ਨਸ਼ੇ ਵਾਲੇ ਟੀਕੇ ਅਤੇ ਹੈਰੋਇਨ ਸਣੇ 2 ਔਰਤਾਂ ਗ੍ਰਿਫ਼ਤਾਰ
Monday, May 07, 2018 - 11:51 PM (IST)
ਨਵਾਂਸ਼ਹਿਰ, (ਤ੍ਰਿਪਾਠੀ)- ਸੀ.ਆਈ.ਏ. ਸਟਾਫ ਨਵਾਂਸ਼ਹਿਰ ਦੀ ਪੁਲਸ ਨੇ ਨਸ਼ੇ ਦੇ ਤੌਰ 'ਤੇ ਵਰਤੇ ਜਾਣ ਵਾਲੇ ਟੀਕੇ ਅਤੇ 50 ਗ੍ਰਾਮ ਹੈਰੋਇਨ ਸਮੇਤ 2 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਫੂਲ ਰਾਏ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਨਵਾਂਸ਼ਹਿਰ ਤੋਂ ਪਿੰਡ ਲੰਗੜੋਆ ਹੁੰਦੇ ਹੋਏ ਬਘੌਰਾ ਵੱਲ ਜਾਂਦਿਆਂ ਲੰਗੜੋਆ ਕਾਲੋਨੀ ਨਜ਼ਦੀਕ 2 ਔਰਤਾਂ ਨੂੰ ਰੋਕਿਆ। ਜਦੋਂ ਮਹਿਲਾ ਪੁਲਸ ਨੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਨਸ਼ੇ ਵਾਲੇ 40 ਟੀਕੇ ਅਤੇ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਗ੍ਰਿਫਤਾਰ ਔਰਤਾਂ ਦੀ ਪਛਾਣ ਸਰਬਜੀਤ ਕੌਰ ਉਰਫ ਸ਼ੱਬੋ ਪਤਨੀ ਮੰਗਾ ਰਾਮ ਵਾਸੀ ਲੰਗੜੋਆ ਅਤੇ ਅਮਰਜੀਤ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਪੁੰਨੂ ਮਜਾਰਾ ਵਜੋਂ ਹੋਈ, ਜਿਨ੍ਹਾਂ ਖਿਲਾਫ਼ ਥਾਣਾ ਸਦਰ ਨਵਾਂਸ਼ਹਿਰ 'ਚ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਗ੍ਰਿਫ਼ਤਾਰ ਔਰਤਾਂ 'ਤੇ ਪਹਿਲਾਂ ਵੀ ਦਰਜ ਹਨ ਮਾਮਲੇ
ਜਾਂਚ ਅਧਿਕਾਰੀ ਏ.ਐੱਸ.ਆਈ. ਫੂਲ ਰਾਏ ਨੇ ਦੱਸਿਆ ਕਿ ਹੈਰੋਇਨ ਅਤੇ ਨਸ਼ੇ ਦੇ ਟੀਕਿਆਂ ਨਾਲ ਫੜੀਆਂ ਗਈਆਂ ਉਕਤ ਦੋਵਾਂ ਔਰਤਾਂ 'ਤੇ ਪਹਿਲਾਂ ਵੀ ਐੱਨ.ਡੀ.ਪੀ.ਐੱਸ. ਦੇ ਮਾਮਲੇ ਦਰਜ ਹਨ ਤੇ ਉਕਤ ਔਰਤਾਂ ਪੈਰੋਲ 'ਤੇ ਜੇਲ ਤੋਂ ਬਾਹਰ ਆਈਆਂ ਹੋਈਆਂ ਸਨ।
