ਟਾਇਰ ਫਟਣ ਕਾਰਨ ਹਾਈਡ੍ਰੋਜਨ ਸਿਲੰਡਰਾਂ ਨਾਲ ਭਰੇ ਟਰੱਕ ਨੂੰ ਲੱਗੀ ਅੱਗ, ਵੱਡੇ ਨੁਕਸਾਨ ਤੋਂ ਬਚਾਅ
Friday, Jun 23, 2023 - 12:31 PM (IST)
ਪਾਇਲ (ਧੀਰਾ, ਬਿੱਟੂ) : ਪਾਇਲ ਨੇੜਲੇ ਪਿੰਡ ਘੁਡਾਣੀ ਖੁਰਦ ਨੇੜੇ ਰਾੜ੍ਹਾ ਸਾਹਿਬ ਰੋਡ ’ਤੇ ਦੇਰ ਰਾਤ ਇਕ ਟਰੱਕ ਨੂੰ ਅੱਗ ਲੱਗ ਗਈ। ਹਾਦਸਾ ਕਰੀਬ 11 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਟਰੱਕ ਹਾਈਡ੍ਰੋਜਨ ਸਿਲੰਡਰਾਂ ਨਾਲ ਭਰਿਆ ਹੋਇਆ ਸੀ। ਟਰੱਕ ਨੂੰ ਅੱਗ ਲੱਗਣ ਤੋਂ ਬਾਅਦ ਇਕ ਤੋਂ ਬਾਅਦ ਇਕ ਸਿਲੰਡਰ ਫਟ ਗਿਆ, ਜਿਸ ਨਾਲ ਆਸ-ਪਾਸ ਖੜ੍ਹੇ ਕਈ ਦਰੱਖਤ ਸੜ ਗਏ। ਟਰੱਕ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਉੱਥੇ ਹੀ ਮੌਕੇ ’ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਹਾਈਡ੍ਰੋਜਨ ਸਿਲੰਡਰ ਨਾਲ ਭਰਿਆ ਟਰੱਕ ਰਾਜਪੁਰਾ ਤੋਂ ਰਾਏਕੋਟ ਦੀ ਇਕ ਫੈਕਟਰੀ ਵੱਲ ਜਾ ਰਿਹਾ ਸੀ। ਟਰੱਕ ਵਿਚ 285 ਸਿਲੰਡਰ ਸਨ। ਪਾਇਲ ਤੋਂ ਰਾੜ੍ਹਾ ਸਾਹਿਬ ਨੂੰ ਜਾਂਦੇ ਸਮੇਂ ਪਿੰਡ ਘੁਡਾਣੀ ਨੇੜੇ ਟਰੱਕ ਦਾ ਟਾਇਰ ਫਟ ਗਿਆ, ਜਿਸ ਕਾਰਨ ਟਰੱਕ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਇਆ। ਇਸ ਤੋਂ ਬਾਅਦ ਸਿਲੰਡਰ ਨੂੰ ਅੱਗ ਲੱਗ ਗਈ।
ਇਹ ਵੀ ਪੜ੍ਹੋ : ਖ਼ਰਾਬ ਚਾਵਲ ਖਾਂਦੇ ਹੀ ਗਲੇ ’ਚ ਹੋਇਆ ਦਰਦ ਸ਼ੁਰੂ, ਮਦਦ ਲਈ ਚੀਕਦੀਆਂ ਰਹੀਆਂ ਵਿਦਿਆਰਥਣਾਂ ਪਰ ਕੋਈ ਨਹੀਂ ਆਇਆਅੱਗ ਨੂੰ ਦੇਖ ਕੇ ਪਿੰਡ ਦੇ ਹੀ ਇਕ ਵਿਅਕਤੀ ਨੇ ਪੁਲਸ ਅਤੇ ਖੰਨਾ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਪਾਇਲ ਵਿਚ ਕੋਈ ਫਾਇਰ ਬ੍ਰਿਗੇਡ ਸਟੇਸ਼ਨ ਨਹੀਂ ਹੈ, ਜਿਸ ਕਾਰਨ ਖੰਨਾ ਤੋਂ ਫਾਇਰ ਬ੍ਰਿਗੇਡ ਬੁਲਾਉਣੀ ਪਈ। ਫਾਇਰ ਕਰਮਚਾਰੀ ਸੁਖਦੀਪ ਸਿੰਘ ਨੇ ਦੱਸਿਆ ਕਿ ਅੱਗ ਨਾਲ ਸਾਰਾ ਟਰੱਕ ਸੜ ਕੇ ਸੁਆਹ ਹੋ ਗਿਆ। ਅੱਗ ’ਤੇ ਕਾਬੂ ਪਾਉਣ ’ਚ ਕਰੀਬ ਅੱਧਾ ਘੰਟਾ ਲੱਗਾ। ਕੇਸ ਦੀ ਤਫਤੀਸ਼ ਏ. ਐੱਸ. ਆਈ. ਮੇਜਰ ਸਿੰਘ (ਪੁਲਸ ਥਾਣਾ ਪਾਇਲ) ਕਰ ਰਹੇ ਹਨ।
ਇਹ ਵੀ ਪੜ੍ਹੋ : ਕਾਫੀ ਸਮੇਂ ਬਾਅਦ ਫਿਰ ਜਾਗਿਆ ਸਿਹਤ ਵਿਭਾਗ, ਸਾਰੇ ਸਿਵਲ ਸਰਜਨਾਂ ਨੂੰ ਪੀਣ ਵਾਲੇ ਪਾਣੀ ਦੀ ਜਾਂਚ ਦੇ ਦਿੱਤੇ ਨਿਰਦੇਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।