ਮੰਤਰੀ ਧਾਲੀਵਾਲ ਦਾ ਦਾਅਵਾ: ਤ੍ਰਿਪਤ ਬਾਜਵਾ ਨੇ ਗ਼ਲਤ ਕੰਮ ਕੀਤਾ, ਕੋਈ ਕਸੂਰਵਾਰ ਬਖਸ਼ਾਂਗੇ ਨਹੀਂ

06/16/2022 12:14:59 PM

ਜਲੰਧਰ : ਪੰਜਾਬ ਸਰਕਾਰ ਵੱਲੋਂ ਅੱਜ ਜਲੰਧਰ ਤੋਂ ਦਿੱਲੀ ਹਵਾਈ ਅੱਡੇ ਲਈ ਵੋਲਵੋ ਬੱਸਾਂ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਜਿੱਥੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ, ਉੱਥੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਦੇ ਕੰਮਾਂ ਨੂੰ ਭਰਪੂਰ ਸਲਾਹਿਆ। ਵਰਨਣਯੋਗ ਹੈ ਕਿ ਪੰਜਾਬ ਵਿਚ ਪੰਚਾਇਤੀ ਜ਼ਮੀਨਾਂ ’ਤੇ ਸਿਆਸੀ ਪ੍ਰਭਾਵ ਹੇਠ ਹਜ਼ਾਰਾਂ ਏਕੜ ਜ਼ਮੀਨਾਂ ’ਤੇ ਪ੍ਰਭਾਵਸ਼ਾਲੀ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ। ਜਦੋਂ ਤੋਂ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਕੁਲਦੀਪ ਧਾਲੀਵਾਲ ਵੱਲੋਂ ਪੰਚਾਇਤੀ ਜ਼ਮੀਨਾਂ ਨੂੰ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ: ਮੂਸੇਵਾਲਾ ਕਤਲਕਾਂਡ ’ਚ 7 ਦਿਨਾਂ ਰਿਮਾਂਡ 'ਤੇ ਲਾਰੈਂਸ ਬਿਸ਼ਨੋਈ, ਪੰਜਾਬ ਪੁਲਸ ਪੁੱਛ ਸਕਦੀ ਹੈ ਇਹ ਸਵਾਲ

ਜਲੰਧਰ ਵਿਚ ਵੋਲਵੋ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਪਹੁੰਚੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ‘ਜਗ ਬਾਣੀ’ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਗੱਲਬਾਤ ਕੀਤੀ। ਜਦੋਂ ਇਸ ਪੱਤਰਕਾਰ ਨੇ ਪੰਜਾਬ ਦੇ ਸਾਬਕਾ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਪੰਚਾਇਤੀ ਜ਼ਮੀਨ ਨੂੰ ਲੈ ਕੇ ਮੌਜੂਦਾ ਪੰਚਾਇਤ ਮੰਤਰੀ ਦੇ ਫਸਦੇ ਪੇਚ ’ਤੇ ਗੱਲ ਕੀਤੀ ਤਾਂ ਧਾਲੀਵਾਲ ਨੇ ਕਿਹਾ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਗਲਤ ਕੰਮ ਕੀਤਾ ਹੈ, ਜਿਸ ਦੀ ਜਾਂਚ ਚੱਲ ਰਹੀ ਹੈ। ਇਸ ਜਾਂਚ ਵਿਚ ਉਨ੍ਹਾਂ ਦੇ ਨਾਲ ਕਈ ਅਫ਼ਸਰਾਂ ਦੇ ਵੀ ਫਸਣ ਦੀ ਸੰਭਾਵਨਾ ਹੈ ਅਤੇ ਬਾਜਵਾ ਸਮੇਤ ਕਸੂਰਵਾਰ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ: ਸ਼ਰਾਬੀ ASI ਨੇ ਮੋਟਰਸਾਈਕਲ ਸਵਾਰ ਪਿਓ-ਪੁੱਤਰ 'ਚ ਮਾਰੀ ਕਾਰ, ਟੁੱਟੀਆਂ ਲੱਤਾਂ, ਵੀਡੀਓ ਵਾਇਰਲ

ਜਦੋਂ ਕਾਂਗਰਸ ਦੀ ਸਰਕਾਰ ਹੀ ਟੁੱਟ ਗਈ ਹੈ ਤਾਂ ਬਾਜਵਾ ਫਾਈਲ ’ਤੇ ਹਸਤਾਖਰ ਕਿਵੇਂ ਕਰ ਸਕਦੇ ਹਨ?
ਜਦੋਂ ਮੰਤਰੀ ਨੂੰ ਪੁੱਛਿਆ ਗਿਆ ਕਿ ਸਾਬਕਾ ਮੰਤਰੀ ਬਾਜਵਾ ਦੇ ਸਮੇਂ ਦੌਰਾਨ ਕੀ ਗਲਤੀ ਹੋਈ ਹੈ ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਗਏ ਸਨ। ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲ ਗਿਆ ਅਤੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਟੁੱਟ ਗਈ। ਬਾਜਵਾ ਵੱਲੋਂ 11 ਮਾਰਚ ਨੂੰ ਫਾਈਲ ’ਤੇ ਹਸਤਾਖ਼ਰ ਕੀਤੇ ਜਾਂਦੇ ਹਨ, ਫਿਰ ਇਹ ਗਲਤ ਕੰਮ ਨਹੀਂ ਤਾਂ ਕੀ ਹੈ? ਉਨ੍ਹਾਂ ਸਵਾਲ ਕੀਤਾ ਕਿ ਜਦ ਕਾਂਗਰਸ ਦੀ ਸਰਕਾਰ ਟੁੱਟ ਗਈ ਸੀ ਤਾਂ ਬਾਜਵਾ 11 ਮਾਰਚ ਨੂੰ ਕਿਸੇ ਫਾਈਲ ’ਤੇ ਹਸਤਾਖ਼ਰ ਕਿਵੇਂ ਕਰ ਸਕਦੇ ਹਨ?

ਪੜ੍ਹੋ ਇਹ ਵੀ ਖ਼ਬਰ: ਪ੍ਰੋਗਰਾਮ ਦੌਰਾਨ ਭੰਗੜਾ ਪਾਉਂਦਿਆਂ ਖ਼ੁਸ਼ੀ ’ਚ ਚਲਾਈ ਗੋਲੀ, ਨੌਜਵਾਨ ਦੀ ਛਾਤੀ ’ਚ ਵੱਜੀ

ਮੰਤਰੀ ਨੇ ਕਿਹਾ ਕਿ ਉਨ੍ਹਾਂ ਬਾਜਵਾ ਦੀ ਇੰਟਰਵਿਊ ਸੁਣੀ ਹੈ, ਜਿਸ ਵਿਚ ਉਹ ਕਹਿ ਰਹੇ ਹਨ ਕਿ ਇਹ ਰੁਟੀਨ ਦੀ ਫਾਈਲ ਸੀ। ਇਸ ਦਾ ਮਤਲਬ ਹੈ ਕਿ ਉਹ ਇਹ ਤਾਂ ਮੰਨ ਗਏ ਹਨ ਕਿ ਉਨ੍ਹਾਂ ਫਾਈਲ ’ਤੇ ਹਸਤਾਖ਼ਰ ਕੀਤੇ ਹਨ ਅਤੇ ਇਹ ਵੀ ਮੰਨ ਗਏ ਹਨ ਕਿ ਫਾਈਲ 11 ਮਾਰਚ ਨੂੰ ਨਿਕਲੀ ਹੈ, ਜਿਸ ’ਤੇ ਉਨ੍ਹਾਂ ਦੇ ਹਸਤਾਖ਼ਰ ਹਨ। ਇੰਨਾ ਹੀ ਨਹੀਂ, 16 ਮਾਰਚ ਨੂੰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਦੇ ਹਨ ਅਤੇ 15 ਮਾਰਚ ਨੂੰ ਡਾਇਰੈਕਟਰ ਕੋਲੋਂ ਆਰਡਰ ਤਕ ਕਢਵਾ ਦਿੱਤਾ ਗਿਆ। ਇਸ ਸਬੰਧੀ 19 ਅਪ੍ਰੈਲ ਨੂੰ ਪੰਚਾਇਤੀ ਜ਼ਮੀਨ ਦੀ ਰਜਿਸਟਰੀ ਹੋ ਗਈ। ਜਦੋਂ ਮੰਤਰੀ ਨੂੰ ਪੁੱਛਿਆ ਗਿਆ ਕਿ ਉਹ ਹੁਣ ਕੀ ਕਾਰਵਾਈ ਕਰਨ ਜਾ ਰਹੇ ਹਨ ਤਾਂ ਉਨ੍ਹਾਂ ਦੱਸਿਆ ਕਿ ਵਿਭਾਗ ਦੇ ਕਈ ਅਫ਼ਸਰਾਂ ਨੇ ਵੀ ਇਸ ’ਤੇ ਹਸਤਾਖ਼ਰ ਕੀਤੇ ਹਨ। ਇਸ ਲਈ ਜਾਂਚ ਚੱਲ ਰਹੀ ਹੈ, ਜਿਹੜਾ ਵੀ ਕਸੂਰਵਾਰ ਹੋਵੇਗਾ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਇਸੇ ਦਿਨ ਸਾਬਕਾ ਮੰਤਰੀ ਵੱਲੋਂ ਇਕ ਹੋਰ ਫਾਈਲ ’ਤੇ ਹਸਤਾਖ਼ਰ ਕੀਤੇ ਗਏ, ਜਿਸ ਦਾ ਸਿੱਧਾ ਫ਼ਾਇਦਾ ਕਾਲੋਨਾਈਜ਼ਰਾਂ ਨੂੰ ਹੋਇਆ ਹੈ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਕਾਂਗਰਸੀ ਕੌਂਸਲਰ ਦੇ ਮੁੰਡੇ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ

ਸੁਖਬੀਰ ਬਾਦਲ ਦੱਸਣ ਜੇ 5 ਮਰਲੇ ਵੀ ਪੰਚਾਇਤੀ ਜ਼ਮੀਨ ਕਬਜ਼ਾ-ਮੁਕਤ ਕਰਵਾਈ ਹੈ?
ਜਦੋਂ ਮੰਤਰੀ ਨੂੰ ਪੁੱਛਿਆ ਗਿਆ ਕਿ ਤੁਸੀਂ ਸਿਆਸਤ ਦੇ ਪੁਰਾਣੇ ਖਿਡਾਰੀ ਹੋ ਅਤੇ ਹਰ ਤਰ੍ਹਾਂ ਦੇ ਨੁਕਤੇ ਜਾਣਦੇ ਹੋ ਤਾਂ ਇਹ ਕਿਉਂ ਕਿਹਾ ਜਾਂਦਾ ਹੈ ਕਿ ਇਹ ਡਰਾਈਵਰ ਨੌਸਿਖੀਏ ਹਨ, ਕੋਈ ਤਜਰਬਾ ਨਹੀਂ ਹੈ ਅਤੇ ਐਕਸੀਡੈਂਟ ਕਰਨਗੇ। ਇਹ ਗੱਲ ਸੁਖਬੀਰ ਬਾਦਲ ਤਕ ਵੀ ਕਹਿ ਰਹੇ ਹਨ। ਇਸ ’ਤੇ ਮੰਤਰੀ ਧਾਲੀਵਾਲ ਨੇ ਕਿਹਾ ਕਿ ਕਿਨ੍ਹਾਂ ਤਜਰਬਿਆਂ ਦੀ ਗੱਲ ਕਰ ਰਹੇ ਹੋ? ਪੰਜਾਬ ’ਤੇ ਕਾਂਗਰਸ ਤੋਂ ਇਲਾਵਾ ਕਈ ਸਾਲਾਂ ਤਕ ਰਾਜ ਤਾਂ ਅਕਾਲੀਆਂ ਨੇ ਹੀ ਕੀਤਾ ਹੈ। ਪੰਜਾਬ ਵਿਚ ਅੱਤਵਾਦ ਦਾ ਜਨਮ ਹੋਇਆ, ਸਾਕਾ ਨੀਲਾ ਤਾਰਾ ਹੋਇਆ ਅਤੇ ਸਿੱਖਾਂ ਦਾ ਕਤਲੇਆਮ ਹੋਇਆ, ਡਰੱਗ ਮਾਫੀਆ ਵਧਿਆ, ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗਣ ਲੱਗਾ। ਅੱਜ ਪੰਜਾਬ ਦੇ 60 ਲੱਖ ਨੌਜਵਾਨ ਬੇਰੋਜ਼ਗਾਰ ਹਨ ਅਤੇ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ।

ਉਨ੍ਹਾਂ ਕਿਹਾ ਕਿ ਮੈਨੂੰ ਪ੍ਰਤਾਪ ਬਾਜਵਾ ਤੇ ਸੁਖਬੀਰ ਬਾਦਲ ਨੂੰ ਦੇਖ ਕੇ ਹਾਸਾ ਆਉਂਦਾ ਹੈ ਕਿ ਤੁਹਾਡੇ ਪੁਰਖੇ ਵੀ ਸਿਆਸੀ ਆਗੂ ਰਹੇ ਹਨ ਪਰ ਸਾਡੇ ਪੁਰਖੇ ਕੋਈ ਸਿਆਸੀ ਆਗੂ ਨਹੀਂ ਸਨ। ਅਸੀਂ ਤਾਂ ਸਿਰਫ਼ ਭਗਵੰਤ ਸਿੰਘ ਮਾਨ ਦੀ ਸਰਕਾਰ ਹਾਂ ਜੋ ਸਿਰਫ਼ 3 ਮਹੀਨੇ ਪਹਿਲਾਂ ਹੀ ਸੱਤਾ ਵਿਚ ਆਈ ਹੈ ਅਤੇ ਅਸੀਂ 3 ਮਹੀਨਿਆਂ ਵਿਚ ਤਜਰਬਾ ਕਰ ਕੇ ਵਿਖਾ ਦਿੱਤਾ। ਸੁਖਬੀਰ ਬਾਦਲ ਤੇ ਕਾਂਗਰਸੀ ਦੱਸਣ ਕਿ ਉਨ੍ਹਾਂ 75 ਸਾਲਾਂ ਵਿਚ ਕਿਤੇ 5 ਮਰਲੇ ਜ਼ਮੀਨ ਵੀ ਛੁਡਵਾਈ ਹੈ? ਇਨ੍ਹਾਂ ਦੇ ਤਜਰਬਿਆਂ ਨੇ ਜਾਂ ਤਾਂ ਜ਼ਮੀਨ ’ਤੇ ਕਬਜ਼ਾ ਕੀਤਾ ਹੈ ਜਾਂ ਦੂਜਿਆਂ ਤੋਂ ਲਿਆ ਹੈ।

ਪੜ੍ਹੋ ਇਹ ਵੀ ਖ਼ਬਰ: ਸਿੱਧੂ ਮੂਸੇਵਾਲਾ ਦੇ ਜਨਮ ਦਿਨ ’ਤੇ ਰਾਜਾ ਵੜਿੰਗ ਨੇ ਸਾਂਝੀ ਕੀਤੀ ਪੋਸਟ, ਕਿਹਾ-ਤੇਰੀ ਮੌਤ ਦਾ ਇਨਸਾਫ਼ ਦਵਾ ਕੇ ਰਹਾਂਗਾ

ਦੋਸ਼ ਲਾਉਣ ਵਾਲੇ ਆਗੂ ਪਹਿਲਾਂ ਇਹ ਦੱਸਣ ਕਿ ਗੈਂਗਸਟਰਾਂ ਨੂੰ ਕਿਸ ਨੇ ਪੈਦਾ ਕੀਤਾ?
ਜਦੋਂ ਮੰਤਰੀ ਨੂੰ ਪੁੱਛਿਆ ਗਿਆ ਕਿ ਇਹ ਨੇਤਾ ਤੁਹਾਨੂੰ ਇਸ ਲਈ ਘੇਰਦੇ ਹਨ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਦਾ ਜਨਾਜਾ ਨਿਕਲ ਗਿਆ ਹੈ। ਸਿੱਧੂ ਮੂਸੇਵਾਲਾ ਦਾ ਕਤਲ ਸਭ ਤੋਂ ਵੱਡੀ ਉਦਾਹਰਣ ਹੈ। ਚੋਰੀਆਂ ਤੇ ਲੁੱਟਾਂ-ਖੋਹਾਂ ਹੋ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਫ਼ਸਰਸ਼ਾਹੀ ਤੇ ਕਾਨੂੰਨ ਵਿਵਸਥਾ ’ਚ ਪੁਲਸ ਦਾ ਬੋਲਬਾਲਾ ਹੈ, ਫਿਰ ਪੰਜਾਬ ’ਚ ਅਜਿਹੀ ਸਥਿਤੀ ਕਿਉਂ ਹੈ? ਇਸ ’ਤੇ ਧਾਲੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਬਣੀ ਨੂੰ ਤਾਂ ਅਜੇ 3 ਮਹੀਨੇ ਹੋਏ ਹਨ ਪਰ ਗੈਂਗਸਟਰ ਤਾਂ 15 ਸਾਲਾਂ ਤੋਂ ਅਪਰਾਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੋਸ਼ ਲਾਉਣ ਵਾਲੇ ਇਹ ਆਗੂ ਦੱਸਣ ਕਿ ਗੈਂਗਸਟਰ ਤੇ ਡਰੱਗ ਮਾਫੀਆ ਨੂੰ ਪੈਦਾ ਕਿਸ ਨੇ ਕੀਤਾ ਹੈ।

ਧਾਲੀਵਾਲ ਨੇ ਕਿਹਾ ਕਿ ਜਿੰਨਾ ਕੰਮ ਮਾਨ ਸਰਕਾਰ ਨੇ 3 ਮਹੀਨਿਆਂ ਵਿਚ ਕੀਤਾ ਹੈ, ਦੋਸ਼ ਲਾਉਣ ਵਾਲੇ ਆਗੂ 5-5 ਸਾਲ ਵਿਚ ਇੰਨਾ ਕੰਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਵਿਚ ਨਵੇਂ ਸੀ। ਨਵੀਂ ਪ੍ਰਣਾਲੀ ਨੂੰ ਸਮਝਣਾ ਅਤੇ ਅਫ਼ਸਰਸ਼ਾਹੀ ਨੂੰ ਕੰਟਰੋਲ ’ਚ ਕਰਨਾ, ਇਸ ਤੋਂ ਇਲਾਵਾ ਪੁਲਸ ਦੇ ਕਈ ਵਿੰਗ ਹਨ, ਜਿਨ੍ਹਾਂ ਨੂੰ ਕੰਟਰੋਲ ’ਚ ਕਰਨ ਵਿਚ ਕੁਝ ਸਮਾਂ ਲੱਗ ਗਿਆ। ਭਗਵੰਤ ਮਾਨ ਸਰਕਾਰ ਦੀ ਨੀਅਤ ਚੰਗੀ ਹੈ ਅਤੇ ਅਸੀਂ ਦਾਅਵਾ ਕਰਦੇ ਹਾਂ ਕਿ ਪੰਜਾਬ ਦੇ ਹਾਲਾਤ ਸੁਖਾਵੇਂ ਬਣਾਵਾਂਗੇ। ਉਨ੍ਹਾਂ ਕਿਹਾ ਕਿ ਇਹ ਲੋਕ ਕਹਿੰਦੇ ਹਨ ਕਿ ਅਸੀਂ ਫੁਲ ਟਰੇਂਡ ਡਰਾਈਵਰ ਸੀ, ਇਸ ’ਤੇ ਉਨ੍ਹਾਂ ਵਿਅੰਗ ਕੱਸਦਿਆਂ ਕਿਹਾ ਕਿ ਤੁਸੀਂ ਤਾਂ ਫੁਲ ਟਰੇਂਡ ਡਰਾਈਵਰ ਸੀ ਘਪਲਿਆਂ ਵਿਚ, ਤਾਂ ਹੀ ਲੋਕਾਂ ਨੇ ਆਮ ਆਦਮੀ ਪਾਰਟੀ ਦੇ 92 ਵਿਧਾਇਕ ਚੁਣ ਕੇ ਵਿਧਾਨ ਸਭਾ ’ਚ ਭੇਜੇ ਹਨ।

ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ਬਰ: ਜਥੇਦਾਰ ਹਰਪ੍ਰੀਤ ਸਿੰਘ ਦੀ Z ਸੁਰੱਖਿਆ ’ਚ ਸਿੱਖ ਕਮਾਂਡੋ ਸ਼ਾਮਲ

‘ਆਪ’ ਉਮੀਦਵਾਰ ਨੂੰ ਹੀ ਮਿਲੇਗੀ ਸੰਗਰੂਰ ਦੀ ਡਰਾਈਵਰੀ
ਹੁਣ ਸੰਗਰੂਰ ਦੀ ਡਰਾਈਵਰੀ ਕਿਸ ਨੂੰ ਮਿਲੇਗੀ ਤਾਂ ਉਨ੍ਹਾਂ ਕਿਹਾ ਕਿ ਯਕੀਨੀ ਤੌਰ ’ਤੇ ਸੰਗਰੂਰ ਦੀ ਡਰਾਈਵਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹੀ ਮਿਲੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਗੱਲ ਤਾਂ ਉਸ ਦੇ ਆਪਣੇ ਕਾਂਗਰਸੀ ਨੇਤਾ ਹੀ ਨਹੀਂ ਸੁਣ ਰਹੇ ਅਤੇ ਹਾਸੋਹੀਣੀ ਸਥਿਤੀ ਬਣੀ ਹੋਈ ਹੈ। ਇਹੀ ਹਾਲ ਭਾਜਪਾ ਦਾ ਹੈ।

ਸਿਸਵਾਂ ਜ਼ਮੀਨ ਮਾਮਲਾ : ਅਦਾਲਤ ਦੇ ਹੁਕਮ ਦਾ ਸਨਮਾਨ ਕਰਦੇ ਹਾਂ, ਪੇਸ਼ ਹੋਵਾਂਗੇ
ਸਿਸਵਾਂ ’ਚ ਪੰਚਾਇਤੀ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਉਣ ਦੇ ਮਾਮਲੇ ਵਿਚ ਪੰਚਾਇਤ ਮੰਤਰੀ ਧਾਲੀਵਾਲ ਨੂੰ ਵੀ ਤਲਬ ਕੀਤਾ ਗਿਆ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਇਸ ਮਾਮਲੇ ਵਿਚ ਪਾਰਟੀ ਕਿਉਂ ਬਣਾਇਆ ਗਿਆ ਹੈ ਤਾਂ ਉਨ੍ਹਾਂ ਕਿਹਾ ਕਿ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ। ਮਾਣਯੋਗ ਅਦਾਲਤ ਦੇ ਹੁਕਮਾਂ ਦਾ ਆਦਰ ਕਰਦੇ ਹੋਏ ਅਸੀਂ ਅਦਾਲਤ ਵਿਚ ਜ਼ਰੂਰ ਪੇਸ਼ ਹੋਵਾਂਗੇ। ਸਾਰਾ ਕੰਮ ਕਾਨੂੰਨ ਦੇ ਅਨੁਸਾਰ ਹੋਇਆ ਹੈ ਅਤੇ ਮੈਨੂੰ ਇਸ ਮਾਮਲੇ ਵਿਚ ਪਾਰਟੀ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਅਸੀਂ ਜਿੱਥੇ ਵੀ ਜ਼ਮੀਨ ਨੂੰ ਕਬਜ਼ਾ-ਮੁਕਤ ਕਰਵਾਉਣ ਜਾਂਦੇ ਹਾਂ, ਕਾਨੂੰਨੀ ਪ੍ਰਕਿਰਿਆ ਪੂਰੀ ਕਰ ਕੇ ਜਾਂਦੇ ਹਾਂ ਅਤੇ ਤਹਿਸੀਲਦਾਰ ਤੇ ਪਟਵਾਰੀ ਵੀ ਨਾਲ ਜਾਂਦੇ ਹਨ। ਪੰਜਾਬ ਦੀ 50 ਹਜ਼ਾਰ ਏਕੜ ਜ਼ਮੀਨ ’ਤੇ ਕਬਜ਼ਾ ਹੈ, ਜਿਸ ਨੂੰ ਮੁਕਤ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਮਾਨ ਸਾਹਿਬ ਦਾ ਹੁਕਮ ਹੈ ਕਿ ਕਿਸੇ ਗਰੀਬ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


rajwinder kaur

Content Editor

Related News