ਟਰੱਕ ਡਰਾਈਵਰ ਦੀ ਸ਼ੱਕੀ ਹਾਲਤ ’ਚ ਮੌਤ, ਪੁਲਸ ਨੇ ਆਰੰਭੀ ਜਾਂਚ

Sunday, Aug 01, 2021 - 03:01 PM (IST)

ਟਰੱਕ ਡਰਾਈਵਰ ਦੀ ਸ਼ੱਕੀ ਹਾਲਤ ’ਚ ਮੌਤ, ਪੁਲਸ ਨੇ ਆਰੰਭੀ ਜਾਂਚ

ਬਟਾਲਾ (ਜ.ਬ, ਯੋਗੀ, ਅਸ਼ਵਨੀ) : ਸਥਾਨਕ ਅੰਮ੍ਰਿਤਸਰ ਰੋਡ ’ਤੇ ਬੀਤੀ ਦੇਰ ਰਾਤ ਇਕ ਟਰੱਕ ਡਰਾਈਵਰ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਜੈਂਤੀਪੁਰ ਨੇ ਦੱਸਿਆ ਕਿ ਮੇਰਾ ਭਰਾ ਹਰਪ੍ਰੀਤ ਸਿੰਘ ਜੋ ਬਟਾਲਾ ਵਿਖੇ ਇਕ ਕੰਪਨੀ ਦਾ ਟਰੱਕ ਚਲਾਉਂਦਾ ਸੀ, ਬੀਤੀ ਰਾਤ ਆਪਣੇ ਸਾਥੀ ਸਮੇਤ ਕਲਕੱਤਾ ਤੋਂ ਕੋਲਾ ਲੱਦ ਕੇ ਬਟਾਲਾ ਲੈ ਕੇ ਆਏ ਸੀ।

ਉਸ ਨੇ ਦੱਸਿਆ ਕਿ ਜ਼ਿਆਦਾ ਹਨੇਰਾ ਹੋਣ ਕਰਕੇ ਮੇਰਾ ਭਰਾ ਆਪਣੇ ਸਾਥੀ ਨਾਲ ਅੰਮ੍ਰਿਤਸਰ ਜੀ.ਟੀ. ਰੋਡ ਸਥਿਤ ਬਾਈਪਾਸ ’ਤੇ ਟਰੱਕ ਖੜ੍ਹਾ ਕਰਕੇ ਸੌ ਗਿਆ ਅਤੇ ਜਦੋਂ ਸਵੇਰੇ ਹਰਪ੍ਰੀਤ ਸਿੰਘ ਨੂੰ ਉਸਦੇ ਸਾਥੀ ਨੇ ਉਠਾਉਣਾ ਚਾਹਿਆ ਤਾਂ ਉਹ ਨਹੀਂ ਉੁੱਠਿਆ ਅਤੇ ਉਪਰੰਤ ਸਾਨੂੰ ਫੋਨ ’ਤੇ ਇਸ ਸਬੰਧੀ ਜਾਣਕਾਰੀ ਦਿੱਤੀ ਤਾਂ ਅਸੀਂ ਮੌਕੇ ’ਤੇ ਪਹੁੰਚ ਗਏ ਤੇ ਦੇਖਿਆ ਕਿ ਮੇਰੇ ਉਕਤ ਭਰਾ ਦੀ ਮੌਤ ਹੋ ਚੁੱਕੀ ਸੀ। ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਮ੍ਰਿਤਕ ਹਰਪ੍ਰੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈਂਦਿਆਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ।


author

Gurminder Singh

Content Editor

Related News