ਟਰੱਕ ਹੇਠਾਂ ਸੁੱਤੇ ਵਿਅਕਤੀ ਦੇ ਉੱਪਰੋਂ ਲੰਘਿਆ ਟਰੱਕ, ਹੋਈ ਮੌਕੇ ’ਤੇ ਮੌਤ

Thursday, Apr 28, 2022 - 02:08 PM (IST)

ਟਰੱਕ ਹੇਠਾਂ ਸੁੱਤੇ ਵਿਅਕਤੀ ਦੇ ਉੱਪਰੋਂ ਲੰਘਿਆ ਟਰੱਕ, ਹੋਈ ਮੌਕੇ ’ਤੇ ਮੌਤ

ਬਟਾਲਾ (ਜ.ਬ., ਯੋਗੀ, ਅਸ਼ਵਨੀ) - ਟਰੱਕ ਹੇਠਾਂ ਸੁੱਤੇ ਵਿਅਕਤੀ ਦੇ ਉੱਪਰੋਂ ਟਰੱਕ ਲੰਘਣ ਨਾਲ ਵਿਅਕਤੀ ਦੀ ਮੌਤ ਹੋਣ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਏ.ਐੱਸ.ਆਈ ਅਸ਼ਵਨੀ ਕੁਮਾਰ ਤਫਤੀਸ਼ੀ ਅਫ਼ਸਰ ਨੇ ਦੱਸਿਆ ਕਿ ਬਟਾਲਾ-ਡੇਰਾ ਬਾਬਾ ਨਾਨਕ ਰੋਡ ਤੋਂ ਪਿੰਡ ਖਤਬ ਨੂੰ ਜਾਂਦੀ ਸੜਕ ’ਤੇ ਸਥਿਤ ਗੋਦਾਮ ਦੇ ਬਾਹਰ ਅਣਲੋਡਿੰਗ ਲਈ ਕਣਕ ਨਾਲ ਲੱਦੇ ਟਰੱਕਾਂ ਦੀ ਲਾਈਨ ਲੱਗੀ ਹੋਈ ਸੀ। ਇਨ੍ਹਾਂ ਟਰੱਕਾਂ ਵਿਚੋਂ ਇਕ ਟਰੱਕ ਨੰ.ਪੀ.ਬੀ.02ਡੀ.ਜ਼ੈੱਡ.8447 ਦੇ ਹੇਠਾਂ ਇਕ ਵਿਅਕਤੀ ਬੀਤੀ ਰਾਤ ਦਾ ਸੁੱਤਾ ਪਿਆ ਸੀ, ਜਿਸ ਬਾਰੇ ਟਰੱਕ ਡਰਾਈਵਰ ਨੂੰ ਪਤਾ ਨਹੀਂ ਸੀ। 

ਉਕਤ ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਟਰੱਕ ਦਾ ਡਰਾਈਵਰ ਜਦੋਂ ਟਰੱਕ ਨੂੰ ਪਿੱਛੇ ਕਰਨ ਲੱਗਾ ਤਾਂ ਟਰੱਕ ਹੇਠਾਂ ਸੁੱਤੇ ਵਿਅਕਤੀ ਦੇ ਉੱਪਰੋਂ ਟਰੱਕ ਦਾ ਅਗਲਾ ਟਾਇਰ ਲੰਘ ਗਿਆ, ਜਿਸ ਦੇ ਸਿੱਟੇ ਵਜੋਂ ਵਿਅਕਤੀ ਦੀ ਮੌਤ ਹੋ ਗਈ। ਟਰੱਕ ਡਰਾਈਵਰ ਟਰੱਕ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਏ.ਐੱਸ.ਆਈ ਨੇ ਅੱਗੇ ਦੱਸਿਆ ਕਿ ਘਟਨਾ ਬਾਰੇ ਜਾਣਕਾਰੀ ਮਿਲਦਿਆਂ ਹੀ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਸ਼ਨਾਖਤ ਲਈ 72 ਘੰਟੇ ਵਾਸਤੇ ਸਿਵਲ ਹਸਪਤਾਲ ਬਟਾਲਾ ਦੇ ਡੈੱਡ ਹਾਊਸ ਵਿਚ ਰੱਖ ਦਿੱਤਾ ਹੈ। ਟਰੱਕ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਕਾਰਵਾਈ ਜਾਰੀ ਸੀ ਅਤੇ ਮ੍ਰਿਤਕ ਦੀ ਪਛਾਣ ਨਹੀਂ ਸੀ ਹੋ ਪਾਈ।


author

rajwinder kaur

Content Editor

Related News