ਖਰੜ ਦੀ ਵਿਗੜਦੀ ਟ੍ਰੈਫਿਕ ਵਿਵਸਥਾ ਤੋਂ ਲੋਕ ਪਰੇਸ਼ਾਨ, ਤਿਉਹਾਰਾਂ ਦੇ ਮੱਦੇਨਜ਼ਰ ਟ੍ਰੈਫਿਕ ਫੋਰਸ ਵਧਾਉਣ ਦੀ ਮੰਗ

Wednesday, Sep 23, 2026 - 10:33 AM (IST)

ਖਰੜ ਦੀ ਵਿਗੜਦੀ ਟ੍ਰੈਫਿਕ ਵਿਵਸਥਾ ਤੋਂ ਲੋਕ ਪਰੇਸ਼ਾਨ, ਤਿਉਹਾਰਾਂ ਦੇ ਮੱਦੇਨਜ਼ਰ ਟ੍ਰੈਫਿਕ ਫੋਰਸ ਵਧਾਉਣ ਦੀ ਮੰਗ

ਖਰੜ (ਅਮਰਦੀਪ) : ਖਰੜ ਸ਼ਹਿਰ 'ਚ ਵਿਗੜਦੀ ਜਾ ਰਹੀ ਟ੍ਰੈਫਿਕ ਵਿਵਸਥਾ ਕਾਰਨ ਵਪਾਰੀਆਂ, ਕਿਸਾਨਾਂ ਅਤੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਾਂਡਰਾਂ ਰੋਡ ਅਤੇ ਸ਼ਹਿਰ ਦੇ ਮੁੱਖ ਬਾਜ਼ਾਰਾਂ 'ਚ ਅਕਸਰ ਟ੍ਰੈਫਿਕ ਜਾਮ ਲੱਗਣ ਕਾਰਨ ਲੋਕਾਂ ਦਾ ਸਮਾਂ ਬਰਬਾਦ ਹੋ ਰਿਹਾ ਹੈ। ਸੜਕਾਂ ਦੇ ਦੋਵੇਂ ਪਾਸੇ ਬੇਤਰਤੀਬ ਪਾਰਕਿੰਗ ਅਤੇ ਸ਼ਹਿਰ ਦੇ ਅੰਦਰੋਂ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਸਮੱਸਿਆ ਹੋਰ ਵੱਧ ਰਹੀ ਹੈ। ਅਨਾਜ ਮੰਡੀ ਦੇ ਸੀਨੀਅਰ ਆੜ੍ਹਤੀ ਸੁਨੀਲ ਕੁਮਾਰ ਨੀਤੂ ਅਗਰਵਾਲ ਨੇ ਕਿਹਾ ਕਿ ਧਾਨ ਦੇ ਸੀਜ਼ਨ ਦੌਰਾਨ ਵੱਡੀ ਗਿਣਤੀ 'ਚ ਟਰੈਕਟਰ-ਟਰਾਲੀਆਂ ਮੰਡੀ 'ਚ ਪਹੁੰਚਣਗੀਆਂ, ਇਸ ਲਈ ਕਿਸਾਨਾਂ ਲਈ ਸੁਰੱਖਿਅਤ ਅਤੇ ਨਿਰਵਿਘਨ ਰਸਤਾ ਯਕੀਨੀ ਬਣਾਉਣਾ ਜ਼ਰੂਰੀ ਹੈ।

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਨਿਯਾਮੀਆਂ ਨੇ ਮੁੱਖ ਚੌਕਾਂ ਅਤੇ ਮੋੜਾਂ ’ਤੇ ਟ੍ਰੈਫਿਕ ਕਰਮਚਾਰੀ ਤਾਇਨਾਤ ਕਰਨ ਅਤੇ ਟ੍ਰੈਫਿਕ ਫੋਰਸ ਵਧਾਉਣ ਦੀ ਮੰਗ ਕੀਤੀ। ਰਿਟੇਲ ਕਰਿਆਨਾ ਮਰਚੈਂਟ ਐਸੋਸੀਏਸ਼ਨ ਦੇ ਸਕੱਤਰ ਅਮਨਦੀਪ ਗਰਗ ਨੇ ਕਿਹਾ ਕਿ ਆਉਣ ਵਾਲੇ ਧਾਨ ਦੇ ਸੀਜ਼ਨ ਅਤੇ ਦੀਵਾਲੀ ਦੇ ਤਿਉਹਾਰ ਨੂੰ ਦੇਖਦਿਆਂ ਪ੍ਰਸ਼ਾਸਨ ਨੂੰ ਪਹਿਲਾਂ ਤੋਂ ਹੀ ਵਿਸ਼ੇਸ਼ ਟ੍ਰੈਫਿਕ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੇਤਰਤੀਬ ਪਾਰਕਿੰਗ ’ਤੇ ਕੰਟਰੋਲ ਕਰਨ ਦੇ ਨਾਲ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਵੀ ਨਿਯਮਤ ਕੀਤਾ ਜਾਵੇ। ਵਪਾਰੀਆਂ ਅਤੇ ਕਿਸਾਨ ਜੱਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਅਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਖਰੜ ਲਈ ਵਿਸ਼ੇਸ਼ ਟ੍ਰੈਫਿਕ ਪਲਾਨ ਲਾਗੂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਹੈ ਕਿ ਤੁਰੰਤ ਟ੍ਰੈਫਿਕ ਪੁਲਸ ਮੁਲਾਜ਼ਮਾ ਦੀ ਗਿਣਤੀ ਵਧਾਈ ਜਾਵੇ ਅਤੇ ਹਰ ਇੱਕ ਚੁਰਸਤੇ ਅਤੇ ਚੌਂਕ 'ਤੇ ਟ੍ਰੈਫਿਕ ਮੁਲਾਜ਼ਮ ਤਾਇਨਾਤ ਕੀਤਾ ਜਾਵੇ।


author

Babita

Content Editor

Related News