ਕਾਰ ਖੋਹਣ ਵਾਲੇ 2 ਨੌਜਵਾਨ ਪਨਾਹ ਦੇਣ ਵਾਲੇ ਸਾਥੀ ਸਣੇ ਗ੍ਰਿਫਤਾਰ

Saturday, Sep 09, 2017 - 01:10 AM (IST)

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਪੁਲਸ ਨੇ ਬਲਾਚੌਰ ਤੋਂ ਕਿਰਾਏ 'ਤੇ ਲਈ ਕਾਰ ਖੋਹਣ ਵਾਲੇ ਨੌਜਵਾਨਾਂ ਨੂੰ ਪਨਾਹ ਦੇਣ ਵਾਲੇ ਮੁਲਜ਼ਮ ਸਣੇ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਉਰਫ ਵਲੈਤੀਆ ਪੁੱਤਰ ਜਗਜੀਤ ਸਿੰਘ ਵਾਸੀ ਮੋਰੋਂ ਥਾਣਾ ਫਿਲੌਰ, ਕਰਮਜੀਤ ਸਿੰਘ ਉੁਰਫ ਲਾਡੀ ਪੁੱਤਰ ਝਲਮਣ ਸਿੰਘ ਵਾਸੀ ਪਿੰਡ ਲੋਧੀਪੁਰ ਥਾਣਾ ਸਦਰ ਬੰਗਾ ਤੇ ਪਨਾਹਗਾਰ ਗੁਰਪਿੰਦਰ ਸਿੰਘ ਉਰਫ ਪਿੰਦੂ ਪੁੱਤਰ ਰਾਮ ਰਤਨ ਵਾਸੀ ਪਿੰਡ ਝਿੰਗੜਾ ਵਜੋਂ ਹੋਈ ਹੈ। ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਉਰਫ ਵਲੈਤੀਆ ਤੇ ਕਰਮਜੀਤ ਸਿੰਘ ਨੇ ਬਲਾਚੌਰ ਦੇ ਟੈਕਸੀ ਸਟੈਂਡ ਤੋਂ ਕਾਰ ਕਿਰਾਏ 'ਤੇ ਲਈ ਸੀ ਤੇ ਪਿੰਡ ਔੜ ਨੇੜੇ ਕਾਰ ਦੇ ਚਾਲਕ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਕੇ ਕਾਰ ਖੋਹ ਕੇ ਫਰਾਰ ਹੋ ਗਏ ਸੀ।
ਕਾਰ ਚਾਲਕ ਵੱਲੋਂ ਪੁਲਸ ਨੂੰ ਦਿੱਤੀ ਗਈ ਸੂਚਨਾ ਤੋਂ ਬਾਅਦ ਪੁਲਸ ਨੇ ਘੇਰਾਬੰਦੀ ਕਰ ਦਿੱਤੀ, ਜਿਸ ਕਾਰਨ ਲੁਟੇਰਿਆਂ ਨੇ ਕਾਰ ਛੱਡ ਕੇ ਆਪਣੇ ਸਾਥੀ ਗੁਰਪਿੰਦਰ ਸਿੰਘ ਨਾਲ ਸੰਪਰਕ ਕੀਤਾ ਤੇ ਗੁਰਪਿੰਦਰ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ। ਪੁਲਸ ਨੇ ਛਾਪੇਮਾਰੀ ਕਰ ਕੇ ਉਕਤ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਕੋਲੋਂ 370 ਗ੍ਰਾਮ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ।
ਕੁਲਦੀਪ ਸਿੰਘ ਕੁਝ ਦਿਨ ਪਹਿਲਾਂ ਆਇਆ ਸੀ ਜੇਲ 'ਚੋਂ ਬਾਹਰ- ਐੱਸ. ਐੱਸ. ਪੀ. ਨੇ ਦੱਸਿਆ ਕਿ ਕੁਲਦੀਪ ਸਿੰਘ ਉਰਫ ਵਲੈਤੀਆ ਕੁਝ ਦਿਨ ਪਹਿਲਾਂ ਹੀ ਜੇਲ 'ਚੋਂ ਆਇਆ ਸੀ। ਉਸ ਉੱਤੇ ਵੱਖ-ਵੱਖ ਥਾਣਿਆਂ 'ਚ ਅੱਧਾ ਦਰਜਨ ਤੋਂ ਵੱਧ ਮੁਕੱਦਮੇ ਦਰਜ ਹਨ। ਜੇਲ 'ਚੋਂ ਬਾਹਰ ਆਉਣ ਤੋਂ ਬਾਅਦ ਉਹ ਪਨਾਹ ਦੇਣ ਵਾਲੇ ਝਿੰਗੜਾ ਵਾਸੀ ਗੁਰਪਿੰਦਰ ਦੇ ਘਰ ਰਹਿ ਰਿਹਾ ਸੀ। ਇਸੇ ਤਰ੍ਹਾਂ ਗੁਰਪਿੰਦਰ ਸਿੰਘ ਖਿਲਾਫ਼ ਵੀ ਵੱਖ-ਵੱਖ ਥਾਣਿਆਂ 'ਚ 4 ਮੁਕੱਦਮੇ ਦਰਜ ਹਨ।


Related News