''ਟਰੱਕ ਆਪਰੇਟਰਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ''
Monday, Dec 16, 2024 - 05:17 PM (IST)
ਬੁਢਲਾਡਾ (ਬਾਂਸਲ) : ਟਰੱਕ ਆਪਰੇਟਰਾਂ ਅਤੇ ਡਰਾਈਵਰਾਂ ਨੂੰ ਆਪਣੇ ਢੋਆ-ਢੁਆਈ ਦੇ ਕੰਮ ਦੌਰਾਨ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਨਹੀਂ ਆਉਣ ਦਿੱਤੀ ਜਾਵੇਗੀ। ਇਹ ਸ਼ਬਦ ਅੱਜ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਦੇ ਨਵ ਨਿਯੁਕਤ ਪ੍ਰਧਾਨ ਗੁਰਮੀਤ ਸਿੰਘ ਭਾਦੜਾ ਅਤੇ ਸੰਦੀਪ ਕੁਮਾਰ ਸੰਨੀ ਸ਼ਰਮਾ ਨੇ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਟਰੱਕ ਯੂਨੀਅਨ ਵਿਚ ਕਿਸੇ ਵੀ ਟਰੱਕ ਆਪਰੇਟਰ ਜਾਂ ਡਰਾਈਵਰ ਨਾਲ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟਰੱਕ ਆਪਰੇਟਰਾਂ ਦੀ ਭਲਾਈ ਲਈ ਹਲਕਾ ਵਿਧਾਇਕ ਦੇ ਸਹਿਯੋਗ ਨਾਲ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਉਨ੍ਹਾਂ ਤੱਕ ਪਹੁੰਚਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਸਮੇਂ-ਸਮੇਂ 'ਤੇ ਮੁੱਢਲੀਆਂ ਸਿਹਤ ਸਹੂਲਤਾਂ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਆਵਾਜਾਈ ਦੇ ਨਿਯਮਾਂ ਨਾਲ ਸਬੰਧਿਤ ਸੈਮੀਨਾਰ ਲਗਾ ਕੇ ਡਰਾਈਵਰਾਂ ਅਤੇ ਆਪਰੇਟਰਾਂ ਨੂੰ ਸੰਪੂਰਨ ਜਾਣਕਾਰੀ ਮੁਹੱਈਆਂ ਕਰਵਾਈ ਜਾਵੇਗੀ। ਇਸ ਸਬੰਧੀ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਟਰੱਕ ਯੂਨੀਅਨ ਵਿਚ ਕਿਸੇ ਕਿਸਮ ਦੀ ਸਿਆਸੀ ਦਖ਼ਲ-ਅੰਦਾਜ਼ੀ ਨਹੀਂ ਕੀਤੀ ਜਾਵੇਗੀ ਅਤੇ ਟਰੱਕ ਯੂਨੀਅਨ ਦਾ ਕੰਮ ਪਾਰਦਰਸ਼ੀ ਢੰਗ ਨਾਲ ਚਲਾਉਣ ਦੀ ਖੁੱਲ੍ਹ ਹੋਵੇਗੀ। ਕਿਸੇ ਕਿਸਮ ਦੀ ਹੇਰਾਫੇਰੀ ਜਾਂ ਬੇਈਮਾਨੀ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ। ਇਸ ਮੌਕੇ ਮੋਹਿਤ ਕੁਮਾਰ, ਨਵੀਨ ਕੁਮਾਰ, ਬਲਕਾਰ ਸਿੰਘ, ਕੁਲਦੀਪ ਸਿੰਘ, ਜੀਤੀ ਪ੍ਰਧਾਨ, ਗੁਰਵਿੰਦਰ ਸਿੰਘ ਦੌਦੜਾ, ਕਾਲਾ ਸਿੰਘ ਭਾਦੜਾ, ਮਨੀ, ਜਗਸੀਰ ਸਿੰਘ, ਗੁਰਵਿੰਦਰ ਸਿੰਘ ਗੋਰਾ, ਕੁਲਵਿੰਦਰ ਸਿੰਘ ਬਿੰਦੀ, ਲਾਡੀ ਕੁਲੈਹਿਰੀ, ਰੋਹਿਤ ਸ਼ਰਮਾ, ਬਲਵਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਟਰੱਕ ਆਪਰੇਟਰ ਅਤੇ ਡਰਾਈਵਰ ਮੌਜੂਦ ਸਨ।