ਕਾਰਡ ਕਲੋਨਿੰਗ ਕਰ ਕੇ ਇੰਡੀਆ ਤੋਂ ਡਾਟਾ ਰੋਮਾਨੀਆ ਲਿਜਾਣ  ਵਾਲੇ ਇੰਟਰਨੈਸ਼ਨਲ ਗੈਂਗ ਦੇ ਦੋ ਮੈਂਬਰ ਦਿੱਲੀ ਤੋਂ ਗ੍ਰਿਫਤਾਰ

08/12/2018 5:16:44 AM

ਚੰਡੀਗਡ਼੍ਹ, (ਸੁਸ਼ੀਲ)- ਕੇਨਰਾ ਬੈਂਕ ਦੀ ਏ. ਟੀ. ਐੱਮ. ਮਸ਼ੀਨ ਵਿਚ ਕਾਰਡ ਸਕੀਮਰ ਤੇ ਸਪਾਈ ਕੈਮਰ ਕਾਰਡ ਕਲੋਨਿੰਗ ਕਰਨ ਵਾਲੇ ਇੰਟਰਨੈਸ਼ਨਲ ਗੈਂਗ ਦੇ ਦੋ ਮੈਂਬਰਾਂ ਨੂੰ ਕ੍ਰਾਈਮ ਬ੍ਰਾਂਚ ਨੇ ਨਵੀਂ ਦਿੱਲੀ ਦੇ ਹੋਟਲ ਗਿਲਿਟੀਜ਼ ਵੈਸਟਰਨ ਇਨ ਤੋਂ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਰੋਮਾਨੀਆ ਨਿਵਾਸੀ ਮਿਸਲਿਆ ਲੋਸ਼ਿਅਨ ਲੋਨਟ ਤੇ ਪਰਾਸ਼ਿਚਵ ਜੋਰਜ ਅਲੈਟ੍ਰਾਂਡੂ ਵਜੋਂ ਹੋਈ ਹੈ। 
ਕ੍ਰਾਈਮ ਬ੍ਰਾਂਚ  ਨੇ ਇਨ੍ਹਾਂ ਕੋਲੋੋਂ ਵਿਗ, ਟੀ-ਸ਼ਰਟ ਤੇ ਕੈਪ ਬਰਾਮਦ ਕੀਤੀ ਹੈ, ਜਿਸ ਨੂੰ ਪਾ ਕੇ ਉਹ ਵੱਖ-ਵੱਖ ਏ. ਟੀ. ਐੱਮਜ਼ ਵਿਚ ਕਾਰਡ ਸਕੀਮਰ ਤੇ ਸਪਾਈ ਕੈਮਰਾ ਲਾਉਂਦੇ ਸਨ। ਦੋਵਾਂ ਨੇ ਇੰਡੀਆ ਤੋਂ ਲੋਕਾਂ ਦੇ ਏ. ਟੀ. ਐੱਮ. ਦਾ ਡਾਟਾ ਇਕੱਠਾ ਕਰਕੇ ਰੋਮਾਨੀਆ ਜਾ ਕੇ ਕਾਰਡ ਕਲੋਨਿੰਗ, ਆਨਲਾਈਨ ਸ਼ਾਪਿੰਗ ਅਤੇ ਇੰਟਰਨੈਸ਼ਨਲ ਮਨੀ ਵਿਡਰਾਅ ਕਰਨੀ ਸੀ। ਕ੍ਰਾਈਮ ਬ੍ਰਾਂਚ ਨੇ ਮੁਲਜ਼ਮਾਂ ਨੂੰ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ।
 ਏ. ਟੀ. ਐੱਮ. ਮਸ਼ੀਨ ਤੇ ਹੋਟਲ ਦੀ ਸੀ. ਸੀ. ਟੀ. ਵੀ. ਫੁਟੇਜ ’ਚ ਹੋਈ ਪਛਾਣ 
 ਐੱਸ. ਪੀ. ਕ੍ਰਾਈਮ ਰਵੀ ਕੁਮਾਰ ਨੇ ਦੱਸਿਆ ਕਿ ਕੇਨਰਾ ਬੈਂਕ ਦੇ ਏ. ਟੀ. ਐੱਮ. ਵਿਚ ਕਾਰਡ ਸਕੀਮਰ ਤੇ ਸਪਾਈ ਕੈਮਰਾ ਮਿਲਣ ਤੋਂ ਬਾਅਦ ਡੀ. ਐੱਸ. ਪੀ. ਪਵਨ ਕੁਮਾਰ ਦੀ ਅਗਵਾਈ ਵਿਚ ਇੰਸਪੈਕਟਰ ਅਮਨਜੋਤ ਨੇ ਆਪਣੀ ਟੀਮ ਦੇ ਨਾਲ ਚੰਡੀਗਡ਼੍ਹ ਦੇ ਹੋਟਲਾਂ ਵਿਚ ਠਹਿਰੇ ਵਿਦੇਸ਼ੀ ਨਾਗਰਿਕਾਂ ਦਾ ਰਿਕਾਰਡ ਜੁਟਾਇਆ। ਇੰਸਪੈਕਟਰ ਅਮਨਜੋਤ ਨੂੰ ਸੂਚਨਾ ਮਿਲੀ ਕਿ ਰੋਮਾਨੀਆ ਦੇ 2 ਨਾਗਰਿਕ 2 ਅਗਸਤ ਨੂੰ ਸੈਕਟਰ-34 ਦੇ ਮੈਟਰੋ ਹੋਟਲ ਵਿਚ ਰੁਕੇ ਹਨ। ਹੋਟਲ ਦੇ ਰਜਿਟਰ ਵਿਚ ਉਨ੍ਹਾਂ ਆਪਣਾ ਨਾਂ ਮਿਸਲਿਆ ਲੇਸ਼ਿਨ ਲੋਨਟ ਤੇ ਪਰਾਸ਼ਿਚਵ ਜੋਰਜ ਅਲੈਟ੍ਰਾਂਡੂ ਲਿਖਵਾਇਆ ਹੈ। ਹੋਟਲ ਮੈਟਰੋ ਵਿਚ ਰਹਿਣ ਵਾਲੇ ਦੋਵੇਂ ਰੋਮਾਨੀਆ ਦੇ ਨਾਗਰਿਕ ਸੈਕਟਰ-43 ਦੇ ਵੈਸਟਰਨ ਕੋਰਟ ਹਾਲ ਹੋਟਲ ਵਿਚ 2 ਤੋਂ 5 ਅਗਸਤ ਤਕ ਰਹੇ। 5 ਅਗਸਤ ਤੋਂ ਬਾਅਦ ਦੋਵੇਂ ਦਿੱਲੀ ਚਲੇ ਗਏ। ਕ੍ਰਾਈਮ ਬ੍ਰਾਂਚ ਨੇ ਹੋਟਲ ਤੋਂ ਦੋਵਾਂ ਦੀ ਸੀ. ਸੀ. ਟੀ. ਵੀ. ਫੁਟੇਜ ਹਾਸਲ ਕੀਤੀ। ਇਸ ਤੋਂ ਬਾਅਦ ਕੇਨਰਾ ਬੈਂਕ ਅਤੇ ਹੋਟਲ ਤੋਂ ਲਈ ਗਈ ਸੀ. ਸੀ. ਟੀ. ਵੀ. ਫੁਟੇਜ ਦਾ ਮਿਲਾਨ ਕੀਤਾ ਗਿਆ ਤਾਂ ਏ. ਟੀ. ਐੱਮ. ਮਸ਼ੀਨ ਵਿਚ ਕਾਰਡ ਸਕੀਮਰ ਲਾਉਣ ਵਾਲਿਆਂ ਦੇ ਚਿਹਰੇ ਮਿਲ ਗਏ। 
ਕ੍ਰਾਈਮ ਬ੍ਰਾਂਚ ਨੇ ਸੁਰਾਗ ਲਾਇਆ ਤਾਂ ਪਤਾ ਲੱਗਾ ਕਿ ਦੋਵੇਂ ਵਿਦੇਸ਼ੀ ਨਾਗਰਿਕ ਨਵੀਂ ਦਿੱਲੀ ਦੇ ਹੋਟਲ ਗਿਲਿਟੀਜ਼ ਵੈਸਟਰਨ ਇਨ੍ਹਾਂ ਵਿਚ ਰੁਕੇ ਹੋਏ ਹਨ। ਕ੍ਰਾਈਮ ਬ੍ਰਾਂਚ ਦੀ ਟੀਮ ਸ਼ੁੱਕਰਵਾਰ ਨੂੰ ਦਿੱਲੀ ਪੁੱਜੀ ਅਤੇ ਹੋਟਲ ਵਿਚ ਠਹਿਰੇ ਰੋਮਾਨੀਆ ਦੇ ਦੋਵਾਂ ਮੁਲਜ਼ਮਾਂ ਨੂੰ ਦਬੋਚ ਲਿਆ। ਹੋਟਲ ਦੇ ਕਮਰੇ ’ਚੋਂ ਪੁਲਸ ਨੂੰ ਵਿਗ, ਟੋਪੀ ਤੇ ਵੱਖ-ਵੱਖ ਤਰ੍ਹਾਂ ਦੀਆਂ ਟੀ-ਸ਼ਰਟਸ ਬਰਾਮਦ ਹੋਈਆਂ ਹਨ। ਐੱਸ. ਪੀ. ਰਵੀ ਕੁਮਾਰ ਨੇ ਦੱਸਿਆ ਕਿ ਫਡ਼ੇ ਗਏ ਦੋਵਾਂ ਵਿਦੇਸ਼ੀ ਨਾਗਰਿਕਾਂ ਤੋਂ ਗੈਂਗ ਦੇ ਹੋਰ ਮੈਂਬਰਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਗੈਂਗ ਵਿਚ ਤਿੰਨ ਹੋਰ ਵਿਅਕਤੀ ਹਨ, ਜਿਨ੍ਹਾਂ ਬਾਰੇ ਪੁਲਸ ਪੁੱਛਗਿੱਛ ਕਰਨ ’ਚ ਲੱਗੀ ਹੋਈ ਹੈ।
 ਇੰਝ ਦਿੱਤਾ ਵਾਰਦਾਤ ਨੂੰ ਅੰਜਾਮ 
 ਪਰਾਸ਼ਿਚਵ ਜੋਰਜ ਅਲੈਟ੍ਰਾਂਡੂ 3 ਜੁਲਾਈ 2018 ਨੂੰ ਤੇ ਸਿਸਲਿਆ ਲੇਸ਼ਿਅਨ ਲੋਨਟ 10 ਜੁਲਾਈ ਨੂੰ ਇੰਡੀਆ ਵਿਚ ਲੋਕਾਂ ਦੇ ਏ. ਟੀ. ਐੱਮ. ਕਾਰਡ ਦਾ ਡਾਟਾ ਇਕੱਠਾ ਕਰਨ ਲਈ ਆਏ ਸਨ। ਕੁਝ ਦਿਨ ਮੁਲਜ਼ਮ ਦਿੱਲੀ ਦੇ ਹੋਟਲ ਵਿਚ ਠਹਿਰੇ। 2 ਅਗਸਤ ਨੂੰ ਉਹ ਚੰਡੀਗਡ਼੍ਹ ਪੁੱਜੇ ਅਤੇ ਸੈਕਟਰ-35 ਦੇ ਮੈਟਰੋ ਹੋਟਲ ਵਿਚ ਰੁਕੇ। ਦੋਵਾਂ ਨੇ ਚੰਡੀਗਡ਼੍ਹ ਦੀ ਵੱਖ-ਵੱਖ ਮਾਰਕੀਟਾਂ ਵਿਚ ਪੁਰਾਣੀਆਂ ਏ. ਟੀ. ਐੱਮਜ਼ ਮਸ਼ੀਨਾਂ ਚੈੱਕ ਕੀਤੀਆਂ। ਕੇਨਰਾ ਬੈਂਕ ਦੀਆਂ ਪੁਰਾਣੀਆਂ ਏ. ਟੀ. ਐੱਮਜ਼ ਮਸ਼ੀਨਾਂ ਮਿਲੀਆਂ,  ਜਿਨ੍ਹਾਂ ਵਿਚ ਅਸਾਨੀ ਨਾਲ ਕਾਰਡ ਸਕੀਮਰ ਤੇ ਸਪਾਈ ਕੈਮਰੇ ਲਾਏ ਜਾ ਸਕਦੇ ਸਨ। 2 ਅਗਸਤ ਨੂੰ ਮੈਟਰੋ ਹੋਟਲ ਛੱਡ ਕੇ ਉਹ ਸੈਕਟਰ-43 ਦੇ ਵੈਸਟਰਨ ਹੋਟਲ ਵਿਚ ਠਹਿਰੇ। 4 ਅਗਸਤ ਨੂੰ ਇਨ੍ਹਾਂ ਨੇ ਮਨੀਮਾਜਰਾ, ਸੈਕਟਰ-35, ਸੈਕਟਰ-17 ਅਤੇ ਮੋਹਾਲੀ ਦੇ ਕੇਨਰਾ ਬੈਂਕ ਦੀ ਏ. ਟੀ. ਐੱਮ. ਮਸ਼ੀਨ ਵਿਚ ਕਾਰਡ ਸਕੀਮਰ ਅਤੇ ਸਪਾਈ ਕੈਮਰਾ ਲਾਇਆ ਅਤੇ 5 ਅਗਸਤ ਨੂੰ ਦਿੱਲੀ ਚਲੇ ਗਏ। 7 ਅਗਸਤ ਨੂੰ ਦੋਨੋਂ ਮੁਲਜ਼ਮ ਵਾਪਸ ਚੰਡੀਗਡ਼੍ਹ ਆਏ, ਜਦੋਂ ਉਹ ਕੈਨਰਾ ਬੈਂਕ ਦੀ ਏ. ਟੀ. ਐੱਮ. ਮਸ਼ੀਨ ਵਿਚ ਗਏ ਤਾਂ ਦੇਖਿਆ ਕਿ ਉਨ੍ਹਾਂ ਵਲੋਂ ਲਾਇਆ ਗਿਆ ਕਾਰਡ ਸਕੀਮਰ ਅਤੇ ਸਪਾਈ ਕੈਮਰਾ ਗਾਇਬ ਸੀ। ਇਨ੍ਹਾਂ ਨੂੰ ਸ਼ੱਕ ਹੋਇਆ ਤੇ ਦੋਵੇਂ ਦਿੱਲੀ ਚਲੇ ਗਏ। ਰੋਮਾਨੀਆ ਦੇ ਦੋਵਾਂ ਮੁਲਜ਼ਮਾਂ ਤੋਂ ਪੁਲਸ ਟ੍ਰਾਂਸਲੇਟਰ ਰਾਹੀਂ ਪੁੱਛਗਿੱਛ ਕਰੇਗੀ। ਚੰਡੀਗਡ਼੍ਹ ਪੁਲਸ ਰੋਮਾਨੀਆ ਦੀ ਭਾਸ਼ਾ ਨੂੰ ਇੰਗਲਿਸ਼ ਅਤੇ ਹਿੰਦੀ ਵਿਚ ਟ੍ਰਾਂਸਲੇਟ ਕਰਨ ਵਾਲੇ ਨੂੰ ਸੱਦ ਰਹੀ ਹੈ।
ਕਾਰਡ ਕਲੋਨਿੰਗ ਮਾਮਲੇ ’ਚ ਇਕ ਗ੍ਰਿਫਤਾਰ  
ਮੋਹਾਲੀ,  (ਕੁਲਦੀਪ)-ਸ਼ਹਿਰ ਵਿਚ ਬੀਤੇ ਕਈ ਦਿਨਾਂ ਤੋਂ ਹੋ ਰਹੇ ਏ. ਟੀ. ਐੱਮ. ਕਾਰਡ ਕਲੋਨਿੰਗ ਮਾਮਲੇ ਵਿਚ ਸਟੇਟ ਸਾਈਬਰ ਕ੍ਰਾਈਮ ਦੀ ਟੀਮ ਨੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਭਾਵੇਂ ਹੀ ਪੁਲਸ ਦੇ ਕਿਸੇ ਵੀ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਸਾਈਬਰ ਕ੍ਰਾਈਮ ਦੇ ਅਤਿ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਕਾਰਡ ਕਲੋਨਿੰਗ ਦੇ ਮਾਮਲੇ ਵਿਚ ਮੁਲਜ਼ਮ ਸੌਰਵ ਨੂੰ ਗ੍ਰਿਫਤਾਰ ਕੀਤਾ ਹੈ। ਪਤਾ ਲੱਗਾ ਹੈ ਕਿ ਸੌਰਵ ਉਹੀ ਮੁਲਜ਼ਮ ਹੈ, ਜਿਸ ਦਾ ਨਾਂ ਬੈਂਕ ਵਲੋਂ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਦੱਸਿਆ ਗਿਆ ਸੀ ਤੇ ਉਹ ਫੇਜ਼-5 ਸਥਿਤ ਰੈਸਟੋਰੈਂਟ ਦਾ ਕਰਮਚਾਰੀ ਸੀ, ਜੋ ਕਿ ਮਾਮਲਾ ਮੀਡੀਆ ਵਿਚ ਆਉਣ ਉਪਰੰਤ ਫਰਾਰ ਹੋ ਗਿਆ ਸੀ।  ਅੱਜ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਅਾ, ਜਿਸ ਦੌਰਾਨ ਅਦਾਲਤ ਨੇ ਉਸ ਨੂੰ ਚਾਰ ਦਿਨਾ  ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਹੁਣ ਉਸ ਨੂੰ 14 ਅਗਸਤ ਨੂੰ ਫਿਰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।  ਪੁਲਸ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਪੁਲਸ ਨੇ ਕਾਰਡ ਕਲੋਨਿੰਗ ਮਾਮਲੇ ਵਿਚ ਚਾਰ ਲੋਕਾਂ ਨੂੰ ਰਾਊਂਡਅੱਪ ਕੀਤਾ ਹੈ।


Related News