ਟਰੱਕ ਡਰਾਈਵਰ ਕਤਲਕਾਂਡ ਮਾਮਲੇ ''ਚ 24 ਘੰਟੇ ਬਾਅਦ ਵੀ ਪੁਲਸ ਦੇ ਹੱਥ ਖਾਲੀ
Thursday, Apr 08, 2021 - 02:00 PM (IST)
ਲੁਧਿਆਣਾ (ਜ.ਬ.) : ਟਰੱਕ ਡਰਾਈਵਰ ਕਤਲਕਾਂਡ ਦੇ ਕੇਸ ’ਚ 24 ਘੰਟੇ ਬੀਤ ਜਾਣ ਦੇ ਬਾਵਜੂਦ ਪੁਲਸ ਦੇ ਹੱਥ ਹੁਣ ਤੱਕ ਕੋਈ ਠੋਸ ਸੁਰਾਗ ਨਹੀਂ ਲੱਗਾ। ਕੇਸ ਦੀ ਜਾਂਚ ਸਲੇਮ ਟਾਬਰੀ ਪੁਲਸ ਦੇ ਨਾਲ-ਨਾਲ ਅਪਰਾਧ ਸ਼ਾਖਾ ਵੀ ਕਰ ਰਹੀ ਹੈ, ਜਿਸ ਵਿਚ ਇਕ ਤੋਂ ਵੱਧ ਕੇ ਇਕ ਤਜ਼ਰਬੇਕਾਰ ਪੁਲਸ ਅਧਿਕਾਰੀ ਹਨ। ਡੀ. ਸੀ. ਪੀ. ਡਿਟੈਕਟਿਵ ਸਿਮਰਤਪਾਲ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਕੇਸ ਦੀ ਜਾਂਚ ਜਾਰੀ ਹੈ। ਸਫ਼ਲਤਾ ਮਿਲਣ ’ਤੇ ਪੁਲਸ ਖ਼ੁਦ ਮੀਡੀਆ ਨਾਲ ਜਾਣਕਾਰੀ ਸਾਂਝੀ ਕਰੇਗੀ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਬੁਰੀ ਹਾਲਤ ਵਿਚ 32 ਸਾਲਾ ਟਰੱਕ ਡਰਾਈਵਰ ਹਰਪ੍ਰੀਤ ਸਿੰਘ ਉਰਫ਼ ਹੈਪੀ ਦੀ ਲਾਸ਼ ਉਸ ਦੇ ਟਰੱਕ ਵਿਚ ਐਲਡੀਕੋ ਕਾਲੋਨੀ ਕੋਲ ਸਰਵਿਸ ਲੇਨ ’ਤੇ ਮਿਲੀ ਸੀ, ਜਿਸ ਦੀ ਗਲਾ ਘੁੱਟ ਕੇ ਕਤਲ ਕੀਤੇ ਜਾਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਸੀ।
ਪੁਲਸ ਸੂਤਰਾਂ ਨੇ ਦੱਸਿਆ ਕਿ ਕਤਲ ਦਾ ਸੁਰਾਗ ਲਗਾਉਣ ਲਈ ਫੋਕਲ ਪੁਆਇੰਟ ਤੋਂ ਲੈ ਕੇ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਚੈੱਕ ਕਰਨ ਲਈ ਕਈ ਟੀਮਾਂ ਲੱਗੀਆਂ ਹੋਈਆਂ ਹਨ। ਹੁਣ ਤੱਕ ਕੀਤੀ ਗਈ ਛਾਣਬੀਣ ਵਿਚ ਸਾਹਮਣੇ ਆਇਆ ਹੈ ਕਿ ਘਟਨਾ ਤੋਂ ਪਹਿਲਾਂ ਜ਼ਿਆਦਾ ਸਮਾਂ ਹੈਪੀ ਦਾ ਟਰੱਕ ਜੋਧੇਵਾਲ ਇਲਾਕੇ ’ਚ ਦਿਖਾਈ ਦਿੱਤਾ। ਹੈਪੀ ਨਵਾਂਸ਼ਹਿਰ ਦੇ ਬਲਾਚੌਰ ਦੇ ਪਿੰਡ ਝਾਂਗੜੀਆਂ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਉਰਫ਼ ਨਿਸ਼ਾ ਮੁਤਾਬਕ ਉਸ ਦਾ ਪਤੀ 3 ਅਪ੍ਰੈਲ ਦੀ ਸ਼ਾਮ ਤੋਂ ਲਾਪਤਾ ਸੀ। ਪੁਲਸ ਨੇ ਇਸ ਸਬੰਧੀ ਮ੍ਰਿਤਕ ਦੇ ਭਰਾ ਹਰਨੀਤ ਸਿੰਘ ਉਰਫ ਲਾਡੀ ਦੀ ਸ਼ਿਕਾਇਤ ’ਤੇ ਅਣਪਛਾਤੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ।
ਸਾਥੀ ਤੋਂ ਕੀਤੀ ਜਾ ਰਹੀ ਪੁੱਛਗਿੱਛ
ਪੁਲਸ ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਦੇ ਇਕ ਸਾਥੀ ਕੀਪਾ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਉਹ ਗੋਬਿੰਦਗੜ੍ਹ ਦਾ ਰਹਿਣ ਵਾਲਾ ਹੈ। ਕਾਲ ਡਿਟੇਲ ਵਿਚ ਉਸ ਦੀ ਮ੍ਰਿਤਕ ਦੀ ਇਕ ਰਿਸ਼ਤੇਦਾਰ ਔਰਤ ਦੇ ਮੋਬਾਇਲ ’ਤੇ ਕਈ ਵਾਰ ਗੱਲ ਹੋਈ ਸਾਹਮਣੇ ਆਈ ਹੈ। ਮ੍ਰਿਤਕ ਦੇ ਭਰਾ ਹਰਨੀਤ ਮੁਤਾਬਕ ਪਿਛਲੇ ਮਹੀਨੇ 27 ਮਾਰਚ ਨੂੰ ਜਦੋਂ ਉਸ ਦਾ ਵੱਡਾ ਭਰਾ ਹੈਪੀ ਟਰੱਕ ’ਚ ਸਰੀਆ ਲੱਦ ਕੇ ਫਰੀਦਾਬਾਦ ਗਿਆ ਸੀ ਤਾਂ ਕੀਪਾ ਉਸ ਨਾਲ ਸੀ।
ਕਤਲ ਪਿੱਛੇ ਨਾਜਾਇਜ਼ ਸਬੰਧ ਹੋਣ ਦਾ ਸ਼ੱਕ
ਪੁਲਸ ਨੂੰ ਕਤਲ ਪਿੱਛੇ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਹੈ। ਉਸ ਨੇ ਆਪਣੀ ਜਾਂਚ ਇਸ ਵੱਲ ਮੋੜ ਦਿੱਤੀ ਹੈ। ਜਾਂਚ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲੁੱਟ ਦੇ ਇਰਾਦੇ ਨਾਲ ਕੀਤੇ ਗਏ ਕਤਲ ਦੀ ਗੱਲ ਗਲੇ ਨਹੀਂ ਉੱਤਰ ਰਹੀ, ਜਦੋਂ ਕਿ ਮ੍ਰਿਤਕ ਦੀ ਪਤਨੀ ਦਾ ਕਹਿਣਾ ਸੀ ਕਿ ਉਸ ਦੇ ਪਤੀ ਦਾ ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਹੈ। ਉਸ ਦੇ ਪਤੀ ਕੋਲ 40 ਤੋਂ 45 ਹਜ਼ਾਰ ਰੁਪਏ ਦੀ ਨਕਦੀ ਸੀ ਅਤੇ ਉਸ ਦਾ ਮੋਬਾਇਲ ਵੀ ਗਾਇਬ ਹੈ।