ਯੂਕਰੇਨ ’ਚ ਫਸੇ ਭਾਰਤੀਆਂ ’ਚ ਬਨੂੜ ਦਾ ਵਿਦਿਆਰਥੀ ਵੀ ਸ਼ਾਮਲ

Monday, Feb 28, 2022 - 02:51 PM (IST)

ਯੂਕਰੇਨ ’ਚ ਫਸੇ ਭਾਰਤੀਆਂ ’ਚ ਬਨੂੜ ਦਾ ਵਿਦਿਆਰਥੀ ਵੀ ਸ਼ਾਮਲ

ਬਨੂੜ (ਗੁਰਪਾਲ) : ਬਨੂੜ ਦੇ ਵਾਰਡ ਨੰਬਰ 8 ਦੇ ਵਸਨੀਕ ਠੇਕੇਦਾਰ ਸਤਬੀਰ ਸਿੰਘ ਦਾ 26 ਸਾਲਾ ਨੌਜਵਾਨ ਪੁੱਤਰ ਸਚਿੰਦਰਾ ਸਿੰਘ ਜੋ ਕਿ ਯੂਕਰੇਨ ਵਿਚ ਪੜ੍ਹਾਈ ਕਰਨ ਗਿਆ ਸੀ ਜੋ ਕਿ ਅੱਜ ਕੱਲ੍ਹ ਰੂਸ ਤੇ ਯੂਕਰੇਨ ਵਿਚ ਚੱਲ ਰਹੀ ਜੰਗ ਕਾਰਨ ਪੋਲੈਂਡ ਬਾਰਡਰ ’ਤੇ ਫਸਿਆ ਹੋਇਆ ਹੈ। ਇਸ ਮਾਮਲੇ ਬਾਰੇ ਫੋਨ ’ਤੇ ਜਾਣਕਾਰੀ ਦਿੰਦੇ ਹੋਏ ਨੌਜਵਾਨ ਵਿਦਿਆਰਥੀ ਸਚਿੰਦਰ ਸਿੰਘ ਨੇ ਦੱਸਿਆ ਕਿ ਇਹ ਉੱਥੇ ਉਸ ਦੇ ਛੇ ਹੋਰ ਸਾਥੀ ਵਿਦਿਆਰਥੀ ਪਿਛਲੇ 48 ਘੰਟੇ ਤੋਂ ਯੂਕਰੇਨ ਅਤੇ ਪੋਲੈਂਡ ਦੇ ਸਰਹੱਦੀ ਖੇਤਰ ਵਿਚ ਆਪਣਾ ਰਸਤਾ ਲੱਭ ਰਹੇ ਹਨ ਪਰ ਪੋਲੈਂਡ ਬਾਰਡਰ ’ਤੇ ਖੜ੍ਹੀ ਫੋਰਸ ਵਲੋਂ ਉਨ੍ਹਾਂ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ। ਨੌਜਵਾਨ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਤੇ ਉਸ ਦੇ ਦੋਸਤ 60 ਕਿਲੋਮੀਟਰ ਦਾ ਪੈਦਲ ਸਫ਼ਰ 11 ਘੰਟੇ ਵਿਚ ਤੈਅ ਕਰਕੇ ਪੋਲੈਂਡ ਬਾਰਡਰ ’ਤੇ ਪਹੁੰਚੇ ਸਨ ਪਰ ਬਾਰਡਰ ’ਤੇ ਤਾਇਨਾਤ ਫੋਰਸ ਵਲੋਂ ਯੂਕਰੇਨ ਦੇ ਨਾਗਰਿਕਾਂ ਨੂੰ ਤਾਂ ਪੋਲੈਂਡ ਵਿਚ ਦਾਖਲ ਕੀਤਾ ਜਾ ਰਿਹਾ ਹੈ ਪਰ ਦੂਜੇ ਦੇਸ਼ਾਂ ਦੇ ਵਸਨੀਕਾਂ ਜਿਨ੍ਹਾਂ ਵਿਚ ਵਿਦਿਆਰਥੀ ਵੀ ਸ਼ਾਮਲ ਹਨ ਨੂੰ ਪੋਲੈਂਡ ਵਿਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ।

ਉਸ ਨੇ ਦੱਸਿਆ ਕਿ ਉਨ੍ਹਾਂ ਕੋਲ ਖਾਣ ਪੀਣ ਦਾ ਜੋ ਵੀ ਸਮਾਨ ਸੀ, ਉਹ ਖ਼ਤਮ ਹੋ ਚੁੱਕਾ ਹੈ ਤੇ ਜੇਕਰ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਨੂੰ ਪੋਲੈਂਡ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਂਦਾ ਜਾਂ ਜੰਗ ਬੰਦ ਨਹੀਂ ਹੁੰਦੀ ਤਾਂ ਉਹ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ। ਪੀੜਤ ਵਿਦਿਆਰਥੀਆਂ ਦੇ ਪਰਿਵਾਰਾਂ ਨੇ ਭਾਰਤ ਸਰਕਾਰ ਤੇ ਸੂਬਾ ਸਰਕਾਰ ਨੂੰ ਉਨ੍ਹਾਂ ਦੇ ਬੱਚਿਆਂ ਨੂੰ ਸੁਰੱਖਿਅਤ ਕੱਢ ਕੇ ਆਪਣੇ ਦੇਸ਼ ਲਿਆਉਣ ਦੀ ਅਪੀਲ ਕੀਤੀ ਹੈ।


author

Gurminder Singh

Content Editor

Related News