ਮੋਹਾਲੀ ਦੀਆਂ ਦੋ ਕੁੜੀਆਂ ਦੀ ਏਅਰ ਫੋਰਸ ਅਕੈਡਮੀ ''ਚ ਹੋਈ ਚੋਣ
Wednesday, Nov 27, 2024 - 03:44 AM (IST)
ਮੋਹਾਲੀ/ਚੰਡੀਗੜ੍ਹ/ਜਲੰਧਰ (ਨਿਆਮੀਆਂ, ਅੰਕੁਰ, ਧਵਨ) - ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਐੱਸ.ਏ.ਐੱਸ. ਨਗਰ ਦੀਆਂ ਦੋ ਮਹਿਲਾ ਕੈਡਿਟਾਂ ਚਰਨਪ੍ਰੀਤ ਕੌਰ ਤੇ ਮਹਿਕ ਨੂੰ ਏਅਰ ਫੋਰਸ ਅਕੈਡਮੀ, ਡੁੰਡੀਗਲ ਵਿਖੇ ਪ੍ਰੀ-ਕਮਿਸ਼ਨ ਸਿਖਲਾਈ ਲਈ ਚੁਣਿਆ ਗਿਆ ਹੈ। ਇਨ੍ਹਾਂ ਦੀ ਸਿਖਲਾਈ ਜਨਵਰੀ 2025 ਤੋਂ ਸ਼ੁਰੂ ਹੋਵੇਗੀ।
ਕੁਰਾਲੀ ਦੀ ਰਹਿਣ ਵਾਲੀ ਚਰਨਪ੍ਰੀਤ ਕੌਰ ਦੇ ਪਿਤਾ ਹਰਮਿੰਦਰ ਸਿੰਘ ਬਨਵੈਤ ਪ੍ਰਾਈਵੇਟ ਕੰਪਨੀ ’ਚ ਡਰਾਈਵਰ ਵਜੋਂ ਕੰਮ ਕਰਦੇ ਹਨ। ਐੱਸ. ਏ. ਐੱਸ. ਨਗਰ ਦੀ ਰਹਿਣ ਵਾਲੀ ਮਹਿਕ ਦੇ ਪਿਤਾ ਅਨਿਲ ਕੁਮਾਰ ਦਹੀਆ ਸਰਕਾਰੀ ਅਧਿਆਪਕ ਹਨ। ਮੈਰਿਟ ਸੂਚੀ ’ਚ ਸ਼ਾਮਲ 192 ਲੜਕੀਆਂ ਵਿਚੋਂ ਚਰਨਪ੍ਰੀਤ ਕੌਰ ਨੇ ਚੌਥਾ ਆਲ ਇੰਡੀਆ ਰੈਂਕ (ਏ.ਆਈ.ਆਰ.) ਹਾਸਲ ਕੀਤਾ ਹੈ ਜਦਕਿ ਮਹਿਕ ਨੇ 23ਵਾਂ ਰੈਂਕ ਪ੍ਰਾਪਤ ਕੀਤਾ ਹੈ।
ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੋਵਾਂ ਮਹਿਲਾ ਕੈਡਿਟਾਂ ਨੂੰ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਫ਼ਲਤਾ ਬਿਨਾਂ ਸ਼ੱਕ ਪੰਜਾਬ ਦੀਆਂ ਹੋਰ ਲੜਕੀਆਂ ਨੂੰ ਵੀ ਰੱਖਿਆ ਸੇਵਾਵਾਂ ’ਚ ਕਮਿਸ਼ਨਡ ਅਫ਼ਸਰ ਵਜੋਂ ਦੇਸ਼ ਦੀ ਸੇਵਾ ਨਿਭਾਉਣ ਦੇ ਮੌਕੇ ਹਾਸਲ ਕਰਨ ਲਈ ਪ੍ਰੇਰਿਤ ਕਰੇਗੀ। ਸਰਕਾਰ ਨੇ ਪਿਛਲੇ ਸਾਲ ਮਾਈ ਭਾਗੋ ਏ. ਐੱਫ. ਪੀ. ਆਈ. ਵਿਖੇ ਲੜਕੀਆਂ ਲਈ ਐੱਨ. ਡੀ. ਏ. ਪ੍ਰੈਪਰੇਟਰੀ ਵਿੰਗ ਸ਼ੁਰੂ ਕਰਨ ਨੂੰ ਪ੍ਰਵਾਨਗੀ ਦਿੱਤੀ ਸੀ। ਇਸ ਸੰਸਥਾ ਦੀਆਂ ਚਾਰ ਹੋਰ ਮਹਿਲਾ ਕੈਡਿਟਾਂ ਨੇ ਐੱਨ. ਡੀ. ਏ. ਦੀ ਦਾਖ਼ਲਾ ਪ੍ਰੀਖਿਆ ਪਾਸ ਕਰ ਲਈ ਹੈ ਤੇ ਹੁਣ ਉਹ ਆਪਣੀ ਐੱਸ.ਐੱਸ.ਬੀ. ਸਕ੍ਰੀਨਿੰਗ ਦੀ ਤਿਆਰੀ ਕਰ ਰਹੀਆਂ ਹਨ।
ਮਾਈ ਭਾਗੋ ਏ.ਐੱਫ. ਪੀ. ਆਈ. ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ ਏ. ਵੀ. ਐੱਸ. ਐੱਮ. (ਸੇਵਾਮੁਕਤ) ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਨ੍ਹਾਂ ਮਹਿਲਾ ਕੈਡਿਟਾਂ ਨੂੰ ਭਾਰਤੀ ਹਵਾਈ ਫ਼ੌਜ ’ਚ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।