ਯੂਕ੍ਰੇਨ ਵਿਚ ਫਸੇ ਵਿਦਿਆਰਥੀਆਂ ਦੀ ਮੱਦਦ ਲਈ ਹੰਗਰੀ ਰਹਿੰਦੇ ਭਾਰਤੀਆਂ ਨੇ ਹੱਥ ਵਧਾਏ
Monday, Mar 07, 2022 - 05:41 PM (IST)
ਧੂਰੀ (ਜੈਨ) : ਰੂਸ ਅਤੇ ਯੂਕ੍ਰੇਨ ਦਰਮਿਆਨ ਚੱਲ ਰਹੀ ਜੰਗ ਕਾਰਣ ਯੂਕ੍ਰੇਨ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਜਿੱਥੇ ਭਾਰਤ ਸਰਕਾਰ ਵੱਲੋਂ ਹਰ ਮੁਮਕਿਨ ਉਪਰਾਲਾ ਕੀਤਾ ਜਾ ਰਿਹਾ ਹੈ, ਉੱਥੇ ਹੀ ਯੂਕ੍ਰੇਨ ਦੇ ਨਾਲ ਲੱਗਦੇ ਮੁਲਕਾਂ ਵਿਚ ਰਹਿੰਦੇ ਭਾਰਤੀਆਂ ਵੱਲੋਂ ਵੀ ਵਿਦਿਆਰਥੀਆਂ ਦੀ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ। ਹੰਗਰੀ ਵਿਚ ਵੱਸਦੇ ਭਾਰਤੀਆਂ ਵੱਲੋਂ ਅਬੈਂਸੀ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਯੂਕ੍ਰੇਨ ਵਿਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਦੀ ਮੱਦਦ ਦੀ ਮੰਗ ਕਰਦਿਆਂ ਕਰੀਬ ਤਿੰਨ ਹਜ਼ਾਰ ਵਿਦਿਆਰਥੀਆਂ ਦਾ ਪ੍ਰਬੰਧ ਬੁੱਧਾਪਸਟ ਨਾਮੀਂ ਸ਼ਹਿਰ ਵਿਚ ਕੀਤਾ ਗਿਆ ਹੈ। ਇਸ ਸਬੰਧੀ ਸਥਾਨਕ ਰਣ ਸਿੰਘ ਫਾਊਂਡੇਸ਼ਨ ਦੇ ਚੇਅਰਮੈਨ ਸ਼ਮਸ਼ੇਰ ਸਿੰਘ ਸ਼ੇਰੂ ਦੇ ਪੁੱਤਰ ਵਿਸ਼ਵ ਲਖਤੀਆ ਨੇ ਦੱਸਿਆ ਕਿ ਵਾਲੰਟੀਅਰਾਂ ਦੀ ਇਕ ਟੀਮ ਤਿਆਰ ਕੀਤੀ ਗਈ ਹੈ, ਜੋ ਕਿ ਇਨ੍ਹਾਂ ਵਿਦਿਆਰਥੀਆਂ ਦੀ ਹਰ ਸੰਭਵ ਮੱਦਦ ਕਰਦਿਆਂ ਉਨ੍ਹਾਂ ਦੇ ਰਹਿਣ, ਖਾਣ-ਪੀਣ, ਫਲਾਈਟ ਰਿਜ਼ਰਵੇਸ਼ਨ, ਟਰਾਂਸਪੋਰਟ ਆਦਿ ਦਾ ਪ੍ਰਬੰਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਟੀਮ ਵਿਚ ਮਾਲੇਰਕੋਟਲਾ ਨਿਵਾਸੀ ਰਮਸਾ, ਮਰੀਅਮ, ਸਰਗਮ ਸ਼ਰਮਾ, ਦਿਨੇਸ਼ ਫਾਰੂਕੀ, ਆਇਸ਼ਾ ਫਾਰੂਕੀ, ਸਮਨਪ੍ਰੀਤ ਸਿੰਘ, ਪਿਊਸ਼ ਗੋਇਲ ਆਦਿ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਵਾਲੰਟੀਅਰਾਂ ਦੀ ਟੀਮ ਵੱਲੋਂ ਜਿੱਥੇ ਵਿਦਿਆਰਥੀਆਂ ਨੂੰ ਵਾਪਿਸ ਭਾਰਤ ਭੇਜਣ ਲਈ ਅਬੈਂਸੀ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ, ਉਥੇ ਹੀ ਉਨ੍ਹਾਂ ਨੂੰ ਹਰ ਕਿਸਮ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਵਿਦਿਆਰਥੀਆਂ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਜੰਗ ਦਾ ਰਸਤਾ ਤਿਆਗ ਕਰਕੇ ਮਿਲਵਰਤਣ ਅਤੇ ਅਮਨ ਸ਼ਾਤੀ ਦਾ ਰਸਤਾ ਅਖਤਿਆਰ ਕੀਤਾ ਜਾਵੇ, ਤਾਂ ਜੋ ਦੋਵਾਂ ਦੇਸ਼ਾਂ ਦੀ ਜੰਗ ਵਿੱਚ ਮਾਨਵਤਾ ਦਾ ਨੁਕਸਾਨ ਨਾ ਹੋਵੇ।