ਸ਼ੱਕੀ ਹਾਲਾਤ ''ਚ ਡਰਾਈਵਰ ਦੀ ਮੌਤ, ਟਰੱਕ ''ਚ ਪਈ ਮਿਲੀ ਲਾਸ਼

Thursday, Feb 23, 2023 - 04:21 PM (IST)

ਸ਼ੱਕੀ ਹਾਲਾਤ ''ਚ ਡਰਾਈਵਰ ਦੀ ਮੌਤ, ਟਰੱਕ ''ਚ ਪਈ ਮਿਲੀ ਲਾਸ਼

ਲੁਧਿਆਣਾ (ਰਾਜ) : ਫੋਕਲ ਪੁਆਇੰਟ ਦੇ ਇਲਾਕੇ ’ਚ ਇਕ ਡਰਾਈਵਰ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਉਸ ਦੀ ਲਾਸ਼ ਟਰੱਕ ਦੇ ਅੰਦਰ ਪਈ ਮਿਲੀ। ਮ੍ਰਿਤਕ ਤਰਨਤਾਰਨ ਦੇ ਪਿੰਡ ਨਸ਼ੈਰਾ ਦਾ ਰਹਿਣ ਵਾਲਾ ਜੀਤੂ (32) ਹੈ। ਪਤਾ ਲੱਗਾ ਹੈ ਕਿ ਡਰਾਈਵਰ ਦੀ ਕਿਸੇ ਹੋਰ ਡਰਾਈਵਰ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਜ਼ਖਮੀ ਜੀਤੂ ਟਰੱਕ ’ਚ ਜਾ ਕੇ ਸੌਂ ਗਿਆ ਸੀ। ਸਵੇਰੇ ਉਸ ਦੀ ਮੌਤ ਹੋ ਗਈ ਸੀ। ਸਵੇਰੇ ਪਤਾ ਲੱਗਣ ’ਤੇ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਪਹੁੰਚਾਈ। ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਜੀਤ ਸਿੰਘ ਨੇ ਦੱਸਿਆ ਕਿ ਜੀਤੂ ਟਰੱਕ ਡਰਾਈਵਰੀ ਕਰਦਾ ਹੈ।

ਉਹ ਹਿਮਾਚਲ ਪ੍ਰਦੇਸ਼ ਦੇ ਬੱਦੀ ਤੋਂ ਟਰੱਕ ’ਚ ਗੱਤਾ ਲੋਡ ਕਰ ਕੇ ਫੋਕਲ ਪੁਆਇੰਟ ਸਥਿਤ ਫੇਜ਼-7 ਦੀ ਇਕ ਫੈਕਟਰੀ ’ਚ ਲਿਆਇਆ ਸੀ। ਮੰਗਲਵਾਰ ਦੀ ਰਾਤ ਨੂੰ ਉਹ ਫੈਕਟਰੀ ਤੋਂ ਸਾਮਾਨ ਉਤਾਰ ਰਿਹਾ ਸੀ। ਜੀਤੂ ਨੇ ਆਪਣਾ ਟਰੱਕ ਉੱਥੇ ਸਾਈਡ ’ਤੇ ਖੜ੍ਹਾ ਕਰ ਦਿੱਤਾ। ਇਸੇ ਦੌਰਾਨ ਇਕ ਹੋਰ ਟਰੱਕ ਡਰਾਈਵਰ ਵੀ ਟਰੱਕ ਲੈ ਕੇ ਉੱਥੇ ਪੁੱਜ ਗਿਆ, ਉੱਥੇ ਰਸਤੇ ਨੂੰ ਲੈ ਕੇ ਦੋਹਾਂ ਦਰਮਿਆਨ ਬਹਿਸਬਾਜ਼ੀ ਹੋ ਗਈ। ਤੂੰ-ਤੂੰ, ਮੈਂ-ਮੈਂ ਤੋਂ ਗੱਲ ਹੱਥੋਪਾਈ ਤੱਕ ਪੁੱਜ ਗਈ। ਦੋਵੇਂ ਡਰਾਈਵਰਾਂ ’ਚ ਜਿੱਥੇ ਲੱਤਾਂ-ਮੁੱਕੇ ਚੱਲੇ, ਉੱਥੇ ਇਕ-ਦੂਜੇ ’ਤੇ ਲਾਠੀਆਂ ਨਾਲ ਵੀ ਹਮਲਾ ਕੀਤਾ। ਕਿਸੇ ਤਰ੍ਹਾਂ ਆਸ-ਪਾਸ ਦੇ ਲੋਕਾਂ ਅਤੇ ਬਾਕੀ ਡਰਾਈਵਰਾਂ ਨੇ ਵਿਚ ਬਚਾਅ ਕਰ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ। ਉਸ ਤੋਂ ਬਾਅਦ ਜੀਤੂ ਜ਼ਖਮੀ ਹਾਲਤ ’ਚ ਹੀ ਟਰੱਕ ਅੰਦਰ ਜਾ ਕੇ ਸੌਂ ਗਿਆ।

ਸਵੇਰੇ ਜਦੋਂ ਉਸ ਨੂੰ ਨੀਂਦ ਤੋਂ ਜਗਾਉਣ ਦਾ ਯਤਨ ਕੀਤਾ ਗਿਆ ਤਾਂ ਉਹ ਅੰਦਰ ਮ੍ਰਿਤਕ ਪਿਆ ਸੀ, ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਏ. ਐੱਸ. ਆਈ. ਗੁਰਜੀਤ ਸਿੰਘ ਮੁਤਾਬਕ ਮ੍ਰਿਤਕ ਜੀਤੂ ਦੇ ਮੂੰਹ ’ਚੋਂ ਝੱਗ ਵੀ ਨਿਕਲ ਰਹੀ ਸੀ, ਜਿਸ ਤੋਂ ਸ਼ੱਕ ਹੈ ਕਿ ਉਸ ਨੇ ਨਸ਼ਾ ਵੀ ਕਰ ਰੱਖਿਆ ਸੀ ਅਤੇ ਓਵਰਡੋਜ਼ ਕਾਰਨ ਉਸ ਦੀ ਮੌਤ ਹੋਈ ਹੈ ਅਤੇ ਕੁੱਟਮਾਰ ਵੀ ਹੋਈ ਸੀ। ਉਸ ਐਂਗਲ ਤੋਂ ਵੀ ਪੁਲਸ ਜਾਂਚ ਕਰ ਰਹੀ ਹੈ। ਬਾਕੀ ਪੋਸਟਮਾਰਟਮ ਦੌਰਾਨ ਹੀ ਜੀਤੂ ਦੀ ਮੌਤ ਦਾ ਕਾਰਨ ਸਪੱਸ਼ਟ ਹੋ ਸਕੇਗਾ। ਪਰਿਵਾਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


author

Babita

Content Editor

Related News