ਸੱਪ ਦੇ ਡੰਗਣ ’ਤੇ ਇਲਾਜ ਸੰਭਵ, ਤੁਰੰਤ ਲਓ ਮੈਡੀਕਲ ਸਹਾਇਤਾ
Monday, Sep 15, 2025 - 10:58 AM (IST)

ਬਠਿੰਡਾ (ਸੁਖਵਿੰਦਰ) : ਸਿਹਤ ਵਿਭਾਗ ਵੱਲੋਂ ਸੱਪ ਦੇ ਡੰਗਣ ਦੀ ਸੂਰਤ ’ਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਨੇ ਡਾ. ਤਪਿੰਦਰਜੋਤ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਸੱਪਾਂ ਦੇ ਡੰਗਣ ਦੇ ਮਾਮਲੇ ਆਮ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸੱਪਾਂ ਦੇ ਡੰਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਐਮਰਜੈਂਸੀ ਮੈਡੀਕਲ ਸੇਵਾ ਸ਼ੁਰੂ ਕੀਤੀਆ ਗਈਆ ਹਨ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਸੀ. ਐੱਚ. ਸੀ. ਅਤੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿਚ ਐਂਟੀ ਸੱਪ ਜ਼ਹਿਰ ਦੇ ਟੀਕੇ ਉਪਲਬੱਧ ਹਨ ਅਤੇ ਮਰੀਜ਼ਾਂ ਨੂੰ ਬਿਨਾਂ ਕਿਸੇ ਦੇਰੀ ਦੇ ਟੀਕੇ ਲਗਾਉਣੇ ਚਾਹੀਦੇ ਹਨ।
ਸੱਪ ਦੇ ਡੰਗਣ ’ਤੇ ਲਓ ਮੈਡੀਕਲ ਸਹੂਲਤ
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸੱਪ ਦੇ ਡੰਗਣ ਤੋਂ ਬਾਅਦ ਪੀੜਤ ਨੂੰ ਗੈਰ-ਸਿੱਖਿਅਤ ਲੋਕਾਂ ਕੋਲ ਜਾਣ ਦੀ ਬਜਾਏ ਸਰਕਾਰੀ ਹਸਪਤਾਲ ਜਾਣਾ ਚਾਹੀਦਾ ਹੈ। ਸੱਪਾਂ ਦੇ ਡੰਗਣ ਦੀ ਸਥਿਤੀ ਵਿਚ ਤੁਰੰਤ ਪੀੜਤ ਨੂੰ ਹਸਪਤਾਲ ਲੈ ਜਾਓ ਤੇ ਮਾਹਰ ਡਾਕਟਰ ਕੋਲੋਂ ਹੀ ਇਲਾਜ ਕਰਵਾਉਣਾ ਚਾਹੀਦਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਪੀੜਤ ਨੂੰ ਹੌਂਸਲਾ ਦਿੰਦੇ ਰਹੋ ਅਤੇ ਸਪਲਿੰਟ ਦੀ ਮਦਦ ਨਾਲ ਅੰਗ ਨੂੰ ਸਥਿਰ ਰੱਖੋ।
ਸੱਪ ਦੇ ਡੰਗਣ ਦੀ ਸੂਰਤ ’ਚ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸੱਪ ਦੇ ਡੰਗੇ ਦਾ ਇਲਾਜ ਸੰਭਵ ਹੈ।
ਜਿਸ ਥਾਂ ’ਤੇ ਸੱਪ ਨੇ ਡੰਗ ਮਾਰਿਆ ਹੈ, ਉਸ ਥਾਂ ਨੂੰ ਨਾ ਤਾਂ ਕੱਟੋ ਤੇ ਨਾ ਹੀ ਮੂੰਹ ਨਾਲ ਜ਼ਹਿਰ ਕੱਢਣ ਦੀ ਕੋਸ਼ਿਸ਼ ਕਰੋ।
ਡੰਗ ਵਾਲੀ ਥਾਂ ’ਤੇ ਨਾ ਤਾਂ ਬਰਫ ਲਗਾਓ ਤੇ ਨਾ ਹੀ ਮਾਲਿਸ਼ ਕਰੋ।
ਰਾਤ ਦੇ ਸਮੇਂ ਹਮੇਸ਼ਾ ਟਾਰਚ ਦੀ ਵਰਤੋਂ ਕੀਤੀ ਜਾਵੇ।