ਸਵਾਰੀਆਂ ਤੋਂ ਲੁੱਟ-ਖੋਹ ਕਰਨ ਵਾਲੇ ਆਟੋ ਗੈਂਗ ਦੇ 2 ਮੈਂਬਰ ਕਾਬੂ

Monday, Feb 19, 2018 - 07:29 AM (IST)

ਸਵਾਰੀਆਂ ਤੋਂ ਲੁੱਟ-ਖੋਹ ਕਰਨ ਵਾਲੇ ਆਟੋ ਗੈਂਗ ਦੇ 2 ਮੈਂਬਰ ਕਾਬੂ

ਲੁਧਿਆਣਾ, (ਮਹੇਸ਼)- ਡੇਢ ਦਰਜਨ ਦੇ ਲਗਭਗ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਆਟੋ ਗੈਂਗ ਦੇ 2 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਕੇ ਫੋਕਲ ਪੁਆਇੰਟ ਪੁਲਸ ਨੇ ਉਨ੍ਹਾਂ ਦੇ ਕਬਜ਼ੇ 'ਚੋਂ 6 ਮੋਬਾਇਲ, ਆਟੋ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ।  ਫੜੇ ਗਏ ਦੋਸ਼ੀਆਂ ਦੀ ਪਛਾਣ ਸ਼ਿਮਲਾਪੁਰੀ ਦੇ ਮੁਹੱਲਾ ਗੋਬਿੰਦਸਰ ਦੇ 23 ਸਾਲਾ ਬੱਗਾ ਸਿੰਘ ਅਤੇ ਇਸੇ ਇਲਾਕੇ ਦੇ 24 ਸਾਲਾ ਜਤਿੰਦਰ ਸਿੰਘ ਉਰਫ ਦਾਣਾ ਦੇ ਰੂਪ 'ਚ ਹੋਈ ਹੈ। ਇਨ੍ਹਾਂ ਨੂੰ ਇਕ ਦਿਨ ਦੇ ਰਿਮਾਂਡ 'ਤੇ ਲੈ ਕੇ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਥਾਣਾ ਇੰਚਾਰਜ ਇੰਸ. ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਫੜੇ ਗਏ ਦੋਵੇਂ ਦੋਸ਼ੀ ਨਸ਼ੇ ਦੀ ਆਦੀ ਹਨ। ਨਸ਼ੇ ਦੀ ਪੂਰਤੀ ਲਈ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਹੁਣ ਤੱਕ ਦੀ ਜਾਂਚ 'ਚ ਇਨ੍ਹਾਂ ਨੇ ਲੁੱਟ-ਖੋਹ ਦੀਆਂ 16 ਵਾਰਦਾਤਾਂ 'ਚ ਆਪਣੀ ਸ਼ਮੂਲੀਅਤ ਕਬੂਲੀ ਹੈ। ਇਨ੍ਹਾਂ ਤੋਂ ਹੋਰ ਵਾਰਦਾਤਾਂ ਦਾ ਖੁਲਾਸਾ ਹੋਣ ਦੀ ਵੀ ਸੰਭਾਵਨਾ ਹੈ।  ਬਰਾੜ ਨੇ ਦੱਸਿਆ ਕਿ ਇਨ੍ਹਾਂ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਏ. ਐੱਸ. ਆਈ. ਰਣਜੀਤ ਸਿੰਘ ਦੀ ਪੁਲਸ ਨੇ ਖੈਬਰ ਚੌਕ ਦੇ ਨੇੜਿਓਂ ਕਾਬੂ ਕੀਤਾ। ਤਦ ਇਹ ਆਟੋ 'ਚ ਸਵਾਰ ਹੋ ਕੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਘੁੰਮ ਰਹੇ ਸਨ। ਇਨ੍ਹਾਂ ਦੇ ਕਬਜ਼ੇ 'ਚੋਂ ਲੁੱਟੇ ਗਏ 6 ਮੋਬਾਇਲ ਬਰਾਮਦ ਹੋਏ ਹਨ। ਲੁੱਟੇ ਗਏ ਪੈਸਿਆਂ ਨਾਲ ਇਹ ਨਸ਼ਾ ਖਰੀਦ ਲੈਂਦੇ ਸਨ। ਅਮਨਦੀਪ ਨੇ ਦੱਸਿਆ ਕਿ ਇਹ ਫੋਕਲ ਪੁਆਇੰਟ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ 'ਚ ਸਵਾਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਛੱਡਣ ਦੇ ਬਹਾਨੇ ਬਿਠਾ ਲੈਂਦੇ ਸਨ। ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਧਰਾ-ਧਮਕਾ ਕੇ ਲੁੱਟ ਕੇ ਫਰਾਰ ਹੋ ਜਾਂਦੇ ਸਨ। ਦੋਵੇਂ ਦੋਸ਼ੀ ਵਿਆਹੇ ਹੋਏ ਹਨ। ਗਰੀਬ ਪਰਿਵਾਰ ਦੇ ਹਨ। ਪਿਛਲੇ ਲੰਮੇ ਸਮੇਂ ਤੋਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ।


Related News