ਲੁਟੇਰਾ ਗਿਰੋਹ ਦੇ 2 ਮੈਂਬਰ ਗ੍ਰਿਫਤਾਰ
Monday, Jan 29, 2018 - 01:26 AM (IST)

ਬੁਲ੍ਹੋਵਾਲ, (ਜਸਵਿੰਦਰਜੀਤ)- ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ਾਂ ਅਤੇ ਮੁੱਖ ਥਾਣਾ ਅਫਸਰ ਬੁੱਲ੍ਹੋਵਾਲ ਯਾਦਵਿੰਦਰ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਬੁਲ੍ਹੋਵਾਲ ਪੁਲਸ ਨੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੀ ਪਛਾਣ ਲਵਦੀਪ ਸਿੰਘ ਉਰਫ ਲਿੰਕੀ ਪੁੱਤਰ ਗੁਰਦੀਪ ਸਿੰਘ ਵਾਸੀ ਭੂੰਗਾ ਅਤੇ ਸਿਧਾਰਥ ਪੁੱਤਰ ਦਿਨੇਸ਼ ਠਾਕੁਰ ਵਾਸੀ ਢੋਲਵਾਹਾ ਵਜੋਂ ਹੋਈ ਹੈ, ਜਦਕਿ ਇਨ੍ਹਾਂ ਦੇ ਦੋ ਸਾਥੀ ਅਜੇ ਤੱਕ ਭਗੌੜੇ ਹਨ । ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਮੁੱਖ ਥਾਣਾ ਅਫਸਰ ਯਾਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕੇਵਲ ਕ੍ਰਿਸ਼ਨ ਪੁੱਤਰ ਅਰਜਨ ਦਾਸ ਵਾਸੀ ਹੁਸੈਨਪੁਰ ਗੁਰੂ ਕਾ ਨੇ ਪੁਲਸ ਪਾਸ ਦਰਜ ਕਰਵਾਈ ਰਿਪੋਰਟ ਵਿਚ ਦੱਸਿਆ ਕਿ 1 ਦਸੰਬਰ 17 ਨੂੰ ਜਦੋਂ ਉਹ ਆਪਣੀ ਦੁਕਾਨ ਬੰਦ ਕਰਕੇ ਆਪਣੇ ਬਜਾਜ ਮੋਟਰਸਾਈਕਲ ਨੰਬਰ ਪੀ ਬੀ 07 ਏ ਡਬਲਯੂ 1369 'ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ ਤਾਂ ਰਾਤ ਦੇ ਕਰੀਬ ਸਵਾ ਨੌਂ ਵਜੇ ਪੰਡੋਰੀ ਬਾਕਰਪੁਰ ਮੰਡੀ ਦੇ ਨਜ਼ਦੀਕ ਦੋ ਬਿਨਾਂ ਨੰਬਰੀ ਮੋਟਰਸਾਈਕਲਾਂ 'ਤੇ ਸਵਾਰ ਚਾਰ ਨੌਜਵਾਨਾਂ ਨੇ ਮੇਰੇ ਕੋਲ ਆ ਕੇ ਮੇਰੇ ਮੋਟਰਸਾਈਕਲ ਵਿਚ ਲੱਤ ਮਾਰ ਕੇ ਮੈਨੂੰ ਹੇਠਾਂ ਸੁੱਟ ਦਿੱਤਾ 'ਤੇ ਮੇਰੀ ਮਾਰਕੁੱਟ ਕਰਕੇ ਮੇਰੇ ਕੋਲੋਂ 4500 ਰੁਪਏ, ਜ਼ਰੂਰੀ ਕਾਗਜ਼ਾਤ ਅਤੇ ਮੇਰਾ ਮੋਬਾਇਲ ਖੋਹ ਕੇ ਹਰਿਆਣਾ ਵਾਲੇ ਪਾਸੇ ਨੂੰ ਭੱਜ ਗਏ ।
ਪੁਲਸ ਨੇ ਕਾਰਵਾਈ ਕਰਦੇ ਹੋਏ ਇਨ੍ਹਾਂ ਵਿਚੋਂ ਦੋ ਨੌਜਵਾਨਾਂ ਲਵਦੀਪ ਸਿੰਘ ਲਿੰਕੀ ਅਤੇ ਸਿਧਾਰਥ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਜਤਿੰਦਰ ਕੁਮਾਰ ਪੁੱਤਰ ਉਰਫ ਜਿੰਦੀ ਪੁੱਤਰ ਰਾਜ ਕੁਮਾਰ ਵਾਸੀ ਭੂੰਗਾ ਅਤੇ ਪ੍ਰਿੰਸ ਪੁੱਤਰ ਮਨਜੀਤ ਕੁਮਾਰ ਵਾਸੀ ਭੂੰਗਾ ਅਜੇ ਫਰਾਰ ਹਨ । ਜਾਂਚ ਅਧਿਕਾਰੀ ਮੋਹਨ ਲਾਲ ਸਬ ਇੰਸਪੈਕਟਰ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਇਕ ਬਜਾਜ ਪਲੈਟੀਨਾ ਮੋਟਰਸਾਈਕਲ ਨੰਬਰ ਪੀ ਬੀ 07 ਏ ਡਬਲਯੂ ਬਰਾਮਦ ਹੋਇਆ ਹੈ, ਜਿਸ 'ਤੇ ਇਹ ਜਾਅਲੀ ਨੰਬਰ ਪੀ ਬੀ 08 ਏ ਡਬਲਯੂ 7068 ਲਾ ਕੇ ਵਾਰਦਾਤਾਂ ਕਰ ਰਹੇ ਸਨ । ਇਸ ਤੋਂ ਇਲਾਵਾ ਇਕ ਮੋਬਾਇਲ ਵੀ ਬਰਾਮਦ ਹੋਇਆ ਹੈ, ਜਿਹੜਾ ਇਨ੍ਹਾਂ ਨੇ ਕੇਵਲ ਕ੍ਰਿਸ਼ਨ ਪੁੱਤਰ ਅਰਜਨ ਦਾਸ ਵਾਸੀ ਹੁਸੈਨਪੁਰ ਗੁਰੂ ਕਾ ਪਾਸੋਂ ਮਾਰਕੁੱਟ ਕਰਕੇ ਖੋਹਿਆ ਸੀ । ਉਨ੍ਹਾਂ ਦੱਸਿਆ ਕਿ ਪੁਲਸ ਇਨ੍ਹਾਂ ਗ੍ਰਿਫਤਾਰ ਕੀਤੇ ਨੌਜਵਾਨਾਂ ਤੋਂ ਹੋਰ ਪੁੱਛ ਪੜਤਾਲ ਕਰ ਰਹੀ ਹੈ।