ਦਸਤਾਵੇਜ਼ਾਂ ਨਾਲ ਭਰੇ 2 ਬੈਗ ਖੋਲਣਗੇ ਰਾਮ ਰਹੀਮ ਦੀ ਜਾਇਦਾਦ ਦੇ ਰਾਜ਼, ਈ.ਡੀ. ਨੇ ਸ਼ੁਰੂ ਕੀਤੀ ਜਾਂਚ
Thursday, Oct 26, 2017 - 08:10 AM (IST)

ਪੰਚਕੂਲਾ — ਸਾਧਵੀਆਂ ਦੇ ਨਾਲ ਬਲਾਤਕਾਰ ਦੇ ਦੋਸ਼ 'ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੇ ਖਿਲਾਫ ਈ.ਡੀ. ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਈ.ਡੀ. ਦੇ ਅਧਿਕਾਰੀ ਪੰਚਕੂਲਾ ਐੱਸ.ਆਈ.ਟੀ. ਤੋਂ 2 ਵੱਡੇ ਬੈਗ ਭਰ ਕੇ ਦਸਤਾਵੇਜ਼ ਲੈ ਗਏ ਹਨ। ਇਨ੍ਹਾਂ 'ਚ ਡੇਰੇ ਦੀ, ਹਰਿਆਣੇ ਦੇ 11 ਜ਼ਿਲ੍ਹਿਆਂ ਸਮੇਤ 7 ਸੂਬਿਆਂ ਦੀ ਜਾਇਦਾਦ , ਲੈਣ-ਦੇਣ ਅਤੇ ਵਿਆਜ 'ਤੇ ਦਿੱਤੀ ਗਈ ਕਰੋੜਾਂ ਰੁਪਏ ਦੀ ਰਕਮ ਨਾਲ ਜੁੜੇ ਕਾਗਜ਼ਾਤ ਹਨ। ਹੁੱਡਾ ਨੂੰ ਵੀ ਚਿੱਠੀ ਭੇਜ ਕੇ ਉਨ੍ਹਾਂ ਦੀ ਸਾਇਟਸ ਦੀ ਜਾਣਕਾਰੀ ਮੰਗੀ ਗਈ ਹੈ ਜੋ ਕਿ ਡੇਰੇ ਨੂੰ ਅਲਾਟ ਕੀਤੀ ਗਈ ਹੈ। 25 ਅਗਸਤ ਨੂੰ ਰਾਮ ਰਹੀਮ ਨੂੰ ਸਜ਼ਾ ਹੋਣ ਤੋਂ ਬਾਅਦ ਡੇਰੇ ਅੰਦਰ ਕਈ ਦਸਤਾਵੇਜ਼ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਕੁਝ ਕਾਗਜ਼ਾਤ ਹਨੀਪ੍ਰੀਤ ਫਰਾਰ ਹੋਣ ਤੋਂ ਪਹਿਲਾਂ ਆਪਣੇ ਨਾਲ ਲੈ ਗਈ ਸੀ, ਪਰ ਹੁਣ ਸਾਰੇ ਦਸਤਾਵੇਜ਼ ਈ.ਡੀ. ਕੋਲ ਪਹੁੰਚ ਚੁੱਕੇ ਹਨ।
ਜ਼ਮੀਨ ਦੇ ਹਲਫਨਾਮੇ ਅਤੇ ਹੋਰ ਟਰਾਂਜੈਕਸ਼ਨਾਂ ਦਾ ਵੇਰਵਾ
ਇਨ੍ਹਾਂ ਬੈਗਾਂ ਵਿਚ ਸਿਰਸਾ ਦੇ ਨਾਲ ਹਰਿਆਣਾ ਦੇ 11 ਜ਼ਿਲ੍ਹਿਆਂ ਤੋਂ ਇਲਾਵਾ ਪੰਜਾਬ,ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ ਅਤੇ ਹੋਰ ਸਟੇਟਸ 'ਚ ਮੌਜੂਦ ਰਾਮ ਰਹੀਮ ਦੀ ਜਾਇਦਾਦ ਦੇ ਦਸਤਾਵੇਜ਼ ਹਨ। ਇਨ੍ਹਾਂ 'ਚ ਹਲਫਿਆ ਬਿਆਨ, ਰਜਿਸਟਰੀਆਂ ਅਤੇ ਬਿਆਨੇ ਨਾਲ ਸਬੰਧਤ ਕਾਗਜ਼ਾਤ ਵੀ ਸ਼ਾਮਲ ਹਨ। ਐੱਮ.ਐੱਸ.ਜੀ. ਦੇ ਨਾਂ ਨਾਲ ਬਣਾਈ ਗਈਆਂ ਫਰਮਾਂ ਦੇ ਲੈਣ-ਦੇਣ, ਫਰਜ਼ੀ ਬਿੱਲ, ਕਰੋੜਾਂ ਰੁਪਏ ਦੇ ਲੈਣ-ਦੇਣ ਦਾ ਵੇਰਵਾ ਵੀ ਹੈ। ਦਸਤਾਵੇਜ਼ਾਂ ਵਿਚ ਡੇਰੇ ਦੇ ਕੁਝ ਖਾਸ ਸਮਰਥਕਾਂ ਦੇ ਨਾਂ 'ਤੇ ਬਣਾਈਆਂ ਗਈਆਂ ਫਰਮਾਂ ਦੇ ਕਾਗਜ਼ਾਤ ਵੀ ਸ਼ਾਮਲ ਹਨ।
ਹਾਰਡ ਡਿਸਕ ਨਾਲ ਖੁੱਲਣਗੇ ਕਈ ਰਾਜ਼
ਇਸ ਦੇ ਨਾਲ ਹੀ ਹਰਿਆਣਾ ਪੁਲਸ ਹਾਰਡ ਡਿਸਕ ਨੂੰ ਰਿਕਵਰ ਕਰਕੇ ਸਾਰਾ ਡਾਟਾ ਈ.ਡੀ. ਨੂੰ ਦਵੇਗੀ। ਇਹ ਉਹ ਹੀ ਡਿਸਕ ਹੈ ਜੋ ਕਿ ਪੁਲਸ ਨੂੰ ਡੇਰੇ 'ਚੋਂ ਟੁੱਟੀ ਹੋਈ ਮਿਲੀ ਸੀ। ਉਸਨੂੰ ਠੀਕ ਕਰਕੇ ਸਾਰਾ ਡੇਟਾ ਕੱਢ ਲਿਆ ਗਿਆ ਹੈ। ਇਸ 'ਚ ਰੁਪਇਆ ਦਾ ਲੈਣ-ਦੇਣ ਤਾਂ ਹੈ ਪਰ ਉਹ ਪੂਰੀ ਤਰ੍ਹਾਂ ਸਾਫ ਨਹੀਂ ਹੈ।