ਦਰੱਖਤਾਂ ਦੀ ਛੰਗਾਈ ਲਈ 40 ਲੱਖ ਦੀਆਂ ਖਰੀਦੀਆਂ ਜਾਣਗੀਆਂ ਮਸ਼ੀਨਾਂ

Wednesday, Aug 01, 2018 - 02:59 PM (IST)

ਮੋਹਾਲੀ (ਨਿਆਮੀਆਂ) : ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮੋਹਾਲੀ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ ਤੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਅਤੇ ਰਾਜ 'ਚ ਨਸ਼ਿਆਂ ਦੇ ਖਾਤਮੇ ਲਈ ਆਰੰਭੇ ਕਾਰਜਾਂ 'ਤੇ ਵਿਸ਼ੇਸ਼ ਤੌਰ 'ਤੇ ਫੋਕਸ ਕੀਤਾ ਜਾਵੇਗਾ, ਤਾਂ ਜੋ ਮੋਹਾਲੀ ਸ਼ਹਿਰ ਦੇਸ਼ ਦੇ ਸੁੰਦਰ ਸ਼ਹਿਰਾਂ 'ਚੋਂ ਗਿਣਿਆ ਜਾ ਸਕੇ। 
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਪਸ਼ੂ ਧਨ ਕੰਪਲੈਕਸ ਮੋਹਾਲੀ ਵਿਖੇ ਸਿਟੀਜ਼ਨ ਵੈੱਲਫੇਅਰ ਐਂਡ ਡਿਵੈੱਪਲਮੈਂਟ ਫਰੋਮ ਦੇ ਅਹੁਦੇਦਾਰਾਂ ਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। 
ਸਿੱਧੂ ਨੇ ਦੱਸਿਆ ਕਿ ਸ਼ਹਿਰ 'ਚ ਦਰੱਖਤਾਂ ਦੀ ਪਰੂਨਿੰਗ (ਛੰਗਾਈ) ਕਰਨ ਲਈ ਚੰਡੀਗੜ੍ਹ ਦੀ ਤਰਜ਼ 'ਤੇ 40 ਲੱਖ ਰੁਪਏ ਦੀ ਲਾਗਤ ਨਾਲ ਦੋ ਮਸ਼ੀਨਾਂ ਖਰੀਦੀਆਂ ਜਾਣਗੀਆਂ, ਜਿਸ ਨਾਲ ਦਰਪੇਸ਼ ਮੁਸ਼ਕਲਾਂ ਦਾ ਛੁਟਕਾਰਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਮੋਹਾਲੀ ਵਿਖੇ 374 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮੈਡੀਕਲ ਕਾਲਜ ਤੇ ਸਰਕਾਰੀ ਹਸਪਤਾਲ ਨੂੰ 200 ਬਿਸਤਰਿਆਂ ਦਾ ਹਸਪਤਾਲ ਕਰਨ ਨਾਲ ਇਸ ਖਿੱਤੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲਣਗੀਆਂ ਤੇ ਇਹ ਸ਼ਹਿਰ ਮੈਡੀਕਲ ਸਹੂਲਤਾਂ ਦਾ ਧੁਰਾ ਬਣ ਜਾਵੇਗਾ।


Related News