ਨੌਜਵਾਨ ਦੇ ਕਤਲ ਦੇ ਮਾਮਲੇ ’ਚ ਦੋ ਹੋਰ ਨੌਜਵਾਨ ਗ੍ਰਿਫ਼ਤਾਰ

Wednesday, Aug 12, 2026 - 01:51 PM (IST)

ਨੌਜਵਾਨ ਦੇ ਕਤਲ ਦੇ ਮਾਮਲੇ ’ਚ ਦੋ ਹੋਰ ਨੌਜਵਾਨ ਗ੍ਰਿਫ਼ਤਾਰ

ਅਬੋਹਰ (ਸੁਨੀਲ) : ਸਥਾਨਕ ਮੁਹੱਲਾ ਸੁਭਾਸ਼ ਨਗਰ ਵਾਸੀ ਇਕ ਨੌਜਵਾਨ ’ਤੇ ਚੋਣ ਰੰਜਿਸ਼ ਕਾਰਨ ਕੁੱਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ। ਜਿਸ ਦੀ ਚੰਡੀਗੜ੍ਹ ’ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਮਾਮਲੇ ’ਚ ਪੁਲਸ ਨੇ ਦੋ ਹੋਰ ਨੌਜਵਾਨਾਂ ਅਜੈ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਗਲੀ ਨੰਬਰ-5 ਰਾਜੀਵ ਨਗਰ ਅਬੋਹਰ ਅਤੇ ਜਸਵੰਤ ਉਰਫ ਰਮਨ ਪੁੱਤਰ ਵਿਜੇ ਕੁਮਾਰ ਵਾਸੀ ਗਲੀ ਨੰਬਰ 12-13 ਠਾਕੁਰ ਆਬਾਦੀ ਅਬੋਹਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਸ ਨੇ ਇਸ ਮਾਮਲੇ ’ਚ ਪਹਿਲਾਂ ਹੀ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਦੋਵਾਂ ਨੌਜਵਾਨਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਜੁਡੀਸ਼ੀਅਲ ਮੈਜਿਸਟਰੇਟ ਨਿਤਿਨ ਗਰਗ ਨੇ ਉਨ੍ਹਾਂ ਨੂੰ ਪੁਲਸ ਹਿਰਾਸਤ ’ਚ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਸੁਭਾਸ਼ ਨਗਰ ਗਲੀ ਨੰਬਰ 4 ਵਾਸੀ ਕਰਨ ਨੂੰ ਚੋਣ ਰੰਜਿਸ਼ ਕਾਰਨ 6 ਜੂਨ ਨੂੰ ਰਾਤ ਕਰੀਬ 11 ਵਜੇ ਘਰ ਦੇ ਨੇੜੇ ਹੀ ਕੁਝ ਨੌਜਵਾਨਾਂ ਨੇ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਉਸ ਦੀ ਚੰਡੀਗੜ੍ਹ ’ਚ ਇਲਾਜ ਦੌਰਾਨ ਮੌਤ ਹੋ ਗਈ। ਸਿਟੀ ਪੁਲਸ ਸਟੇਸ਼ਨ ਨੰਬਰ 2 ਦੀ ਪੁਲਸ ਨੇ ਮ੍ਰਿਤਕ ਦੀ ਭਰਜਾਈ ਸ਼ਿਖਾ ਪਾਵਨੀ ਪਤਨੀ ਅਰਜੁਨ ਦੇ ਬਿਆਨ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਸੀ।


author

Babita

Content Editor

Related News