ਚੋਰੀ ਦੇ ਸ਼ੱਕ ''ਚ ਘਰੋਂ ਚੁੱਕ ਕੇ ਲੈ ਗਏ ਮੁੰਡਾ, ਫਿਰ ਟਰੱਕ ਪਿੱਛੇ ਬੰਨ੍ਹ ਕੇ ਘੜੀਸਿਆ

05/25/2024 4:00:52 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਨੌਜਵਾਨ ਨੂੰ ਚੋਰੀ ਦੇ ਸ਼ੱਕ 'ਚ ਟਰੱਕ ਮਗਰ ਬੰਨ੍ਹ ਕੇ ਘੜੀਸਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ 'ਚ ਚੋਰੀ ਦੇ ਸ਼ੱਕ 'ਚ ਕੁਝ ਲੋਕਾਂ ਨੇ ਇਕ ਨੌਜਵਾਨ ਨੂੰ ਘਰੋਂ ਲਿਆ ਕੇ ਫਿਰ ਉਸਨੂੰ ਟਰੱਕ ਦੇ ਪਿੱਛੇ ਬੰਨ੍ਹ ਕੇ ਜਲਾਲਾਬਾਦ ਰੋਡ ’ਤੇ ਘੜੀਸ ਕੇ ਲੈ ਗਏ। ਨੌਜਵਾਨ 'ਤੇ ਹੋਏ ਤਸ਼ੱਦਦ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ। ਇਸ ਤੋਂ ਬਾਅਦ ਪੁਲਸ ਨੇ ਹਰਕਤ 'ਚ ਆ ਕੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕਰ ਦਿੱਤੀ ਹੈ।

ਸਿਵਲ ਹਸਪਤਾਲ 'ਚ ਦਾਖਲ ਜਲਾਲਾਬਾਦ ਰੋਡ ਦੇ ਰਹਿਣ ਵਾਲੇ ਜ਼ਖਮੀ ਨੌਜਵਾਨ ਨੇ ਦੋਸ਼ ਲਾਇਆ ਕਿ ਉਸ ਨੂੰ ਟਰੱਕ ਨਾਲ ਬੰਨ੍ਹ ਕੇ ਘੜੀਸਿਆ ਗਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਜਿਸ ’ਚ ਉਸਦੇ ਹੱਥ-ਪੈਰ ਟੁੱਟ ਗਏ ਹਨ। ਜਲਾਲਾਬਾਦ ਰੋਡ ਵਾਸੀ ਰਜਨੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸ ਦਾ ਦਿਉਰ ਕਮਰੇ ’ਚ ਸੁੱਤਾ ਪਿਆ ਸੀ। ਦੁਪਹਿਰ ਦੇ ਤਿੰਨ ਵਜੇ ਕਾਰ ਸਵਾਰ ਚਾਰ ਵਿਅਕਤੀ ਤੇਜ਼ਧਾਰ ਹਥਿਆਰਾਂ ਨਾਲ ਉਸਦੇ ਘਰ ਦਾਖਲ ਹੋਏ ਅਤੇ ਉਸਦੇ ਦਿਉਰ ਸੋਨੂੰ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਅਤੇ ਜਲਾਲਾਬਾਦ ਰੋਡ ਬਾਈਪਾਸ 'ਤੇ ਸੋਨੂੰ ਨੂੰ ਕਾਰ 'ਚੋਂ ਬਾਹਰ ਕੱਢ ਕੇ ਉਥੇ ਖੜ੍ਹੇ ਟਰੱਕ ਦੇ ਪਿੱਛੇ ਬੰਨ੍ਹ ਕੇ ਕਰੀਬ ਅੱਧਾ ਕਿਲੋਮੀਟਰ ਤੱਕ ਘੜੀਸਿਆ। ਇਸ ਤੋਂ ਬਾਅਦ ਸੋਨੂੰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਅਤੇ ਬੇਰਹਿਮੀ ਨਾਲ ਕੁੱਟਿਆ ਗਿਆ। ਸ਼ਾਮ ਕਰੀਬ ਛੇ ਵਜੇ ਸੋਨੂੰ ਨੂੰ ਬੇਹੋਸ਼ੀ ਦੀ ਹਾਲਤ ’ਚ ਘਰ ਦੇ ਬਾਹਰ ਸੁੱਟ ਗਏ। ਪੁਲਸ ਨੇ ਇਸ ਸਬੰਧੀ ਚਾਰ ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ ਹੈ।


Gurminder Singh

Content Editor

Related News