ਜਲੰਧਰ: ਯੂਕੋ ਬੈਂਕ 'ਚ ਇੰਝ ਦਿੱਤਾ ਲੁਟੇਰਿਆਂ ਨੇ ਲੱਖਾਂ ਦੀ ਲੁੱਟ ਨੂੰ ਅੰਜਾਮ, ਮੈਨੇਜਮੈਂਟ ਦੀ ਗਲਤੀ ਆਈ ਸਾਹਮਣੇ

08/05/2022 3:08:34 PM

ਜਲੰਧਰ (ਵਰੁਣ)– ਇੰਡਸਟਰੀਅਲ ਏਰੀਆ ਦੇ ਯੂਕੋ ਬੈਂਕ ਵਿਚ ਹੋਈ 14 ਲੱਖ ਰੁਪਏ ਤੋਂ ਵੱਧ ਦੀ ਲੁੱਟ ਦੇ ਮਾਮਲੇ ਵਿਚ ਬੈਂਕ ਮੈਨੇਜਮੈਂਟ ਦੀ ਗਲਤੀ ਤਾਂ ਸਾਹਮਣੇ ਆਈ ਹੀ ਹੈ, ਇਸ ਦੇ ਨਾਲ-ਨਾਲ ਪੁਲਸ ਦੀ ਵੀ ਲਾਪਰਵਾਹੀ ਵੀ ਵਿਖਾਈ ਦਿੱਤੀ ਹੈ। ਪੁਲਸ ਅਧਿਕਾਰੀਆਂ ਨੇ ਕਈ ਵਾਰ ਮੀਟਿੰਗ ਬੁਲਾ ਕੇ ਬੈਂਕਾਂ ਦੀਆਂ ਮੈਨੇਜਮੈਂਟਾਂ ਨੂੰ ਸਕਿਓਰਿਟੀ ਗਾਰਡ ਰੱਖਣ ਦੇ ਹੁਕਮ ਦਿੱਤੇ ਪਰ ਯੂਕੋ ਬੈਂਕ ਦੀ ਮੈਨੇਜਮੈਂਟ ਨੇ ਇਨ੍ਹਾਂ ਹੁਕਮਾਂ ਨੂੰ ਨਹੀਂ ਮੰਨਿਆ। ਪੁਲਸ ਨੇ ਵੀ ਆਪਣੇ ਪੱਧਰ ’ਤੇ ਹੁਕਮਾਂ ਦੀ ਜ਼ਮੀਨੀ ਹਕੀਕਤ ਚੈੱਕ ਕਰਨ ਲਈ ਕਦੀ ਚੈਕਿੰਗ ਨਹੀਂ ਕੀਤੀ, ਜਿਸ ਦਾ ਨਤੀਜਾ ਲੁੱਟ ਦੀ ਵਾਰਦਾਤ ਵਜੋਂ ਨਿਕਲਿਆ।

2 ਸਾਲ ਪਹਿਲਾਂ ਅਰਬਨ ਅਸਟੇਟ ਸਥਿਤ ਮਨਾਪੁਰਮ ਗੋਲਡ ਬੈਂਕ ਵਿਚ ਵੀ ਸਕਿਓਰਿਟੀ ਗਾਰਡ ਨਾ ਹੋਣ ਕਾਰਨ ਲੁਟੇਰਿਆਂ ਨੇ ਤਿਜੌਰੀ ਵਿਚੋਂ ਲੱਖਾਂ ਰੁਪਏ ਲੁੱਟ ਲਏ ਸਨ। ਹਾਲਾਂਕਿ ਪੁਲਸ ਨੇ ਉਨ੍ਹਾਂ ਲੁਟੇਰਿਆਂ ਦੀ ਪਛਾਣ ਤਾਂ ਕਰ ਲਈ ਸੀ ਪਰ ਉਹ ਕਾਬੂ ਨਹੀਂ ਆਏ ਸਨ। ਸਾਰੇ ਲੁਟੇਰੇ ਬਿਹਾਰ ਦੇ ਰਹਿਣ ਵਾਲੇ ਸਨ। ਇਸ ਵਾਰਦਾਤ ਤੋਂ ਬਾਅਦ ਵੀ ਪੁਲਸ ਅਧਿਕਾਰੀਆਂ ਨੇ ਬੈਂਕਾਂ ਦੇ ਬਾਹਰ ਸਕਿਓਰਟੀ ਗਾਰਡ ਰੱਖਣ ਦੇ ਹੁਕਮ ਦਿੱਤੇ ਸਨ।  ਹੈਰਾਨੀ ਦੀ ਗੱਲ ਹੈ ਕਿ ਇੰਡਸਟਰੀਅਲ ਏਰੀਆ ਵਿਚ ਜਿਸ ਜਗ੍ਹਾ ’ਤੇ ਯੂਕੋ ਬੈਂਕ ਹੈ, ਉਹ ਕਮਰਸ਼ੀਅਲ ਇਲਾਕਾ ਹੈ। ਉਕਤ ਰੋਡ ’ਤੇ ਦਿਨ ਸਮੇਂ ਲੋਕਾਂ ਦਾ ਆਉਣ-ਜਾਣ ਲੱਗਾ ਰਹਿੰਦਾ ਹੈ। ਇਸ ਦੇ ਬਾਵਜੂਦ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਗਏ।

ਇਹ ਵੀ ਪੜ੍ਹੋ: ਪੰਜਾਬ ’ਚ ‘ਲੰਪੀ ਸਕਿਨ’ ਬੀਮਾਰੀ ਦਾ ਕਹਿਰ, 12 ਹਜ਼ਾਰ ਪਸ਼ੂ ਆਏ ਲਪੇਟ ’ਚ, ਪਸ਼ੂ ਮੰਡੀਆਂ ਬੰਦ ਕਰਨ ਦੇ ਹੁਕਮ

PunjabKesari

ਬੈਂਕ ਦੇ ਅੰਦਰ ਮੌਜੂਦ ਲੋਕਾਂ ਨੇ ਦੱਸਿਆ ਕਿ ਲੁਟੇਰਿਆਂ ਨੇ ਹਥਿਆਰ ਲਹਿਰਾਉਂਦਿਆਂ ਕਿਹਾ ਕਿ ਜੇਕਰ ਕੋਈ ਹਿੱਲਿਆ ਤਾਂ ਉਸ ਨੂੰ ਗੋਲ਼ੀ ਮਾਰ ਦੇਣਗੇ। ਲੋਕ ਅਤੇ ਬੈਂਕ ਦਾ ਸਟਾਫ਼ ਡਰ ਗਏ। ਲੁਟੇਰਿਆਂ ਨੇ ਕੁਝ ਲੋਕਾਂ ਨੂੰ ਜ਼ਮੀਨ ’ਤੇ ਬਿਠਾ ਦਿੱਤਾ ਅਤੇ ਕੁਝ ਨੂੰ ਕੁਰਸੀਆਂ ’ਤੇ। ਇਸ ਦੌਰਾਨ ਲੁਟੇਰੇ ਆਰਾਮ ਨਾਲ ਕੈਸ਼ ਲੁੱਟ ਕੇ ਭੱਜ ਗਏ। ਉਥੇ ਹੀ, ਜਿਸ ਸ਼ੀਸ਼ੇ ਨੂੰ ਲੁਟੇਰੇ ਨੇ ਤੋੜਿਆ ਸੀ, ਫੋਰੈਂਸਿਕ ਟੀਮ ਨੇ ਉਥੋਂ ਫਿੰਗਰ ਪ੍ਰਿੰਟ ਲੈ ਲਏ ਹਨ। ਬਾਇਓਮੀਟ੍ਰਿਕ ਸਕੈਨਰ ਦੀ ਮਦਦ ਨਾਲ ਲੁਟੇਰੇ ਦੇ ਫਿੰਗਰ ਪ੍ਰਿੰਟ ਚੈੱਕ ਕੀਤੇ ਜਾਣਗੇ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਲੁਟੇਰੇ ਬਿਨਾਂ ਨੰਬਰੀ ਕਾਲੇ ਰੰਗ ਦੀ ਐਕਟਿਵਾ ’ਤੇ ਸਵਾਰ ਹੋ ਕੇ ਆਏ ਸਨ ਅਤੇ ਐਕਟਿਵਾ ’ਤੇ ਟ੍ਰਿਪਲਿੰਗ ਕਰਕੇ ਵਾਰਦਾਤ ਉਪਰੰਤ ਫ਼ਰਾਰ ਵੀ ਹੋ ਗਏ। ਸੀ. ਪੀ. ਗੁਰਸ਼ਰਨ ਸਿੰਘ ਸੰਧੂ ਵੱਲੋਂ ਬਣਾਈਆਂ ਟੀਮਾਂ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਲੁਟੇਰਿਆਂ ਦਾ ਰੂਟ ਚੈੱਕ ਕੀਤਾ ਤਾਂ ਮੁਲਜ਼ਮ ਵਾਰਦਾਤ ਤੋਂ ਬਾਅਦ ਸੋਢਲ ਫਾਟਕ ਤੋਂ ਅਗਲੇ ਰੂਟ ’ਤੇ ਜਾਂਦੇ ਨਜ਼ਰ ਆਏ। ਹੁਣ ਪੁਲਸ ਅਗਲਾ ਰੂਟ ਚੈੱਕ ਕਰ ਰਹੀ ਸੀ।

ਇਹ ਵੀ ਪੜ੍ਹੋ: ਕਪੂਰਥਲਾ: ਇੰਸਟਾਗ੍ਰਾਮ ਦੀ ਦੋਸਤੀ ਕੁੜੀ ਨੂੰ ਪਈ ਮਹਿੰਗੀ, ਗੱਡੀ 'ਚ ਲਿਜਾ ਕੇ ਮੁੰਡੇ ਨੇ ਕੀਤਾ ਜਬਰ-ਜ਼ਿਨਾਹ

PunjabKesari

ਡੀ. ਸੀ. ਪੀ. ਲਾਅ ਐਂਡ ਆਰਡਰ ਅੰਕੁਰ ਗੁਪਤਾ, ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਅਤੇ ਡੀ. ਸੀ. ਪੀ. ਜਗਮੋਹਨ ਸਿੰਘ ਦੀ ਅਗਵਾਈ ਵਿਚ ਪੁਲਸ ਮਨੁੱਖੀ ਵਸੀਲਿਆਂ ਅਤੇ ਸਾਇੰਟੀਫਿਕ ਢੰਗ ਨਾਲ ਲੁਟੇਰਿਆਂ ਦੀ ਪਛਾਣ ਵਿਚ ਜੁਟੀ ਹੈ। ਪੁਲਸ ਹਿਸਟਰੀਸ਼ੀਟਰ ਲੁਟੇਰਿਆਂ ਦੀਆਂ ਤਸਵੀਰਾਂ ਵੀ ਲੋਕਾਂ ਨੂੰ ਵਿਖਾ ਕੇ ਪਛਾਣ ਕਰਨ ਦੇ ਯਤਨ ਕਰ ਰਹੀ ਹੈ। ਦੇਰ ਰਾਤ ਥਾਣਾ ਨੰਬਰ 8 ਵਿਚ ਅਣਪਛਾਤੇ ਲੁਟੇਰਿਆਂ ਖ਼ਿਲਾਫ ਕੇਸ ਦਰਜ ਕਰ ਲਿਆ ਗਿਆ ਸੀ।

PunjabKesari

ਲੁੱਟ ਦੀ ਸੂਚਨਾ ਮਿਲਦੇ ਹੀ ਲਾਕਰਧਾਰਕਾਂ ਦੀ ਇਕੱਠੀ ਹੋ ਗਈ ਭੀੜ

ਜਿਉਂ ਹੀ ਯੂਕੋ ਬੈਂਕ ਵਿਚ ਗੰਨ ਪੁਆਇੰਟ ’ਤੇ ਲੁੱਟ ਦੀ ਵਾਰਦਾਤ ਦੀ ਸੂਚਨਾ ਬੈਂਕ ਦੇ ਖ਼ਪਤਕਾਰਾਂ ਨੂੰ ਮਿਲੀ ਤਾਂ ਉਨ੍ਹਾਂ ਵਿਚੋਂ ਲਾਕਰਧਾਰਕਾਂ ਦੀ ਭੀੜ ਉਥੇ ਇਕੱਠੀ ਹੋ ਗਈ। ਇਨ੍ਹਾਂ ਵਿਚ ਇਕ ਉਹ ਗਾਹਕ ਵੀ ਸੀ, ਜਿਸ ਦਾ ਲਾਕਰ ਜਲੰਧਰ-ਪਠਾਨਕੋਟ ਹਾਈਵੇਅ ’ਤੇ ਸਥਿਤ ਪੀ. ਐੱਨ. ਬੀ. ਬੈਂਕ ਵਿਚ ਸੀ ਅਤੇ ਕਾਫ਼ੀ ਸਾਲ ਪਹਿਲਾਂ ਬੈਂਕ ਦੇ ਸਾਰੇ ਲਾਕਰ ਤੋੜ ਕੇ ਗੈਸ ਕਟਰ ਗਿਰੋਹ ਲੋਕਾਂ ਦੇ ਪੈਸੇ, ਗਹਿਣੇ ਆਦਿ ਲੁੱਟ ਕੇ ਲੈ ਗਿਆ ਸੀ। ਹਾਲਾਂਕਿ ਪੁਲਸ ਅਧਿਕਾਰੀ ਅਤੇ ਬੈਂਕ ਦਾ ਸਟਾਫ਼ ਲਾਕਰ ਸੁਰੱਖਿਅਤ ਹੋਣ ਦੀ ਗੱਲ ਕਹਿੰਦੇ ਰਹੇ ਪਰ ਜਦੋਂ ਤੱਕ ਲਾਕਰਧਾਰਕਾਂ ਨੇ ਲਾਕਰ ਨਹੀਂ ਵੇਖੇ, ਉਹ ਬੈਂਕ ਦੇ ਬਾਹਰ ਖੜ੍ਹੇ ਰਹੇ। ਲਾਕਰ ਸੁਰੱਖਿਅਤ ਵੇਖ ਕੇ ਉਹ ਆਪਣੇ ਘਰਾਂ ਨੂੰ ਮੁੜ ਗਏ।

ਇਹ ਵੀ ਪੜ੍ਹੋ: ਬਿੱਲ ਮੁਆਫ਼ੀ ਨੂੰ ਲੈ ਕੇ ਉਮੀਦਾਂ ’ਤੇ ਫਿਰਿਆ ਪਾਣੀ: ਜ਼ਿਆਦਾਤਰ ਖ਼ਪਤਕਾਰਾਂ ਨੂੰ ਨਹੀਂ ਮਿਲ ਸਕੇਗਾ ਲਾਭ

PunjabKesari

‘ਮੈਂ ਕਿਹਾ-ਵਿਆਹ ਦੀ ਮੁੰਦਰੀ ਹੈ ਤਾਂ ਲੁਟੇਰੇ ਬਿਨਾਂ ਕੁਝ ਕਹੇ ਚਲੇ ਗਏ’

ਵਿਨੋਦ ਨਾਂ ਦਾ ਵਿਅਕਤੀ ਵੀ ਬੈਂਕ ਵਿਚ ਕਿਸੇ ਕੰਮ ਆਇਆ ਸੀ। ਵਿਨੋਦ ਨੇ ਦੱਸਿਆ ਕਿ ਲੁਟੇਰੇ ਪੰਜਾਬੀ ਬੋਲ ਰਹੇ ਸਨ। ਜ਼ਿੰਦਗੀ ਵਿਚ ਪਹਿਲੀ ਵਾਰ ਲੁੱਟ ਦੀ ਵਾਰਦਾਤ ਵੇਖੀ, ਜਿਹੜੀ ਇਕ ਫਿਲਮ ਦੇ ਸੀਨ ਵਰਗੀ ਸੀ। ਵਿਨੋਦ ਨੇ ਕਿਹਾ ਕਿ ਲੁਟੇਰਿਆਂ ਨੇ ਔਰਤ ਨੂੰ ਪਿਸਤੌਲ ਵਿਖਾ ਕੇ ਚੇਨ ਲੁੱਟੀ ਸੀ। ਉਸ ਨੇ ਦੱਸਿਆ ਕਿ ਲੁਟੇਰੇ ਨੇ ਉਸ ਦਾ ਹੱਥ ਫੜ ਕੇ ਮੁੰਦਰੀ ਵੇਖੀ ਅਤੇ ਉਤਾਰਨ ਨੂੰ ਕਿਹਾ। ਉਸ ਨੇ ਕਿਹਾ ਕਿ ਇਹ ਮੁੰਦਰੀ ਵਿਆਹ ਦੀ ਨਿਸ਼ਾਨੀ ਹੈ, ਜਿਸ ਤੋਂ ਬਾਅਦ ਲੁਟੇਰਾ ਬਿਨਾਂ ਕੁਝ ਕਹੇ ਅੱਗੇ ਚਲਾ ਗਿਆ।

ਇਹ ਵੀ ਪੜ੍ਹੋ: ਡੇਢ ਸਾਲਾ ਬੱਚੇ ਦੇ ਰੋਣ ਤੋਂ ਖ਼ਫ਼ਾ ਹੋਏ ਵਿਅਕਤੀ ਦਾ ਸ਼ਰਮਨਾਕ ਕਾਰਾ, ਪਹਿਲਾਂ ਤੋੜੀ ਲੱਤ ਫਿਰ ਦਿੱਤੀ ਰੂਹ ਕੰਬਾਊ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News