ਟਿਊਸ਼ਨ ਪੜ੍ਹ ਵਾਪਸ ਆ ਰਹੇ ਮਾਸੂਮ ’ਤੇ ਪਿਟਬੁਲ ਨੇ ਕੀਤਾ ਜਾਨਲੇਵਾ ਹਮਲਾ, ਹਾਲਤ ਗੰਭੀਰ (ਵੀਡੀਓ)

Wednesday, Jan 29, 2020 - 11:18 AM (IST)

ਜਲੰਧਰ (ਸੁਧੀਰ, ਸੋਨੂੰ) - ਮਾਈ ਹੀਰਾਂ ਗੇਟ ਕੋਲ ਪੈਂਦੇ ਪੁਰੀਆਂ ਮੁਹੱਲੇ ’ਚ ਟਿਊਸ਼ਨ ਪੜ੍ਹ ਕੇ ਘਰ ਜਾ ਰਹੇ ਇਕ 12 ਸਾਲਾ ਮਾਸੂਮ ਬੱਚੇ ’ਤੇ ਪਿਟਬੁਲ ਕੁੱਤੇ ਨੇ ਬੁਰੀ ਤਰ੍ਹਾਂ ਨਾਲ ਹਮਲਾ ਕਰ ਦਿੱਤਾ। ਮਾਸੂਮ ਬੱਚੇ ਦੀਆਂ ਚੀਕਾਂ ਸੁਣ  ਆਲੇ-ਦੁਆਲੇ ਦੇ ਲੋਕ ਆਪੋ-ਆਪਣੇ ਘਰਾਂ ’ਚੋਂ ਬਾਹਰ ਆ ਗਏ, ਜਿੰਨਾ ਨੇ ਬੱਚੇ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੁੱਤੇ ਨੇ ਬੱਚੇ ਨੂੰ ਨਹੀਂ ਛੱਡਿਆ। ਇਸ ਤੋਂ ਬਾਅਦ ਲੋਕ ਘਰਾਂ ’ਚੋਂ ਡੰਡੇ ਅਤੇ ਬਾਲਟੀਆਂ ਲੈ ਆਏ, ਜਿਨ੍ਹਾਂ ਨੇ ਪਿਟਬੁਲ ਬੱਚੇ ਨੂੰ ਡਰਾ ਕੇ ਛਡਾਉਣ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਬਾਵਜੂਦ ਪਿਟਬੁਲ ਨੇ ਮਾਸੂਮ ਬੱਚੇ ਨੂੰ ਨਹੀਂ ਛੱਡਿਆ। ਕੁਝ ਲੋਕਾਂ ਨੇ ਤਾਂ ਬੱਚੇ ਨੂੰ ਆਪਣੇ ਘਰ ਦੇ ਅੰਦਰ ਖਿੱਚ ਕੇ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਪਿਟਬੁਲ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਨਾਲ ਨੋਚਦਾ ਰਿਹਾ।

PunjabKesari

ਆਖਿਰਕਾਰ ਇਕ ਔਰਤ ਨੇ ਪਾਣੀ ਪਾ ਕੇ ਅਤੇ ਕੁਝ ਹੋਰ ਲੋਕਾਂ ਦੀ ਮਦਦ ਨਾਲ ਪਿਟਬੁਲ ਤੋਂ ਮਾਸੂਮ ਬੱਚੇ ਨੂੰ ਛੁਡਵਾਇਆ। ਇਸ ਘਟਨਾ ਕਾਰਨ ਮਾਸੂਮ ਬੱਚਾ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ, ਜਿਸ ਦੀ ਪਛਾਣ ਲਕਸ਼ੇ ਉੱਪਲ (12) ਵਾਸੀ ਰੇਲਵੇ ਰੋਡ ਵਜੋਂ ਹੋਈ ਹੈ। ਹਾਲਾਂਕਿ ਘਟਨਾ ਦੀ ਵੀਡੀਓ ਕੁਝ ਲੋਕਾਂ ਨੇ ਮੌਕੇ ’ਤੇ ਬਣਾ ਲਈ, ਜਿਸ ਤੋਂ ਬਾਅਦ ਉਨ੍ਹਾਂ ਨੇ ਥਾਣਾ ਨੰ- 3 ਦੀ ਪੁਲਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪੁੱਜੀ ਥਾਣਾ ਨੰ- 3 ਦੀ ਪੁਲਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੋਸ਼ ਲਾਇਆ ਕਿ ਪਹਿਲਾਂ ਵੀ ਕਈ ਵਾਰ ਇਹ ਪਿਟਬੁਲ ਕੁੱਤਾ ਲੋਕਾਂ ’ਤੇ ਹਮਲਾ ਕਰ ਚੁੱਕਾ ਹੈ। ਲੋਕਾਂ ਨੇ ਇਸ ਕੁੱਤੇ ਨੂੰ ਮੁਹੱਲੇ ’ਚੋਂ ਬਾਹਰ ਰੱਖਣ ਦੀ ਮੰਗ ਕੀਤੀ, ਜਿਸ ਤੋਂ ਬਾਅਦ ਪੁਲਸ ਪਿਟਬੁਲ ਦੇ ਮਾਲਕ ਨੂੰ ਹਿਰਾਸਤ ’ਚ ਲੈ ਲਿਆ।  

PunjabKesari

ਦੱਸਿਆ ਜਾ ਰਿਹਾ ਹੈ ਕਿ ਮਾਸੂਮ ਬੱਚਾ ਘਰੋਂ ਟਿਊਸ਼ਨ ਪੜ੍ਹਨ ਲਈ ਪੁਰੀਆਂ ਮੁਹੱਲੇ ਗਿਆ ਸੀ, ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਇਸ ਦੌਰਾਨ ਇਕ ਘਰੋਂ ਬਾਹਰ ਆਏ ਪਿਟਬੁਲ ਡੌਗ ਨੇ ਉਸ ’ਤੇ ਹਮਲਾ ਕਰ ਦਿੱਤਾ। ਦੂਜੇ ਪਾਸੇ ਸੰਪਰਕ ਕਰਨ ’ਤੇ ਥਾਣਾ ਨੰ. 3 ਦੇ ਮੁਖੀ ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਘਟਨਾ ਵਾਲੀ ਥਾਂ ਦੀ ਵੀਡੀਓ ਵੀ ਆ ਚੁੱਕੀ ਹੈ ਅਤੇ ਪੁਲਸ ਪਿਟਬੁਲ ਦੇ ਮਾਲਕ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕਰ ਰਹੀ ਹੈ।


rajwinder kaur

Content Editor

Related News