ਟਰੱਕ ਆਪਰੇਟਰ ਨੂੰ ਸਾਨ੍ਹ ਨੇ ਮਾਰੀ ਟੱਕਰ, ਮੌਤ

07/17/2019 1:39:44 PM

ਪਟਿਆਲਾ (ਬਲਜਿੰਦਰ)—ਗੁਰਦੁਆਰਾ ਨਾਨਕਸਰ ਕੋਲ ਸਥਿਤ ਈਸ਼ਵਰ ਨਗਰ ਪਿੰਡ ਦੇ ਰਹਿਣ ਵਾਲੇ ਅਮੀਰ ਸਿੰਘ (45) ਟਰੱਕ ਆਪਰੇਟਰ ਨੂੰ ਸਾਨ੍ਹ ਨੇ ਟੱਕਰ ਮਾਰ ਕੇ ਮਾਰ ਦਿੱਤਾ। ਜਦੋਂ ਅਮੀਰ ਸਿੰਘ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਘਰ ਪਹੁੰਚੀ ਤਾਂ ਰੋਸ ਵਜੋਂ ਪਰਿਵਾਰ ਵਾਲਿਆਂ ਅਤੇ ਈਸ਼ਵਰ ਨਗਰ ਦੇ ਰਹਿਣ ਵਾਲੇ ਲੋਕਾਂ ਨੇ ਲਾਸ਼ ਸੜਕ 'ਤੇ ਰੱਖ ਦੇਵੀਗੜ੍ਹ ਸੜਕ ਜਾਮ ਕਰ ਦਿੱਤੀ। ਮ੍ਰਿਤਕ ਅਮੀਰ ਸਿੰਘ ਦੀ ਪਤਨੀ ਹਰਜਿੰਦਰ ਕੌਰ ਅਤੇ ਈਸ਼ਵਰ ਨਗਰ ਦੇ ਸਰਪੰਚ ਸਿੰਦਰ ਸਿੰਘ ਨੇ ਦੱਸਿਆ ਕਿ ਅਮੀਰ ਸਿੰਘ ਟਰੱਕ ਆਪਰੇਟਰ ਸੀ। ਮੰਡੀ ਗੋਬਿੰਦਗੜ੍ਹ ਵਿਖੇ ਟਰੱਕ ਖੜ੍ਹਾ ਕਰ ਕੇ ਵਾਪਸ ਘਰ ਆ ਰਿਹਾ ਸੀ। ਜਦੋਂ ਵੱਡੀ ਨਦੀ ਕੋਲ ਸਥਿਤ ਧਰਮ ਕੰਡੇ ਕੋਲ ਇਕ ਵਿਅਕਤੀ ਤੋਂ ਲਿਫਟ ਮੰਗੀ ਤਾਂ ਜਿਉਂ ਹੀ ਮੋਟਰਸਾਈਕਲ 'ਤੇ ਬੈਠਣ ਲੱÎਗਾ, ਪਿੱਛੋਂ ਸਾਨ੍ਹ ਨੇ ਆ ਕੇ ਟੱਕਰ ਮਾਰ ਦਿੱਤੀ। ਦੋਵੇਂ ਸਿੰਙ ਪਿੱਠ 'ਚ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜ਼ਖਮੀ ਹਾਲਤ 'ਚ ਅਮੀਰ ਸਿੰਘ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਅੱਜ ਜਦੋਂ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਘਰ ਲਿਆਂਦਾ ਗਿਆ ਤਾਂ ਪਰਿਵਾਰ ਨੇ ਗੁੱਸੇ 'ਚ ਆ ਕੇ ਸੜਕ ਜਾਮ ਕਰ ਦਿੱਤੀ। ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਕਾਉ-ਸੈੱਸ ਦੇ ਨਾਲ ਕਰੋੜਾਂ ਰੁਪਏ ਇਕੱਠੇ ਕੀਤੇ ਜਾਂਦੇ ਹਨ, ਫਿਰ ਇਨ੍ਹਾਂ ਦੀ ਸੰਭਾਲ ਕਿਉਂ ਨਹੀਂ ਕੀਤੀ ਜਾਂਦੀ? ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਸੀ ਅਮੀਰ ਸਿੰਘ ਦੇ ਛੋਟੇ-ਛੋਟੇ ਬੱਚੇ ਹਨ। ਸਰਕਾਰ ਉਨ੍ਹਾਂ ਨੂੰ ਮੁਆਵਜ਼ਾ ਦੇਵੇ। ਜਾਮ ਕਾਰਣ ਦੋਵੇਂ ਪਾਸੇ ਵੱਡੀ ਗਿਣਤੀ 'ਚ ਟਰੈਫਿਕ ਜਾਮ ਹੋ ਗਿਆ। ਇਸ ਤੋਂ ਬਾਅਦ ਥਾਣਾ ਸਦਰ ਪÎਟਿਆਲਾ ਅਤੇ ਸਨੌਰ ਥਾਣੇ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਸੀ। ਪੁਲਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪਰਿਵਾਰ ਵਾਲੇ ਅੜੇ ਹੋਏ ਸਨ ਕਿ ਪਹਿਲਾਂ ਡਿਪਟੀ ਕਮਿਸ਼ਨਰ ਮੌਕੇ 'ਤੇ ਪਹੁੰਚ ਕੇ ਪਰਿਵਾਰ ਨੂੰ ਮੁਆਵਾਜ਼ੇ ਦਾ ਐਲਾਨ ਕਰੇ। ਇਸ ਤੋਂ ਬਾਅਦ ਜਾ ਕੇ ਧਰਨਾ ਚੁੱਕਿਆ ਜਾਵੇਗਾ। ਦੂਜੇ ਪਾਸੇ ਜਾਮ ਕਾਰਨ ਵੱਡੀ ਗਿਣਤੀ 'ਚ ਵਾਹਨ ਫਸੇ ਹੋਏ ਹਨ। ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।


Shyna

Content Editor

Related News