ਕਾਰ ਤੇ ਟਰਾਲੇ ਦੀ ਟੱਕਰ, 2 ਜ਼ਖ਼ਮੀ
Tuesday, Jun 12, 2018 - 06:07 AM (IST)

ਜੈਤੋ, (ਜਿੰਦਲ)- ਬੀਤੀ ਸ਼ਾਮ ਬਠਿੰਡਾ ਰੋਡ ’ਤੇ ਵਾਟਰ ਵਰਕਸ ਦੀ ਟੈਂਕੀ ਦੇ ਨਜ਼ਦੀਕ ਇਕ ਕਾਰ ਅਤੇ ਟਰਾਲੇ ਦੀ ਟੱਕਰ ਹੋਣ ਕਾਰਨ 2 ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਜੈਤੋ ਵੱਲੋਂ ਇਕ ਸਾਮਾਨ ਦਾ ਭਰਿਆ ਹੋਇਆ ਟਰਾਲਾ ਬਠਿੰਡਾ ਵੱਲ ਜਾ ਰਿਹਾ ਸੀ ਕਿ ਰਸਤੇ ’ਚ ਟਰਾਲੇ ਦੇ ਚਾਲਕ ਦੀ ਅੱਖ ਲੱਗਣ ਕਾਰਨ ਟਰਾਲਾ ਬੇਕਾਬੂ ਹੋ ਕੇ ਇਕ ਕਾਰ ਨਾਲ ਟਕਰਾਅ ਗਿਆ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਕਾਰ ’ਚ ਸਵਾਰ ਵਿਜੈ ਗੁਪਤਾ (50) ਪੁੱਤਰ ਸੁਭਾਸ਼ ਰਾਮ ਵਾਸੀ ਗੋਨਿਆਣਾ ਅਤੇ ਅਜੈ ਕੁਮਾਰ (30) ਵਾਸੀ ਗੋਨਿਆਣਾ ਗੰਭੀਰ ਜ਼ਖ਼ਮੀ ਹੋ ਗਏ ਅਤੇ ਤਿੰਨ ਹੋਰਨਾਂ ਅਸ਼ੋਕ ਕੁਮਾਰ, ਅਸ਼ਵਨੀ ਕੁਮਾਰ ਅਤੇ ਜੀਵਨ ਕੁਮਾਰ ਦੇ ਮਾਮੂਲੀ ਸੱਟਾਂ ਲੱਗੀਆਂ।
ਇਸ ਦੁਰਘਟਨਾ ਦੀ ਸੂਚਨਾ ਮਿਲਦੇ ਹੀ ਨੌਜਵਾਨ ਵੈੱਲਫੇਅਰ ਸੋਸਾਇਟੀ, ਜੈਤੋ ਦੇ ਪ੍ਰਧਾਨ ਨਵਨੀਤ ਗੋਇਲ ਆਪਣੇ ਟੀਮ ਮੈਂਬਰਾਂ ਨਾਲ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ, ਜੈਤੋ ਪਹੁੰਚਾਇਆ। ਵਿਜੈ ਕੁਮਾਰ ਅਤੇ ਅਜੈ ਕੁਮਾਰ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰ ਕੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫ਼ਰੀਦਕੋਟ ਰੈਫਰ ਕਰ ਦਿੱਤਾ।