ਸਮੈਕ ਲਈ ਝਪਟਮਾਰੀ ਕਰਨ ਵਾਲੇ 2 ਭਰਾ ਕਾਬੂ, ਡਰੱਗ ਸਮੱਗਲਰ ਵੀ ਗ੍ਰਿਫਤਾਰ

11/18/2017 8:01:42 AM

ਚੰਡੀਗੜ੍ਹ, (ਸੰਦੀਪ)- ਝਪਟੀ ਗਈ ਸੋਨੇ ਦੀ ਚੇਨ ਦੇ ਬਦਲੇ ਡਰੱਗ ਸਮੱਗਲਰ ਤੋਂ ਸਮੈਕ ਲੈਣ ਵਾਲੇ 2 ਭਰਾਵਾਂ ਸਮੇਤ ਡਰੱਗ ਸਮੱਗਲਰ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਕਾਬੂ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਜਲੰਧਰ ਦੇ ਰਹਿਣ ਵਾਲੇ 2 ਭਰਾਵਾਂ ਸ਼ੁਭਮ ਤੇ ਉਸਦੇ ਛੋਟੇ ਭਰਾ ਨਮਨ ਵਜੋਂ ਹੋਈ ਹੈ। ਡਰੱਗ ਸਮੱਗਲਰ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਗੁਰਦੀਪ ਸਿੰਘ ਹੈ। 
ਮੁਲਜ਼ਮਾਂ ਤੋਂ ਪੁੱਛਗਿੱਛ ਦੇ ਬਾਅਦ ਪੁਲਸ ਨੇ 7 ਸੋਨੇ ਦੀਆਂ ਚੇਨਾਂ ਤੇ 4 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲਸ ਨੇ ਸ਼ਹਿਰ ਦੇ ਵੱਖ-ਵੱਖ ਥਾਣਿਆਂ 'ਚ ਦਰਜ ਝਪਟਮਾਰੀ ਤੇ ਵਾਹਨ ਚੋਰੀ ਦੇ ਮਾਮਲੇ ਸੁਲਝਾਉਣ ਦਾ ਦਾਅਵਾ ਕੀਤਾ ਹੈ।
ਸੈਕਟਰ-20 'ਚ ਲਗਾਤਾਰ ਕਰ ਰਹੇ ਸਨ ਵਾਰਦਾਤਾਂ : ਕ੍ਰਾਈਮ ਬ੍ਰਾਂਚ ਦੇ ਡੀ. ਐੱਸ. ਪੀ. ਪਵਨ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸੈਕਟਰ-19 ਥਾਣਾ ਖੇਤਰ 'ਚ ਲਗਾਤਾਰ ਚੇਨਾਂ ਝਪਟਣ ਦੀਆਂ ਕਈ ਵਾਰਦਾਤਾਂ ਹੋਣ ਲੱਗੀਆਂ ਸਨ। ਵਾਰਦਾਤਾਂ ਦੌਰਾਨ ਹੀ ਸੈਕਟਰ-20 'ਚ ਔਰਤ ਤੋਂ ਚੇਨ ਝਪਟਣ ਵਾਲੇ 2 ਮੁਲਜ਼ਮਾਂ ਦੀ ਸੀ. ਸੀ. ਟੀ. ਵੀ. ਫੁਟੇਜ ਪੁਲਸ ਦੇ ਹੱਥ ਲੱਗੀ ਸੀ, ਜਿਸ ਦੇ ਆਧਾਰ 'ਤੇ ਕ੍ਰਾਈਮ ਬ੍ਰਾਂਚ ਇੰਸਪੈਕਟਰ ਅਮਨਜੋਤ ਦੀ ਅਗਵਾਈ 'ਚ ਵਿਸ਼ੇਸ਼ ਟੀਮ ਨੂੰ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਕੰਮ ਸੌਂਪਿਆ ਸੀ।
ਟੀਮ ਨੇ ਮਾਮਲੇ 'ਤੇ ਕੰਮ ਕਰਦੇ ਹੋਏ ਬੀਤੇ ਦਿਨੀਂ ਸੈਕਟਰ-20 'ਚ ਨਾਕਾ ਲਾ ਕੇ ਦੋਵੇਂ ਭਰਾਵਾਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਝਪਟਮਾਰੀ ਨੂੰ ਅੰਜਾਮ ਦੇਣ ਲਈ ਵਰਤੇ ਗਏ ਚੋਰੀ ਦੇ 4 ਮੋਟਰਸਾਈਕਲ ਬਰਾਮਦ ਕੀਤੇ ਸਨ। ਕਪੂਰਥਲਾ ਜੇਲ 'ਚ ਸਜ਼ਾ ਕੱਟ ਰਹੇ ਇਕ ਕੈਦੀ ਨੇ ਦੋਵੇਂ ਭਰਾਵਾਂ ਦੀ ਮੁਲਾਕਾਤ ਉਥੇ ਗੁਰਦੀਪ ਨਾਲ ਕਰਵਾਈ ਸੀ, ਜਿਸ ਤੋਂ ਬਾਅਦ ਉਹ ਇਸ ਦੇ ਨਾਲ ਮਿਲ ਕੇ ਕੰਮ ਕਰ ਰਹੇ ਸਨ। ਮੁਲਜ਼ਮਾਂ ਖਿਲਾਫ ਪਹਿਲਾਂ ਵੀ ਜਲੰਧਰ 'ਚ ਕਈ ਕੇਸ ਦਰਜ ਹਨ।


Related News