7 ਲੱਖ ਰੁਪਏ ਦੀ ਮੰਗ ਪੂਰੀ ਨਾ ਕਰਨ ''ਤੇ ਪਤਨੀ ਨੂੰ ਕੀਤਾ ਤੰਗ-ਪ੍ਰੇਸ਼ਾਨ
Sunday, Jul 23, 2017 - 01:29 AM (IST)

ਨਵਾਂਸ਼ਹਿਰ, (ਤ੍ਰਿਪਾਠੀ)- ਵਿਦੇਸ਼ ਜਾਣ ਦੇ ਲਈ 7 ਲੱਖ ਰੁਪਏ ਦੀ ਮੰਗ ਪੂਰੀ ਨਾ ਹੋਣ 'ਤੇ ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਅਤੇ ਮਾਰਕੁੱਟ ਕਰਨ ਦੇ ਦੋਸ਼ ਤਹਿਤ ਪੁਲਸ ਨੇ ਪਤੀ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਜਸਵਿੰਦਰ ਕੌਰ ਪਤਨੀ ਸੰਤੋਖ਼ ਸਿੰਘ ਵਾਸੀ ਪਿੰਡ ਖੋਥੜਾ ਥਾਣਾ ਬਹਿਰਾਮ ਨੇ ਦੱਸਿਆ ਕਿ ਉਸਦੀ ਲੜਕੀ ਨਵਦੀਪ ਕੌਰ ਦਾ ਵਿਆਹ 2 ਸਾਲ ਪਹਿਲਾਂ ਅੰਮ੍ਰਿਤਪਾਲ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਪ੍ਰਤਾਪਗੜ੍ਹ ਥਾਣਾ ਕੁਮਕਲਾ ਜ਼ਿਲਾ ਲੁਧਿਆਣਾ ਦੇ ਨਾਲ ਹੋਇਆ ਸੀ। ਵਿਆਹ ਦੇ ਸਮੇਂ ਉਨ੍ਹਾਂ ਨੇ ਆਪਣੀ ਹੈਸੀਅਤ ਮੁਤਾਬਿਕ ਆਪਣੀ ਲੜਕੀ ਨੂੰ ਦਾਜ ਦਿੱਤਾ ਸੀ ਪਰ ਉਸਦੇ ਸਹੁਰੇ ਪਰਿਵਾਰ ਨੂੰ ਰਾਸ ਨਹੀਂ ਆਇਆ ਅਤੇ ਉਸਦੀ ਲੜਕੀ ਨੂੰ ਛੋਟੀਆਂ-ਛੋਟੀਆਂ ਗੱਲਾਂ ਲਈ ਤੰਗ-ਪ੍ਰੇਸ਼ਾਨ ਕੀਤਾ ਜਾਣ ਲੱਗਾ।
ਉਸਨੇ ਦੱਸਿਆ ਕਿ ਉਸਦਾ ਜਵਾਈ ਅਸਟ੍ਰੇਲੀਆ ਜਾਣਾ ਚਾਹੁੰਦਾ ਸੀ, ਜਿਸ ਲਈ ਉਨ੍ਹਾਂ ਨੇ ਆਪਣੀ ਹੈਸੀਅਤ ਮੁਤਾਬਿਕ ਜਵਾਈ ਦੀ ਆਰਥਿਕ ਮਦਦ ਵੀ ਕੀਤੀ ਪਰ ਉਸਨੂੰ ਵੀਜ਼ਾ ਨਹੀਂ ਮਿਲਿਆ। ਹੁਣ ਉਹ ਦੁਬਾਰਾ ਆਈਲੈਟਸ ਪਾਸ ਕਰ ਕੇ ਕੇਨੈਡਾ 'ਚ ਸਟੱਡੀ ਵੀਜ਼ੇ ਦਾ ਕੇਸ ਲਗਾਉਣ ਲਈ ਉਨ੍ਹਾਂ ਤੋਂ 7 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ, ਜਿਸਦੇ ਪੂਰਾ ਨਾ ਹੋਣ ਕਰਕੇ ਉਹ ਉਸਦੀ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ। ਥਾਣਾ ਬਹਿਰਾਮ ਦੀ ਪੁਲਸ ਨੇ ਪਤੀ ਖ਼ਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।