ਟਰੱਕ ਨੇ ਟਰੈਕਟਰ-ਟਰਾਲੀ ਨੂੰ ਮਾਰੀ ਟੱਕਰ, 1 ਦੀ ਮੌਤ

Sunday, Jun 02, 2019 - 05:30 PM (IST)

ਟਰੱਕ ਨੇ ਟਰੈਕਟਰ-ਟਰਾਲੀ ਨੂੰ ਮਾਰੀ ਟੱਕਰ, 1 ਦੀ ਮੌਤ

ਭਵਾਨੀਗੜ੍ਹ (ਕਾਂਸਲ) : ਬੀਤੀ ਦੇਰ ਰਾਤ ਸੰਗਰੂਰ ਰੋਡ 'ਤੇ ਪਿੰਡ ਫੱਗੂਵਾਲਾ ਵਿਖੇ ਇਕ ਤੇਜ਼ ਰਫਤਾਰ ਟਰੱਕ ਵਲੋਂ ਟਰੈਕਟਰ-ਟਰਾਲੀ ਨੂੰ ਪਿੱਛੋਂ ਟੱਕਰ ਮਾਰਣ ਕਾਰਣ ਟਰੈਕਟਰ ਸਵਾਰ 3 ਵਿਅਕਤੀਆਂ ਦੇ ਗੰਭੀਰ ਰੂਪ 'ਚ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ, ਜਿਨ੍ਹਾਂ 'ਚੋਂ ਇਕ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ। ਜਾਣਕਾਰੀ ਦਿੰਦਿਆਂ ਹਾਈਵੇ ਪੈਟਰੋਲਿੰਗ ਪੁਲਸ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਦਰਬਾਰਾ ਸਿੰਘ ਅਤੇ ਹੈੱਡ ਕਾਂਸਟੇਬਲ ਸਤਵੰਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ 11:30 ਵਜੇ ਬੋਰ ਕਰਨ ਵਾਲੇ ਸਾਮਾਨ ਨਾਲ ਭਰੇ ਇਕ ਟਰੈਕਟਰ-ਟਰਾਲੀ ਨੂੰ ਸੰਗਰੂਰ ਰੋਡ ਨੈਸ਼ਨਲ ਹਾਈਵੇ 'ਤੇ ਪਿੰਡ ਫੱਗੂਵਾਲਾ ਨੇੜੇ ਓਵਰਬ੍ਰਿਜ ਉਤਰਨ ਸਾਰ ਪਿਛੋਂ ਆ ਰਹੇ ਇਕ ਤੇਜ਼ ਰਫਤਾਰ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਬੇਕਾਬੂ ਹੋਇਆ ਟਰੱਕ ਡਿਵਾਈਡਰ ਨੂੰ ਪਾਰ ਕਰ ਕੇ ਸੜਕ ਦੀ ਦੂਜੀ ਸਾਈਡ ਖੇਤਾਂ ਵਿਚ ਜਾ ਵੜਿਆ। 
ਇਸ ਹਾਦਸੇ 'ਚ ਟਰੈਕਟਰ-ਟਰਾਲੀ 'ਤੇ ਸਵਾਰ ਸ਼ਿੰਗਾਰਾ ਸਿੰਘ ਪੁੱਤਰ ਜੋਗਿੰਦਰ ਸਿੰਘ, ਮਨਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਅਤੇ ਸੀਤਾ ਸਿੰਘ ਪੁੱਤਰ ਹਰੀ ਸਿੰਘ ਸਾਰੇ ਵਾਸੀ ਪਿੰਡ ਰੂਪਾਹੇੜੀ ਸੰਗਰੂਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪਟਿਆਲਾ ਵਿਖੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਪਹੁੰਚ ਕੇ ਸ਼ਿੰਗਾਰਾ ਸਿੰਘ ਨੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿੱਤਾ। ਹਾਈਵੇ ਪੁਲਸ ਅਧਿਕਾਰੀ ਦਰਬਾਰਾ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿਚ ਟਰੱਕ ਚਾਲਕ ਨਛੱਤਰ ਖਾਨ ਪੁੱਤਰ ਛੋਟਾ ਖਾਨ ਵਾਸੀ ਹਰਕ੍ਰਿਸ਼ਨਪੁਰਾ ਵੀ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਵੀ ਇਲਾਜ ਲਈ ਸਥਾਨਕ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।


author

Gurminder Singh

Content Editor

Related News