ਚੱਲਦੇ ਟਰਾਲੇ ਵਿਚ ਡਰਾਇਵਰ ਨੂੰ ਪਿਆ ਦਿਲ ਦਾ ਦੌਰਾ, ਖੜ੍ਹੀ ਕਾਰ ਨੂੰ ਮਾਰੀ ਟੱਕਰ
Saturday, Oct 15, 2022 - 06:03 PM (IST)
ਸੰਦੌੜ (ਰਿਖੀ) : ਸੰਦੌੜ ਬੱਸ ਸਟੈਂਡ ਤੋਂ ਝੁਨੇਰ ਰੋਡ ’ਤੇ ਇਕ ਸੜਕ ਦੁਰਘਟਨਾ ਦਾ ਸ਼ਿਕਾਰ ਹੋਈ ਖੜ੍ਹੀ ਕਾਰ ਅਤੇ ਟਰਾਲੇ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਝਨੇਰ ਤੋਂ ਸੰਦੌੜ ਵੱਲ ਨੂੰ ਆ ਰਹੇ ਟਰਾਲਾ ਨੰਬਰ ਪੀ.ਬੀ. 08 ਸੀ. ਬੀ 5421 ਦੇ ਡਰਾਈਵਰ ਨੂੰ ਅਚਾਨਕ ਦੌਰਾ ਪੈਣ ਕਾਰਨ ਟਰਾਲਾ ਬੇਕਾਬੂ ਹੋ ਗਿਆ ਜੋ ਖੜ੍ਹੀ ਕਾਰ ਨੂੰ ਧੂਹ ਕੇ ਨਾਲ ਲੈ ਗਿਆ ਤੇ ਕਾਰ ਬਿਜਲੀ ਦੇ ਖੰਭੇ ਵਿਚ ਲੱਗਣ ਉਪਰੰਤ ਖੰਭਾ ਟੁੱਟ ਗਿਆ। ਇਸ ਹਾਦਸੇ ’ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਅੱਖੀਂ ਵੇਖਣ ਵਾਲਿਆਂ ਨੇ ਦੱਸਿਆ ਕਿ ਟਰਾਲਾ ਭਾਵੇਂ ਬਹੁਤ ਤੇਜ਼ ਤਾਂ ਨਹੀਂ ਸੀ ਪਰੰਤੂ ਡਰਾਇਵਰ ਨੂੰ ਦੌਰਾ ਪੈਣ ਕਾਰਨ ਬੇਕਾਬੂ ਹੋ ਗਿਆ ਜਿਸ ਕਾਰਨ ਟਰਾਲੇ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਵਿਚ ਲੱਗਣ ਉਪਰੰਤ ਹੀ ਰੁਕਿਆ। ਇਸ ਮੌਕੇ ਖੰਭਾ ਟੁੱਟਣ ਕਾਰਨ ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਬਹੁਤ ਵੱਡਾ ਹਾਦਸਾ ਵਾਪਰਨ ਤੋਂ ਬਚ ਗਿਆ।
ਮੌਜੂਦ ਲੋਕਾਂ ਵੱਲੋਂ ਹੀ ਟਰੱਕ ਡਰਾਇਵਰ ਨੂੰ ਸਥਾਨਕ ਪ੍ਰਾਈਵੇਟ ਡਾਕਟਰ ਦੇ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਮੌਕੇ ਸਥਾਨਕ ਥਾਣਾ ਸਦੌੜ ਦੀ ਪੁਲਸ ਪਹੁੰਚੀ, ਜਿਸ ਨੇ ਆਪਣੀ ਜਾਂਚ ਪੜਤਾਲ ਆਰੰਭ ਕਰ ਦਿੱਤੀ ਹੈ। ਏ. ਐੱਸ. ਆਈ . ਬਲਵਿੰਦਰ ਸਿੰਘ ਨੇ ਟਰਾਲੇ ਦੇ ਕਾਗਜ਼ਾਤ ਆਪਣੇ ਕਬਜ਼ੇ ਵਿਚ ਲੈ ਲਏ ਹਨ। ਵਰਨਣਯੋਗ ਹੈ ਕਿ ਸੰਦੌੜ ਤੋਂ ਝਨੇਰ ਰੋਡ ਵਾਲੀ ਸੜਕ ’ਤੇ ਬਹੁਤ ਆਵਾਜਾਈ ਰਹਿੰਦੀ ਹੈ, ਫਿਰ ਵੀ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਖੁਰਦ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦਾ ਆਪਸੀ ਸਮਝੌਤਾ ਹੋ ਰਿਹਾ ਹੈ।