ਸਕੂਲਾਂ ਅੰਦਰ ਹਫਤੇ ''ਚ ਇਕ ਦਿਨ ਲੱਗੇਗਾ ''ਉਡਾਣ ਪ੍ਰਾਜੈਕਟ'' ਦਾ ਪੀਰੀਅਡ
Thursday, Jul 25, 2019 - 08:46 AM (IST)

ਮੋਹਾਲੀ : ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਸਕੂਲਾਂ 'ਚ ਚੱਲ ਰਹੇ ਉਡਾਣ ਪ੍ਰਾਜੈਕਟ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ਼ ਚਲਾਉਣ ਵਾਸਤੇ ਹਫ਼ਤੇ 'ਚ ਇੱਕ ਪੀਰੀਅਡ ਤੈਅ ਕੀਤਾ ਗਿਆ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਵੱਲੋਂ ਪ੍ਰੈਸ ਨੂੰ ਜਾਰੀ ਸੂਚਨਾ 'ਚ ਦੱਸਿਆ ਗਿਆ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਉਡਾਣ ਪ੍ਰਾਜੈਕਟ ਦੀ ਇੱਥੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਇਸ ਉਡਾਣ ਪ੍ਰਾਜੈਕਟ ਦਾ ਮਕਸਦ ਬੱਚਿਆਂ ਨੂੰ ਵੱਧ ਤੋਂ ਵੱਧ ਆਮ ਗਿਆਨ ਨਾਲ਼ ਜੋੜਨ ਲਈ 6ਵੀਂ ਤੋਂ 10ਵੀਂ ਜਮਾਤ ਤੱਕ ਦੇ ਬੱਚਿਆਂ ਲਈ ਆਮ ਗਿਆਨ/ਨੈਤਿਕ ਕਦਰਾਂ-ਕੀਮਤਾਂ ਦਾ ਹਫ਼ਤੇ 'ਚ ਇੱਕ ਪੀਰੀਅਡ ਲੱਗਣਾ ਤੈਅ ਕੀਤਾ ਗਿਆ ਹੈ।
ਇਸੇ ਤਰ੍ਹਾਂ 11ਵੀਂ ਤੇ 12ਵੀਂ ਦੇ ਬੱਚਿਆਂ ਲਈ ਆਮ ਗਿਆਨ/ਵਾਤਾਵਰਣ ਦਾ ਹਫ਼ਤੇ 'ਚ ਇੱਕ ਪੀਰੀਅਡ ਤੈਅ ਕੀਤਾ ਗਿਆ ਹੈ। ਸਿੱਖਿਆ ਸਕੱਤਰ ਨੇ ਦੱਸਿਆ ਕਿ 2012 ਤੋਂ ਸ਼ੁਰੂ ਹੋਏ ਉਡਾਣ ਪ੍ਰਾਜੈਕਟ ਨੂੰ 2013-14 'ਚ ਸਿੱਖਿਆ ਵਿਭਾਗ ਨੇ ਅਪਣਾ ਲਿਆ ਸੀ ਅਤੇ ਅੱਜ ਇਹ ਪ੍ਰਾਜੈਕਟ ਸਾਰੇ ਸਕੂਲਾਂ 'ਚ ਕਾਮਯਾਬੀ ਨਾਲ਼ ਚੱਲ ਰਿਹਾ ਹੈ। ਉਨਾਂ ਦੱਸਿਆ ਕਿ ਉਡਾਣ ਪ੍ਰਾਜੈਕਟ ਨੂੰ ਤਿੰਨ ਗਰੁੱਪਾਂ 6ਵੀਂ ਤੋਂ 8ਵੀਂ ਤੱਕ, 9ਵੀਂ ਤੋਂ 10ਵੀਂ ਤੱਕ ਅਤੇ 11ਵੀਂ ਤੋਂ 12ਵੀਂ ਜਮਾਤ ਤੱਕ ਗਰੁੱਪਾਂ 'ਚ ਵੰਡਿਆ ਹੋਇਆ ਹੈ।
ਉਡਾਣ ਪ੍ਰਾਜੈਕਟ 'ਚ ਹਰ ਰੋਜ਼ ਤਿੰਨਾਂ ਗਰੁੱਪਾਂ ਨੂੰ ਪੰਜ-ਪੰਜ ਪ੍ਰਸ਼ਨ ਹਰ ਰੋਜ਼ ਭੇਜੇ ਜਾਂਦੇ ਹਨ ਅਤੇ ਇਹ ਪ੍ਰਸ਼ਨ 60 ਫੀਸਦੀ ਸਿਲੇਬਸ ਚੋਂ ਅਤੇ 40 ਫੀਸਦੀ ਚਲੰਤ ਮਾਮਲਿਆਂ ਵਿੱਚੋਂ ਪਾਏ ਜਾਂਦੇ ਹਨ। ਸਿੱਖਿਆ ਸਕੱਤਰ ਨੇ ਦੱਸਿਆ ਕਿ ਪਹਿਲਾਂ ਉਡਾਣ ਪ੍ਰਾਜੈਕਟ ਅਧੀਨ ਕਰਵਾਇਆ ਜਾਂਦਾ ਕੰਮ ਸਵੇਰ ਦੀ ਸਭਾ ਦਰਮਿਆਨ ਹੀ ਕਰਵਾਇਆ ਜਾਂਦਾ ਸੀ ਪਰ ਹੁਣ ਉਡਾਣ ਪ੍ਰਾਜੈਕਟ ਅਧੀਨ ਪੜ੍ਹਾਈ ਕਰਵਾਉਣ ਲਈ ਉਪਰੋਕਤ ਪੀਰੀਅਡ ਤੈਅ ਕੀਤੇ ਗਏ ਹਨ।