ਸੋਸ਼ਲ ਮੀਡੀਆ ’ਤੇ ਉੱਠੇ ਤੂਫਾਨ ਤੋਂ ਬਾਅਦ ਕਿਸਾਨੀ ਘੋਲ ਨਾਲ ਜੁੜੇ ਟਵਿੱਟਰ ਖਾਤੇ ਮੁੜ ਹੋਏ ਬਹਾਲ
Monday, Feb 01, 2021 - 09:53 PM (IST)
ਪਟਿਆਲਾ (ਪਰਮੀਤ) : ਸੋਸ਼ਲ ਮੀਡੀਆ ਪਲੈਟਫਾਰਮ ਟਵਿੱਟਰ ਨੇ ਅੱਜ ਦੇਰ ਸ਼ਾਮ ਕਿਸਾਨ ਸੰਘਰਸ਼ ਨਾਲ ਜੁੜੇ ਉਹ ਸਾਰੇ ਖਾਤੇ ਬਹਾਲ ਕਰ ਦਿੱਤੇ ਜੋ ਦਿਨ ਵੇਲੇ ਸਸਪੈਂਡ ਕੀਤੇ ਗਏ ਸਨ। ਇਸ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਸੰਘਰਸ਼ ਨਾਲ ਜੁੜੇ ਮਾਣਿਕ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੇ ਨਿੱਜੀ ਖਾਤੇ ਦੇ ਨਾਲ-ਨਾਲ ਟਰੈਕਟਰ-ਟੂ-ਟਵਿੱਟਰ ਅਤੇ ਹੋਰ ਖਾਤੇ ਵੀ ਬਹਾਲ ਕਰ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਦਿਨ ਵੇਲੇ ਟਵਿੱਟਰ ਵੱਲੋ ਇਹ ਖਾਤੇ ਇਹ ਕਹਿ ਕੇ ਸਸਪੈਂਡ ਕਰ ਦਿੱਤੇ ਗਏ ਸਨ ਕਿ ਇਨ੍ਹਾਂ ਖ਼ਿਲਾਫ਼ ਕਾਨੂੰਨੀ ਸ਼ਿਕਾਇਤਾਂ ਦਰਜ ਹੋਈ ਹੈ। ਤਕਰੀਬਨ 250 ਦੇ ਨੇੜੇ ਖਾਤੇ ਸਸਪੈਂਡ ਕੀਤੇ ਗਏ ਸਨ। ਦੇਰ ਸ਼ਾਮ ਇਹ ਸਾਰੇ ਖਾਤੇ ਬਹਾਲ ਹੋਣ ਦੀ ਪੁਸ਼ਟੀ ਮਾਣਿਕ ਗੋਇਲ ਨੇ ਕੀਤੀ ਹੈ।ਉਨ੍ਹਾਂ ਦੱਸਿਆ ਕਿ ਦੇਸ਼ ਖਾਸ ਤੌਰ ’ਤੇ ਪੰਜਾਬ ਦੇ ਕਿਸਾਨਾਂ ਨੂੰ ਅਨਪੜ੍ਹ ਗਵਾਰ ਦੱਸਣ ’ਤੇ ਨੌਜਵਾਨਾਂ ਨੇ ਟਰੈਕਟਰ-ਟੂ-ਟਵਿੱਟਰ ਮੁਹਿੰਮ ਆਰੰਭੀ ਸੀ ਅਤੇ ਇਸ ਨਾਲ ਜੁੜੇ ਅਕਾਉਂਟਸ ਨੁੰ ਭਰਵਾਂਹੁੰਗਾਰਾ ਮਿਲ ਰਿਹਾ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਦਿੱਲੀ ਦੇ ਬਾਰਡਰਾਂ ’ਤੇ ਇੰਟਰਨੈਟ ਬੰਦ ਕਰਨ ਤੋਂ ਬਾਅਦ ਇਹ ਖਾਤੇ ਸਸਪੈਂਡ ਕਰਨ ਨੂੰ ਕੇਂਦਰ ਸਰਕਾਰ ਦਾ ਵੱਡਾ ਹੱਲਾ ਮੰਨਿਆ ਜਾ ਰਿਹਾ ਸੀ ਪਰ ਸੋਸ਼ਲ ਮੀਡੀਆ ’ਤੇ ਉਠੇ ਤੂਫਾਨ ਮਗਰੋਂ ਸੋਸ਼ਲ ਮੀਡੀਆ ਪਲੈਟਫਾਰਮ ਨੇ ਇਹ ਸਾਰੇ ਖਾਤੇ ਬਹਾਲ ਕਰ ਦਿੱਤੇ ਹਨ।