ਦਿੱਲੀ ਤੋਂ ਲੁਧਿਆਣਾ ਆਏ ਦੋ ਭਰਾਵਾਂ ਨੇ ਚੋਰੀ ਕੀਤਾ ਸੀ ਕਾਰੋਬਾਰੀ ਦਾ 9 ਲੱਖ ਨਾਲ ਭਰਿਆ ਬੈਗ
Tuesday, Apr 17, 2018 - 06:12 AM (IST)
ਲੁਧਿਆਣਾ, (ਰਿਸ਼ੀ)- ਥਾਣਾ ਡਵੀਜ਼ਨ ਨੰ. 6 ਦੇ ਇਲਾਕੇ ਲਿੰਕ ਰੋਡ 'ਤੇ 11 ਅਪ੍ਰੈਲ ਨੂੰ ਆਰਟਿਕਾ ਕਾਰ 'ਚੋਂ ਫੈਕਟਰੀ ਜਾ ਰਹੇ ਕਾਰੋਬਾਰੀ ਸ਼ਿਵ ਕੁਮਾਰ ਦਾ ਬੈਗ ਦਿੱਲੀ ਤੋਂ ਮੋਟਰਸਾਈਕਲ 'ਤੇ ਆਏ 2 ਭਰਾਵਾਂ ਨੇ ਚੋਰੀ ਕੀਤਾ ਸੀ। ਸਾਲ 2015 'ਚ ਸ਼ਿਵਪੁਰੀ ਚੌਕ ਕੋਲ ਆਈ. ਏ. ਐੱਸ. ਦੀ ਕਾਰ ਦਾ ਸ਼ੀਸ਼ਾ ਤੋੜ ਕੇ 18 ਲੱਖ ਦੀ ਨਕਦੀ ਚੋਰੀ ਕਰਨ ਦੇ ਮਾਮਲੇ ਵਿਚ ਇਕ ਦਿਨ ਬਾਅਦ ਕੋਰਟ 'ਚ ਤਰੀਕ ਭੁਗਤਣ ਦਿੱਲੀ ਤੋਂ ਆਏ ਗੁਆਂਢੀਆਂ ਨੂੰ ਫੁਟੇਜ ਦਿਖਾਉਣ 'ਤੇ ਉਨ੍ਹਾਂ ਨੇ ਭਰਾਵਾਂ ਦੀ ਪਛਾਣ ਕੀਤੀ, ਜਿਸ ਤੋਂ ਬਾਅਦ ਸੀ. ਆਈ. ਏ.-2 ਦੀ ਪੁਲਸ ਨੇ ਦਿੱਲੀ ਉਨ੍ਹਾਂ ਦੇ ਘਰ ਰੇਡ ਕਰ ਕੇ ਦਬੋਚ ਲਿਆ ਅਤੇ ਚੋਰੀ ਕੀਤੀ ਨਕਦੀ ਵੀ ਬਰਾਮਦ ਕਰ ਲਈ। ਉਪਰੋਕਤ ਜਾਣਕਾਰੀ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਡੀ. ਸੀ. ਪੀ. ਕ੍ਰਾਈਮ ਗਗਨ ਅਜੀਤ ਸਿੰਘ ਨੇ ਸੋਮਵਾਰ ਨੂੰ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਵਾਰਦਾਤ ਕਰਨ ਵਾਲੇ ਲੜਕੇ 15 ਤੋਂ 17 ਸਾਲ ਦੇ ਹਨ। ਦੋਵੇਂ ਆਪਸ ਵਿਚ ਰਿਸ਼ਤੇਦਾਰ ਹਨ।
10 ਅਪ੍ਰੈਲ ਨੂੰ ਉਹ ਲੁਧਿਆਣਾ ਆਏ ਸਨ ਅਤੇ ਉਨ੍ਹਾਂ ਨੇ ਸ਼ਹਿਰ ਭਰ 'ਚ ਵਾਰਦਾਤ ਕਰਨੀ ਚਾਹੀ ਪਰ ਕਰ ਨਾ ਸਕੇ। ਬੁੱਧਵਾਰ ਸਵੇਰੇ ਉਹ ਸਮਰਾਲਾ ਚੌਕ ਵੱਲ ਜਾ ਰਹੇ ਸਨ। ਚੀਮਾ ਚੌਕ ਕੋਲ ਉਨ੍ਹਾਂ ਨੇ ਕਾਰੋਬਾਰੀ ਦੀ ਕਾਰ 'ਚੋਂ ਇਕ ਬੈਗ ਅਤੇ ਅਟੈਚੀ ਦਿਖ ਗਿਆ, ਜਿਸ ਦੇ ਬਾਅਦ ਉਨ੍ਹਾਂ ਨੇ ਚੋਰੀ ਦਾ ਮਨ ਬਣਾ ਲਿਆ। 15 ਸਾਲਾ ਲੜਕੇ ਨੇ ਭੀੜ ਦਾ ਫਾਇਦਾ ਉਠਾ ਕੇ ਗੱਡੀ 'ਤੇ ਕਾਲਾ ਤੇਲ ਪਾ ਦਿੱਤਾ। ਕਾਰ 'ਚੋਂ ਧੂੰਆਂ ਨਿਕਲਣ 'ਤੇ ਦੂਜੇ ਮੋਟਰਸਾਈਕਲ ਸਵਾਰ ਭਰਾ ਨੇ ਉਨ੍ਹਾਂ ਨੂੰ ਇਸ਼ਾਰੇ ਨਾਲ ਕਾਰ ਰੋਕ ਕੇ ਚੈੱਕ ਕਰਨ ਨੂੰ ਕਿਹਾ। ਜਦ ਦੋਵਾਂ ਨੇ ਕਾਰ ਤੋਂ ਬਾਹਰ ਆ ਕੇ ਬੋਨੇਟ ਖੋਲ੍ਹਿਆ ਤਾਂ 15 ਸਾਲਾ ਲੜਕਾ ਬੈਗ ਅਤੇ ਅਟੈਚੀ ਚੁੱਕ ਕੇ ਮੋਟਰਸਾਈਕਲ ਦੇ ਪਿੱਛੇ ਬੈਠ ਗਿਆ ਅਤੇ ਦੋਵੇਂ ਫਰਾਰ ਹੋ ਗਏ। ਘਟਨਾ ਸਥਾਨ 'ਤੇ ਪਹੁੰਚੀ ਪੁਲਸ ਨੇ ਆਸ-ਪਾਸ ਦੇ ਇਲਾਕੇ 'ਚ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲੀ ਤਾਂ ਇਕ ਦਾ ਚਿਹਰਾ ਸਾਹਮਣੇ ਆ ਗਿਆ।
ਲੁਧਿਆਣਾ ਤੋਂ ਦਿੱਲੀ ਤੱਕ ਕੈਮਰੇ ਖੰਗਾਲੇ
ਵਾਰਦਾਤ ਦੇ ਬਾਅਦ ਪੁਲਸ ਦੇ ਹੱਥ ਲੱਗੀ ਫੁਟੇਜ 'ਚ ਮੋਟਰਸਾਈਕਲ ਦਾ ਨੰਬਰ ਆ ਗਿਆ, ਜੋ ਦਿੱਲੀ ਦਾ ਹੀ ਨਿਕਲਿਆ ਅਤੇ ਇਕ ਲੜਕੇ ਦੀ ਮਾਂ ਦੇ ਨਾਂ 'ਤੇ ਹੈ। ਪੁਲਸ ਨੇ ਮੋਟਰਸਾਈਕਲ ਦੇ ਨੰਬਰ ਨੂੰ ਸਰਚ ਕੀਤਾ ਤਾਂ ਪਤਾ ਲੱਗਾ ਕਿ ਵਾਰਦਾਤ ਕਰਨ ਦੇ ਬਾਅਦ ਦੋਵੇਂ ਲਾਡੋਵਾਲ ਹੁੰਦੇ ਹੋਏ ਸ਼ਹਿਰ ਤੋਂ ਬਾਹਰ ਨਿਕਲ ਗਏ ਅਤੇ ਰਾਤ 7 ਵਜੇ ਫਿਰ ਤੋਂ ਸ਼ਹਿਰ ਵਿਚ ਦਾਖਲ ਹੋਏ ਅਤੇ ਦਿੱਲੀ ਹਾਈਵੇ 'ਤੇ ਨਿਕਲ ਗਏ। ਪੁਲਸ ਵੱਲੋਂ ਲੁਧਿਆਣਾ ਤੋਂ ਦਿੱਲੀ ਜਾਣ ਵਾਲੇ ਰਸਤੇ 'ਤੇ ਪੈਂਦੇ ਟੋਲ ਟੈਕਸ ਦੀ ਫੁਟੇਜ ਦੇਖੀ, ਜਿਸ 'ਚ ਦੋਵੇਂ ਸਾਫ ਨਜ਼ਰ ਆ ਰਹੇ ਹਨ।
ਪੂਰੇ ਇਲਾਕੇ ਦੇ ਲੋਕ ਕਈ ਰਾਜਾਂ 'ਚ ਕਰਦੇ ਵਾਰਦਾਤ
ਸੀ. ਪੀ. ਅਨੁਸਾਰ ਮਦਰਗਿਰੀ ਦਿੱਲੀ ਦਾ ਇਕ ਇਸ ਤਰ੍ਹਾਂ ਦਾ ਇਲਾਕਾ ਹੈ, ਜਿੱਥੇ ਰਹਿਣ ਵਾਲੇ ਜ਼ਿਆਦਾਤਰ ਲੋਕਾਂ 'ਤੇ ਅਪਰਾਧਿਕ ਮਾਮਲੇ ਦਰਜ ਹਨ। ਸਾਰੇ ਕਾਰਾਂ 'ਚੋਂ ਬੈਗ ਚੋਰੀ ਕਰਨ ਦਾ ਕੰਮ ਕਰਦੇ ਹਨ, ਇਨ੍ਹਾਂ ਲੋਕਾਂ ਦੀ ਖਾਸੀਅਤ ਇਹ ਹੈ ਕਿ ਦਿੱਲੀ ਤੋਂ ਬਾਹਰ ਜਾ ਕੇ ਕ੍ਰਾਈਮ ਕਰਦੇ ਹਨ ਅਤੇ ਵਾਪਸ ਮੁੜ ਜਾਂਦੇ ਹਨ। ਇਨ੍ਹਾਂ ਵੱਲੋਂ ਜ਼ਿਆਦਾਤਰ ਵਾਰਦਾਤਾਂ ਪੰਜਾਬ, ਹਰਿਆਣਾ, ਯੂ. ਪੀ. 'ਚ ਜਾ ਕੇ ਕੀਤੀਆਂ ਜਾਂਦੀਆਂ ਹਨ।
ਪੁਲਸ ਅਫਸਰ ਦਾ ਆਈ. ਕਿਊ ਆਇਆ ਕੰਮ
ਇਸ ਮਾਮਲੇ ਨੂੰ ਹੱਲ ਕਰਨ 'ਚ ਪੁਲਸ ਅਫਸਰ ਦਾ ਆਈ. ਕਿਊ ਕੰਮ ਆਇਆ। ਇੰਸਪੈਕਟਰ ਰਾਜੇਸ਼ ਕੁਮਾਰ ਅਨੁਸਾਰ ਫੁਟੇਜ ਦੇਖਣ 'ਤੇ ਸਪੱਸ਼ਟ ਹੋ ਗਿਆ ਕਿ ਲੜਕੇ ਮਦਰਾਸੀ ਹਨ। ਅਗਲੇ ਦਿਨ ਕੋਰਟ 'ਚ ਮਦਰਾਸੀ ਲੁਟੇਰਿਆਂ ਦੀ ਤਰੀਕ ਸੀ, ਜਿਸ ਵਿਚ ਉਨ੍ਹਾਂ ਦੇ ਇਕ ਮੁਲਾਜ਼ਮ ਦੀ ਗਵਾਹੀ ਸੀ। ਸਾਰੇ ਕੋਰਟ ਪਹੁੰਚੇ ਅਤੇ ਪੰਜਾਂ ਨੂੰ ਫੁਟੇਜ ਦਿਖਾਈ ਤਾਂ ਉਨ੍ਹਾਂ ਦੱਸਿਆ ਕਿ ਇਹ ਦਿੱਲੀ ਵਿਚ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲੇ ਹਨ। ਜਿਸ ਦੇ ਬਾਅਦ ਪੁਲਸ ਦੀ ਇਕ ਟੀਮ ਨੂੰ ਰਵਾਨਾ ਕੀਤਾ ਗਿਆ।
ਮਾਸਟਰਮਾਈਂਡ ਨਹੀਂ ਲੱਗਾ ਪੁਲਸ ਦੇ ਹੱਥ
ਏ. ਸੀ. ਪੀ. ਕ੍ਰਾਈਮ ਸੁਰਿੰਦਰ ਮੋਹਨ ਦੇ ਅਨੁਸਾਰ ਲੜਕਿਆਂ ਤੋਂ ਚੋਰੀ ਕਰਵਾਉਣ ਦੇ ਪਿੱਛੇ ਦਾ ਮਾਸਟਰਮਾਈਂਡ ਕੋਈ ਹੋਰ ਹੈ, ਜੋ ਹੁਣ ਤੱਕ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਪੁਲਸ ਅਨੁਸਾਰ ਜਾਂਚ ਕੀਤੀ ਜਾ ਰਹੀ ਹੈ ਕਿ ਲਿੰਕ ਰੋਡ 'ਤੇ ਵਾਰਦਾਤ ਕਰਦੇ ਸਮੇਂ ਇਨ੍ਹਾਂ ਦੇ ਨਾਲ ਹੋਰ ਵੀ ਕਈ ਲੋਕ ਹੋ ਸਕਦੇ ਹਨ।
ਖਾਲੀ ਸਮਝ ਸੁੱਟਿਆ ਅਟੈਚੀ, ਵਿਚ ਸਨ 3 ਲੱਖ 8700 ਰੁਪਏ
ਏ. ਸੀ. ਪੀ. ਕ੍ਰਾਈਮ ਅਨੁਸਾਰ ਭੱਜਦੇ ਸਮੇਂ ਉਨ੍ਹਾਂ ਨੇ ਲੈਪਟਾਪ ਵਾਲੇ ਬੈਗ 'ਚ ਪਈ 6 ਲੱਖ 50 ਹਜ਼ਾਰ ਦੀ ਨਕਦੀ ਕੱਢ ਲਈ ਅਤੇ ਅਟੈਚੀ 'ਚ ਕਾਗਜ਼ਾਤ ਦੇਖ ਉਸ ਨੂੰ ਅਤੇ ਲੈਪਟਾਪ ਦੇ ਬੈਗ ਨੂੰ ਸੁੱਟ ਦਿੱਤਾ, ਜਦੋਂਕਿ ਅਟੈਚੀ 'ਚ ਕਾਗਜ਼ਾਤਾਂ ਦੇ ਹੇਠਾਂ 3 ਲੱਖ 8700 ਰੁਪਏ ਦੀ ਨਕਦੀ ਪਈ ਹੋਈ ਸੀ, ਜਿਸ ਦੇ ਬਾਰੇ 'ਚ ਉਨ੍ਹਾਂ ਨੂੰ ਪਤਾ ਨਹੀਂ ਲੱਗ ਸਕਿਆ।
ਸ਼ਹਿਰ 'ਚ ਕਈ ਵਾਰਦਾਤਾਂ 'ਚ ਹੋ ਸਕਦਾ ਹੈ ਇਨ੍ਹਾਂ ਦਾ ਹੱਥ
ਕਾਫੀ ਸਮੇਂ ਤੋਂ ਸ਼ਹਿਰ ਦੇ ਕਈ ਇਲਾਕਿਆਂ 'ਚ ਛੋਟੇ ਬੱਚਿਆਂ ਵੱਲੋਂ ਕਾਰ ਦਾ ਸ਼ੀਸ਼ਾ ਤੋੜ ਕੇ ਬੈਗ ਚੋਰੀ ਕਰਨ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਪਰ ਜ਼ਿਆਦਾਤਰ ਮਾਮਲਿਆਂ 'ਚ ਪੁਲਸ ਕਿਸੇ ਨੂੰ ਫੜ ਨਹੀਂ ਸਕੀ। ਪੁਲਸ ਦਾ ਮੰਨਣਾ ਹੈ ਕਿ ਉਹ ਵਾਰਦਾਤਾਂ ਵੀ ਦਿੱਲੀ ਦੇ ਇਸੇ ਇਲਾਕੇ ਦੇ ਲੋਕਾਂ ਵੱਲੋਂ ਕੀਤੀਆਂ ਹੋ ਸਕਦੀਆਂ ਹਨ। ਪੁਲਸ ਇਸ ਗੱਲ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
