ਬੇਕਾਬੂ ਟਰਾਲਾ ਕੰਧ ਤੋੜ ਕੇ ਹਸਪਤਾਲ ''ਚ ਦਾਖਲ
Tuesday, Jan 30, 2018 - 03:02 AM (IST)
ਟਾਂਡਾ ਉੜਮੁੜ, (ਗੁਪਤਾ, ਸ਼ਰਮਾ, ਪੰਡਿਤ, ਜਸਵਿੰਦਰ)- ਸੀਮੈਂਟ ਨਾਲ ਲੱਦਿਆ ਟਰਾਲਾ ਇਕ ਕਾਰ ਨੂੰ ਟੱਕਰ ਮਾਰਨ ਉਪਰੰਤ ਸਰਕਾਰੀ ਹਸਪਤਾਲ ਦੀ ਕੰਧ ਤੋੜ ਕੇ ਅੰਦਰ ਦਾਖਲ ਹੋ ਗਿਆ, ਜਿਸ ਕਾਰਨ ਮਰੀਜ਼ ਅਤੇ ਸਿਹਤ ਮੁਲਾਜ਼ਮ ਵਾਲ-ਵਾਲ ਬਚੇ।
ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਚਾਲਕ ਭਾਗ ਸਿੰਘ ਪੁੱਤਰ ਮਹਿਮਾ ਸਿੰਘ ਪਿੰਡ ਲੋਹਗੜ੍ਹ ਫਿੱਡੇ ਆਪਣੇ ਟਰਾਲਾ ਨੰ. ਪੀ ਬੀ 12 ਜੇ-8825 'ਚ ਸੀਮੈਂਟ ਲੱਦ ਕੇ ਗੁਰਦਾਸਪੁਰ ਨੂੰ ਜਾ ਰਿਹਾ ਸੀ। ਜਦੋਂ ਉਹ ਦੁਪਹਿਰ 12 ਵਜੇ ਦੇ ਕਰੀਬ ਟਾਂਡਾ ਰੇਲਵੇ ਓਵਰਬ੍ਰਿਜ ਤੋਂ ਉਤਰ ਰਿਹਾ ਸੀ ਤਾਂ ਅਚਾਨਕ ਬੇਕਾਬੂ ਹੋਇਆ ਟਰਾਲਾ ਹਸਪਤਾਲ ਦੇ ਬਾਹਰ ਖੜ੍ਹੀ ਕਾਰ ਨੰ. ਪੀ ਬੀ 07 ਐੱਚ-1519, ਜਿਸ ਦਾ ਚਾਲਕ ਰਵੀ ਕੁਮਾਰ ਪੁੱਤਰ ਕੇਵਲ ਚੰਦ ਵਾਸੀ ਬੱਸੀ ਜਲਾਲ ਆਪਣੇ ਮਰੀਜ਼ ਨੂੰ ਹਸਪਤਾਲ ਦੇ ਅੰਦਰ ਲੈ ਕੇ ਗਿਆ ਹੋਇਆ ਸੀ, ਨੂੰ ਟੱਕਰ ਮਾਰਨ ਉਪਰੰਤ ਸਰਕਾਰੀ ਹਸਪਤਾਲ ਦੀ ਕੰਧ ਤੋੜ ਕੇ ਅੰਦਰ ਦਾਖਲ ਹੋ ਗਿਆ। ਉਸ ਵੇਲੇ ਹਸਪਤਾਲ ਦੀ ਕੰਧ ਨਾਲ ਹਸਪਤਾਲ ਦਾ ਸਟਾਫ਼ ਜਾਂ ਕੋਈ ਮਰੀਜ਼ ਨਾ ਖੜ੍ਹਾ ਹੋਣ ਕਾਰਨ ਇਕ ਵੱਡਾ ਹਾਦਸਾ ਟਲ ਗਿਆ। ਹਾਦਸੇ ਸਬੰਧੀ ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
