ਟਰੱਕ ਚਾਲਕ ਨੇ ਐਕਟਿਵਾ ਸਵਾਰ ਨੂੰ ਕੁਚਲਿਆ, ਮੌਤ

01/15/2018 5:09:02 AM

ਫਗਵਾੜਾ, (ਜਲੋਟਾ, ਰੁਪਿੰਦਰ ਕੌਰ)— ਫਗਵਾੜਾ 'ਚ ਦੇਰ ਰਾਤ ਸਥਾਨਕ ਫਗਵਾੜਾ-ਨਕੋਦਰ ਰੋਡ 'ਤੇ ਇਕ ਟਰੱਕ ਵੱਲੋਂ ਐਕਟਿਵਾ ਸਵਾਰ ਨੂੰ ਆਪਣੀ ਲਪੇਟ ਵਿਚ ਲੈਣ ਦੀ ਸੂਚਨਾ ਮਿਲੀ ਹੈ। ਹਾਦਸੇ ਮਗਰੋਂ ਐਕਟਿਵਾ ਚਾਲਕ ਦੀ ਘਟਨਾ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ, ਉਥੇ ਹੀ ਹਾਦਸੇ ਤੋਂ ਬਾਅਦ ਦੋਸ਼ੀ ਟਰੱਕ ਚਾਲਕ ਨੇ ਟਰੱਕ ਸਣੇ ਘਟਨਾ ਵਾਲੀ ਜਗ੍ਹਾ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ।
ਮਿਲੀ ਸੂਚਨਾ ਮੁਤਾਬਕ ਮ੍ਰਿਤਕ ਐਕਟਿਵਾ ਚਾਲਕ ਦੀ ਪਛਾਣ ਕ੍ਰਿਸ਼ਨ ਲਾਲ ਗਾਂਧੀ ਵਾਸੀ ਹਰਗੋਬਿੰਦ ਨਗਰ ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਗਾਂਧੀ ਆਪਣੀ ਐਕਟਿਵਾ 'ਤੇ ਪਿੰਡ ਮਾਨਾਂਵਾਲੀ ਫਗਵਾੜਾ ਵਾਲੇ ਪਾਸਿਓਂ ਆ ਰਿਹਾ ਸੀ ਕਿ ਵਿਚਾਲੇ ਰਸਤੇ ਤੇਜ਼ ਰਫਤਾਰ ਆ ਰਹੇ ਟਰੱਕ ਦੀ ਲਪੇਟ ਵਿਚ ਆ ਗਿਆ। ਪੁਲਸ ਨੇ ਦੋਸ਼ੀ ਟਰੱਕ ਚਾਲਕ ਜਿਸਦੀ ਪਛਾਣ ਲਖਵਿੰਦਰ ਪੁੱਤਰ ਜਗਵਿੰਦਰ ਵਾਸੀ ਜ਼ਿਲਾ ਪਟਿਆਲਾ ਹੈ, ਨੂੰ ਗ੍ਰਿਫਤਾਰ ਕਰਕੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਹੈ। ਖਬਰ ਲਿਖੇ ਜਾਣ ਤਕ ਪੁਲਸ ਨੇ ਮ੍ਰਿਤਕ ਗਾਂਧੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤੀ ਹੈ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ।


Related News