ਵੱਖ-ਵੱਖ ਸੜਕ ਹਾਦਸਿਆਂ ’ਚ 2 ਦੀ ਮੌਤ, ਚਾਰ ਗੰਭੀਰ ਜ਼ਖ਼ਮੀ

Monday, Aug 23, 2021 - 08:42 PM (IST)

ਚਾਉਕੇ/ਬਾਲਿਆਂਵਾਲੀ(ਮਾਰਕੰਡਾ, ਸ਼ੇਖਰ)- ਸਥਾਨਕ ਸ਼ਹਿਰ ਰਾਮਪੁਰਾ ਫੂਲ ਦੇ ਆਸ-ਪਾਸ ਦੇ ਖੇਤਰਾਂ ’ਚ ਸੜਕ ਹਾਦਸਿਆਂ ਵਿਚ ਦੋ ਦੀ ਮੌਤ ਅਤੇ ਚਾਰ ਵਿਅਕਤੀਆਂ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਬਠਿੰਡਾ-ਬਰਨਾਲਾ ਨੈਸ਼ਨਲ ਹਾਈਵੇ ਮਾਰਗ ’ਤੇ ਸਥਿਤ ਪਿੰਡ ਗਿੱਲ ਕਲਾਂ ਦੇ ਨਜ਼ਦੀਕ ਅਜੈਬ ਸਿੰਘ ਉਰਫ ਕੁੱਕੂ ਪੁੱਤਰ ਭਾਗ ਚੰਦ ਵਾਸੀ ਗੁਰੂ ਨਾਨਕਪੁਰਾ ਮੁਹੱਲਾ ਰਾਮਪੁਰਾ ਜੋ ਕਿ ਆਪਣੇ ਮੋਟਰਸਾਈਕਲ ’ਤੇ ਬਰਨਾਲਾ ਸਾਈਡ ਤੋਂ ਰਾਮਪੁਰਾ ਆ ਰਿਹਾ ਸੀ ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।
ਇਸੇ ਤਰ੍ਹਾਂ ਹੀ ਬਾਈਪਾਸ ਸਾਹਮਣੇ ਕਨਾਲ ਕਲੱਬ ਵੱਲ ਜੋਗਿੰਦਰ ਸਿੰਘ ਪੁੱਤਰ ਸੁੰਦਰ ਲਾਲ ਵਾਸੀ ਨਿਊ ਭਗਤ ਸਿੰਘ ਕਾਲੋਨੀ ਰਾਮਪੁਰਾ ਆਪਣੇ ਸਾਈਕਲ ’ਤੇ ਰਾਮਪੁਰਾ ਸ਼ਹਿਰ ਵੱਲ ਜਾ ਰਿਹਾ ਸੀ ਤਾਂ ਪਿੱਛੋਂ ਲਾਪਰਵਾਹੀ ਨਾਲ ਆ ਰਹੀ ਹੈਡਰਾ ਕ੍ਰੇਨ ਨੇ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਕ੍ਰੇਨ ਨੂੰ ਕਬਜ਼ੇ ਵਿਚ ਲੈ ਕੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ।

ਇਸੇ ਤਰ੍ਹਾਂ ਹੀ ਫੂਲ ਰੋਡ ’ਤੇ ਸਥਿਤ ਵੈਟਰਨਰੀ ਯੂਨੀਵਰਸਿਟੀ ਦੇ ਸਾਹਮਣੇ ਗੋਰੀ ਸਿੰਘ ਪੁੱਤਰ ਗੁਰਮੇਲ ਸਿੰਘ ਪਿੰਡ ਵਾਸੀ ਸੇਲਵਰਾ ਰਾਮਪੁਰਾ ਤੋਂ ਆਪਣੇ ਪਿੰਡ ਜਾ ਰਿਹਾ ਸੀ ਅਚਾਨਕ ਸਾਹਮਣਿਉਂ ਆ ਰਹੀ ਕਾਰ ਨਾਲ ਟੱਕਰ ਹੋ ਗਈ ਤੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸਨੂੰ 108 ਐਂਬੂਲੈਂਸ ਵੱਲੋਂ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ।

ਇਸੇ ਤਰ੍ਹਾਂ ਹੀ ਪਿੰਡ ਫੂਲ ਟਾਊਨ ਤੋਂ ਭਾਈਰੂਪਾ ਨੂੰ ਜਾਂਦੀ ਲਿੰਕ ਸੜਕ ’ਤੇ ਮੋਟਰਸਾਈਕਲ ਸਵਾਰ ਹਰਜਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਫੂਲ ਟਾਊਨ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਤੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਭਰਾ ਨੇ ਉਸਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ, ਜਿੱਥੇ ਹਾਲਤ ਨਾਜ਼ੁਕ ਹੋਣ ’ਤੇ ਉਸ ਨੂੰ ਵੀ ਬਠਿੰਡਾ ਰੈਫਰ ਕਰ ਦਿੱਤਾ।

ਇਸੇ ਤਰ੍ਹਾਂ ਹੀ ਮੌੜ ਰੋਡ ’ਤੇ ਸਥਿਤ ਪਿੰਡ ਮੰਡੀ ਕਲਾਂ ਨੇੜੇ ਡਰੇਨ ਪੁਲ ’ਤੇ ਮੋਟਰਸਾਈਕਲ ’ਤੇ ਸਵਾਰ ਮਾਂ-ਪੁੱਤ ਨੂੰ ਅਣਪਛਾਤਾ ਵਾਹਨ ਫੇਟ ਮਾਰ ਕੇ ਫ਼ਰਾਰ ਹੋ ਗਿਆ। ਹਾਦਸਾ ਵਾਪਰਨ ਤੋਂ ਬਾਅਦ ਰਾਹਗੀਰਾਂ ਨੇ ਦੋਵਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੇ ਸਿਮਰਜੀਤ ਕੌਰ ਦੀ ਹਾਲਤ ਨੂੰ ਦੇਖਦੇ ਹੋਏ ਆਦੇਸ਼ ਹਸਪਤਾਲ ਬਠਿੰਡਾ ਰੈਫਰ ਕੀਤਾ ਗਿਆ। ਵੱਖ-ਵੱਖ ਥਾਣਿਆਂ ਦੀ ਪੁਲਸ ਵੱਲੋਂ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਕਰਨ ਲਈ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤੀਆਂ ਹਨ।


Bharat Thapa

Content Editor

Related News