਿਹਾ ਕਿ ਵਰਿਆਣਾ ਡੰਪ ’ਤੇ ਪੁਰਾਣੇ ਕੂੜੇ ਨੂੰ ਖਤਮ ਕਰਨ ਲਈ ਬਾਇਓ-ਮਾਈਨਿੰਗ ਪਲਾਂਟ ਦੀ ਫਾਈਨਾਂਸ਼ੀਅਲ ਬਿਡ ਓਪਨ ਕਰ ਦਿੱਤੀ ਗਈ ਹੈ ਅਤੇ ਜਲਦ ਉਥੇ ਪਲਾਂਟ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਘਰਾਂ ਵਿਚੋਂ ਕੂੜਾ ਚੁੱਕਣ ਦੇ ਪੈਸੇ ਨਵੇਂ ਸਿਰੇ ਤੋਂ ਤੈਅ ਹੋਣਗੇ, ਲੋਕਾਂ ਦੇ ਸੁਝਾਅ ਵੀ ਮੰਗੇ ਜਾਣਗੇ

ਕਮਿਸ਼ਨਰ ਨੇ ਦੱਸਿਆ ਇਕ ਹਰ ਘਰ ਵਿਚੋਂ ਗਿੱਲਾ-ਸੁੱਕਾ ਕੂੜਾ ਇਕੱਠਾ ਕਰਨ ਦੀ ਮੁਹਿੰਮ ਤਹਿਤ ਨਵੇਂ ਸਿਰੇ ਤੋਂ ਯੂਜ਼ਰਜ਼ ਚਾਰਜ ਵੀ ਤੈਅ ਕੀਤੇ ਜਾ ਰਹੇ ਹਨ ਤਾਂ ਕਿ ਹਰ ਇਲਾਕੇ ਦੇ ਹਿਸਾਬ ਨਾਲ ਹਰ ਘਰ ਵਿਚੋਂ ਇਕੋ-ਜਿਹੇ ਚਾਰਜ ਵਸੂਲੇ ਜਾ ਸਕਣ ਅਤੇ ਇਸ ਵਿਚ ਕੋਈ ਮਨਮਾਨੀ ਨਾ ਹੋਵੇ। ਇਸ ਮੁਹਿੰਮ ਵਿਚ ਨਗਰ ਨਿਗਮ ਯੂਨੀਅਨ ਦੇ ਆਗੂ ਬੰਟੂ ਸੱਭਰਵਾਲ ਨੇ ਵੀ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਿਦੱਤਾ। ਨਿਗਮ ਕਮਿਸ਼ਨਰ ਨੇ ਦੱਸਿਆ ਕਿ ਯੂਜ਼ਰਜ਼ ਚਾਰਜ ਤੋਂ ਹੋਣ ਵਾਲੀ ਆਮਦਨ ਦਾ ਇਕ ਵੱਡਾ ਹਿੱਸਾ ਰੈਗ ਪਿਕਰਸ ਅਤੇ ਨਿਗਮ ਦੇ ਸਫਾਈ ਸੇਵਕਾਂ ਦੀ ਭਲਾਈ ’ਤੇ ਖਰਚ ਹੋਵੇਗਾ।

ਨਿਗਮ ਦੇ ਸਾਹਮਣੇ ਹਨ ਕਈ ਸਮੱਸਿਆਵਾਂ ਪਰ ਇਰਾਦੇ ਨੇਕ

ਹੁਣ ਐੱਨ. ਜੀ. ਟੀ. ਨੇ ਅਗਸਤ ਮਹੀਨੇ ਦੇ ਪਹਿਲੇ ਹਫਤੇ ਤਕ ਰਿਪੋਰਟ ਤਲਬ ਕਰ ਲਈ ਹੈ, ਨਹੀਂ ਤਾਂ ਨਿਗਮ ਦੇ ਵੱਡੇ ਅਧਿਕਾਰੀਆਂ ’ਤੇ ਕਾਰਵਾਈ ਤੈਅ ਹੈ। ਅਜਿਹੀ ਹਾਲਤ ਵਿਚ ਨਿਗਮ ਸਾਹਮਣੇ ਚੁਣੌਤੀਆਂ ਤਾਂ ਬਹੁਤ ਹਨ ਪਰ ਕਿਉਂਕਿ ਨਿਗਮ ਦੇ ਇਰਾਦੇ ਨੇਕ ਹਨ, ਇਸ ਲਈ ਸਫਲਤਾ ਦੀ ਸੰਭਾਵਨਾ ਵੀ ਦਿਸ ਰਹੀ ਹੈ। ਆਉਣ ਵਾਲੇ ਦਿਨਾਂ ਵਿਚ ਨਿਗਮ ਨੂੰ ਰੈਗ ਪਿਕਰਸ ਦਾ ਸਿਸਟਮ ਬਣਾਉਣਾ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ - ਸਿੱਖਿਆ ਵਿਭਾਗ ਦਾ ਐਕਸ਼ਨ! ਪੰਜਾਬ ਦੇ 37 ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਤੇ ਸਕੂਲ ਇੰਚਾਰਜਾਂ ਨੂੰ ਨੋਟਿਸ ਜਾਰੀ

ਹਰ ਘਰ ਵਿਚੋਂ ਫਾਈਨ ਸੈਗਰੀਗੇਸ਼ਨ ਦਾ ਪ੍ਰਬੰਧ ਕਰਨਾ ਹੋਵੇਗਾ। ਲੋਕਾਂ ਨੂੰ ਯੂਜ਼ਰਜ਼ ਚਾਰਜ ਦੇਣ ਲਈ ਮਨਾਉਣਾ ਹੋਵੇਗਾ। ਰੈਗ ਪਿਕਰਸ ਨੂੰ ਲੋੜ ਦੇ ਹਿਸਾਬ ਨਾਲ ਰੇਹੜੇ, ਈ-ਰਿਕਸ਼ਾ ਆਦਿ ਮੁਹੱਈਆ ਕਰਵਾਉਣੇ ਹੋਣਗੇ। ਯੂਨੀਅਨ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਦਾ ਸਹਿਯੋਗ ਪ੍ਰਾਪਤ ਕਰਨਾ ਹੋਵੇਗਾ। ਕੂੜੇ ਦੀ ਪ੍ਰੋਸੈਸਿੰਗ ਦੇ ਪਲਾਂਟ ਚਾਲੂ ਕਰਵਾਉਣੇ ਹੋਣਗੇ।

ਖਾਸ ਗੱਲ ਇਹ ਹੈ ਕਿ ਨਗਰ ਨਿਗਮ ਪਿਛਲੇ 8 ਸਾਲਾਂ ਦੌਰਾਨ ਲੱਗਭਗ 8 ਵਾਰ ਅਜਿਹੀ ਮੁਹਿੰਮ ਸ਼ੁਰੂ ਕਰ ਚੁੱਕਿਆ ਹੈ ਪਰ ਹਰ ਵਾਰ ਅਫਸਰਾਂ ਦੇ ਤਬਾਦਲਿਆਂ ਤੋਂ ਬਾਅਦ ਇਹ ਮੁਹਿੰਮ ਦਮ ਤੋੜਦੀ ਰਹੀ ਹੈ। ਹੁਣ ਦੇਖਣਾ ਹੈ ਕਿ ਇਹ ਮੁਹਿੰਮ ਕਿੰਨਾ ਲੰਮਾ ਚੱਲਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News