ਯੂ. ਪੀ. ਤੋਂ ਲਿਆਂਦਾ ਜਾ ਰਿਹਾ ਝੋਨਾ ਕਿਸਾਨਾਂ ਨੇ ਕੀਤਾ ਪੁਲਸ ਹਵਾਲੇ
Wednesday, Oct 21, 2020 - 10:17 PM (IST)
ਭਵਾਨੀਗੜ੍ਹ,(ਵਿਕਾਸ, ਸੰਜੀਵ)- ਪਿੰਡ ਮਾਝੀ ਵਿਖੇ ਉੱਤਰ ਪ੍ਰਦੇਸ਼ ਤੋਂ ਸਸਤੇ ਭਾਅ ’ਤੇ ਖਰੀਦ ਕੇ ਇੱਥੇ ਮਹਿੰਗੇ ਭਾਅ ਵੇਚਣ ਲਈ ਲਿਆਂਦੇ ਜਾ ਰਹੇ ਭਾਰੀ ਮਾਤਰਾ ’ਚ ਝੋਨੇ ਨੂੰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਨੇ ਜ਼ਬਤ ਕਰ ਕੇ ਪੁਲਸ ਹਵਾਲੇ ਕਰ ਦਿੱਤਾ।
ਯੂਨੀਅਨ ਦੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ, ਸੁਖਦੇਵ ਸਿੰਘ ਬਾਲਦ ਕਲਾਂ ਤੇ ਰਣਧੀਰ ਸਿੰਘ ਭੱਟੀਵਾਲ ਨੇ ਕਿਹਾ ਕਿ ਇਕ ਪਾਸੇ ਕਿਸਾਨ ਆਪਣੇ ਖੇਤੀਬਾੜੀ ਦੇ ਧੰਦੇ ਨੂੰ ਬਚਾਉਣ ਲਈ ਕੇਂਦਰ ਦੀ ਮੋਦੀ ਹਕੂਮਤ ਨਾਲ ਮੱਥਾ ਲਾ ਰਿਹਾ ਹੈ ਪਰ ਦੂਜੇ ਪਾਸੇ ਵਪਾਰੀ ਬਾਹਰੀ ਸੂਬਿਆਂ ਦੇ ਕਿਸਾਨਾਂ ਤੋਂ ਸਸਤਾ ਝੋਨਾ ਖਰੀਦ ਕੇ ਇੱਥੇ ਮਹਿੰਗੇ ਭਾਅ ’ਤੇ ਵੇਚ ਕੇ ਸਰਕਾਰ ਤੇ ਇੱਥੋਂ ਦੇ ਕਿਸਾਨਾਂ ਨੂੰ ਚੂਨਾ ਲਾ ਰਹੇ ਹਨ।
ਕਿਸਾਨ ਆਗੂਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਸਾਰਾ ਕੁਝ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਉਹ ਬਾਹਰਲੇ ਸੂਬਿਆਂ ਤੋਂ ਪੰਜਾਬ ’ਚ ਕੋਈ ਵੀ ਫਸਲ ਵਿਕਣ ਨਹੀਂ ਦੇਣਗੇ। ਓਧਰ ਮਾਮਲੇ ਸਬੰਧੀ ਸੂਚਨਾ ਮਿਲਣ ਉਪਰੰਤ ਮੌਕੇ ’ਤੇ ਪਹੁੰਚੀ ਭਵਾਨੀਗੜ੍ਹ ਪੁਲਸ ਨੇ ਝੋਨੇ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਝੋਨੇ ਦੇ ਭਰੇ ਟਰਾਲੇ ਫੜ੍ਹੇ
ਮੂਨਕ , (ਵਰਤੀਆ)-ਮੂਨਕ ਦੇ ਪੰਜਾਬ ਹਰਿਆਣਾ ਬਾਰਡਰ ’ਤੇ ਕਿਸਾਨਾਂ ਵੱਲੋਂ ਫੜੇ ਗਏ ਝੋਨੇ ਦੇ ਕਰੀਬ 12-13 ਟਰੱਕ ਖੜ੍ਹੇ ਹੋਏ ਹਨ ਅਤੇ ਭਾਕਿਯੂ ਸਿੱਧਪੁਰ ਵੱਲੋਂ ਪ੍ਰਧਾਨ ਗੁਰਲਾਲ ਸਿੰਘ, ਲਖਵਿੰਦਰ ਸਿੰਘ, ਰਾਜਾ ਸਿੰਘ ਅਤੇ ਸਤਵੰਤ ਸਿੰਘ ਖੰਡੇਬਾਦ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਵਿਰੋਧ ਕਰਦੇ ਹੋਏ ਧਰਨਾ ਦਿੱਤਾ। ਇਸੇ ਤਰ੍ਹਾਂ ਖਨੌਰੀ ਦੇ ਬਾਰਡਰ ’ਤੇ ਵੀ ਕਰੀਬ 100 ਟਰੱਕ ਝੋਨੇ ਦੇ ਭਰੇ ਕਿਸਾਨਾਂ ਵੱਲੋਂ ਫੜ੍ਹੇ ਗਏ ਹਨ ਅਤੇ ਕਿਸਾਨਾਂ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ।